ਲੁਧਿਆਣਾ, 11 ਫਰਵਰੀ (ਟੀ. ਕੇ.) ਸ਼ਹੀਦ ਕਰਨੈਲ ਸਿੰਘ ਈਸੜੂ ਭਵਨ ਲੁਧਿਆਣਾ ਵਿਖੇ ਪੰਜਾਬ ਪੈਨਸ਼ਨਰਜ਼ ਯੂਨੀਅਨ ਜ਼ਿਲਾ ਲੁਧਿਆਣਾ ਦੀ ਮੀਟਿੰਗ ਸਾਥੀ ਪਵਿੱਤਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਸੂਬਾ ਪ੍ਰਧਾਨ ਗੁਰਮੇਲ ਸਿੰਘ ਮੈਲਡੇ , ਜਨਰਲ ਸਕੱਤਰ ਅਵਤਾਰ ਸਿੰਘ ਗਗੜਾ ਸ਼ਾਮਲ ਹੋਏ। ਮੀਟਿੰਗ ਵਿੱਚ ਪੰਜਾਬ ਸਰਕਾਰ ਦੀਆਂ ਪੈਨਸ਼ਨਰਜ਼ ਮੁਲਾਜਮ ਵਿਰੋਧੀ ਨੀਤੀਆਂ ਦੀ ਨਿੰਦਾ ਕੀਤੀ ਗਈ, ਕਿਉਂਕਿ ਪੰਜਾਬ ਸਰਕਾਰ ਪੈਨਸ਼ਨਰ ਲਈ ਪੈਨਸ਼ਨ ਸੋਧ ਫਾਰਮੂਲਾ 2.59 ਲਾਗੂ ਕਰਨ ਲਈ ਕੰਨੀ ਕਤਰਾ ਰਹੀ ਹੈ। ਕੇਂਦਰੀ ਪੈਟਨਰ 'ਤੇ ਡੀ. ਏ. ਦੇਣ ਵੱਲ ਕੋਈ ਧਿਆਨ ਨਹੀ ਦਿੱਤਾ ਜਾ ਰਿਹਾ। ਪੰਜਾਬ ਸਰਕਾਰ 38 ਪ੍ਰਤੀਸ਼ਤ ਡੀ. ਏ. ਦੇ ਰਹੀ ਹੈ, ਜਦ ਕਿ ਗੁਆਂਢੀ ਸੂਬੇ 46 ਪ੍ਰਤੀਸ਼ਤ ਡੀ. ਏ. ਦੀ ਅਦਾਇਗੀ ਕਰ ਰਹੇ ਹਨ ਅਤੇ ਪੇ-ਕਮਿਸ਼ਨ ਦਾ ਏਰੀਅਰ ਵੀ ਨਹੀਂ ਦਿੱਤਾ ਜਾ ਰਿਹਾ। ਮੀਟਿੰਗ ਨੂੰ ਹੋਰਨਾਂ ਤੋਂ ਇਲਾਵਾ ਚਰਨ ਸਿੰਘ ਸਰਾਭਾ, ਜਗਮੇਲ ਸਿੰਘ ਪੱਖੋਵਾਲ, ਅਰਮਿੰਦਰ ਸਿੰਘ, ਦਰਸ਼ਨ ਸਿੰਘ ਥਰੀਕੇ, ਅਵਤਾਰ ਸਿੰਘ ਗਗੜਾ ਅਤੇ ਗੁਰਮੇਲ ਸਿੰਘ ਮੈਲਡੇ ਨੇ ਸੰਬੋਧਨ ਕੀਤਾ। ਇਸ ਮੌਕੇ 70 ਸਾਲ ਦੀ ਉਮਰ ਵਾਲੇ ਦੇ ਮੈਂਬਰ ਸ੍ਰੀ ਸਕਿੰਦਰ ਸਿੰਘ ਬੁਆਣੀ ਅਤੇ ਰਣਜੋਧ ਸਿੰਘ ਲਾਟੋ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਰਵਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ 16 ਫਰਵਰੀ ਦੇ ਭਾਰਤ ਬੰਦ ਵਿੱਚ ਸ਼ਾਮਲ ਹੋਵਾਂਗੇ ਅਤੇ 26 ਫਰਵਰੀ ਨੂੰ ਲੁਧਿਆਣਾ ਵਿੱਚ ਸਰਕਾਰੀ, ਅਰਧ ਸਰਕਾਰੀ ਪੈਨਸ਼ਨਰਜ਼ ਵੱਲੋ ਵਿਸ਼ਾਲ ਰੈਲੀ ਵਿੱਚ ਵੱਧ ਚੜ੍ਹ ਕੇ ਸ਼ਾਮਲ ਹੋਣ ਦਾ ਫੈਸਲਾ ਕੀਤਾ ਗਿਆ ਤਾਂ ਕਿ ਸਰਕਾਰ ਪੈਨਸ਼ਨਰ ਦੀਆਂ ਉਕਤ ਮੰਗਾਂ ਦੀ ਪੂਰਤੀ ਕਰੇ, ਆਉਣ ਵਾਲੇ ਸਮੇਂ ਵਿੱਚ ਪੰਜਾਬ ਸਰਕਾਰ ਵਿਰੁੱਧ ਸੰਘਰਸ਼ ਤੇਜ ਕੀਤਾ ਜਾਵੇਗਾ।