You are here

ਅਦਾਲਤ ਵਲੋਂ ਏਆਈਜੀ ਦੀ ਰਿਪੋਰਟ ਰੱਦ! ਮਹਿਲਾ ਅਧਿਕਾਰੀ ਤੋਂ ਤਫਤੀਸ਼ ਕਰਵਾਉਣ ਦੇ ਹੁਕਮ! 

652 ਦਿਨਾਂ ਤੋਂ ਥਾਣੇ ਮੂਹਰੇ ਧਰਨਾ ਜਾਰੀ!

ਜਗਰਾਉਂ  03 ਫਰਵਰੀ  (ਕੁਲਦੀਪ ਸਿੰਘ ਕੋਮਲ/ਮੋਹਿਤ ਗੋਇਲ )  ਪੁਲਿਸ ਅੱਤਿਆਚਾਰ ਖਿਲਾਫ ਪੀੜਤਾਂ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਵਰਕਰਾਂ ਵਲੋਂ ਥਾਣੇ ਮੂਹਰੇ ਧਰਨਾ ਦਿੱਤਾ ਗਿਆ ਅਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਤੇ ਪੀੜਤਾਂ ਨੂੰ ਮੁਆਵਜ਼ਾ ਦੇਣ ਦੀ ਮੰਗ ਕੀਤੀ ਗਈ। ਕੇਕੇਯੂ ਦੇ ਜ਼ਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ, ਸੀਟੂ ਆਗੂ ਕਾਮਰੇਡ ਨਿਰਮਲ ਸਿੰਘ ਧਾਲੀਵਾਲ, ਬਲਾਕ ਪ੍ਰਧਾਨ ਬਲਵਿੰਦਰ ਸਿੰਘ ਕੋਠੇ ਪੋਨਾ ਨੇ ਸਪੈਸ਼ਲ ਕੋਰਟ ਦੇ ਹੁਕਮਾਂ ਦੀ ਕਾਪੀ ਪ੍ਰੈਸ ਨੂੰ ਦਿਖਾਉਂਦਿਆਂ ਕਿਹਾ ਕਿ ਅਦਾਲਤ ਨੇ ਮੁਕੱਦਮੇ ਦੇ ਦੋਸ਼ੀਆਂ ਨੂੰ ਬਚਾਉਣ ਵਾਲੇ ਤਫਤੀਸੀ ਏਆਈਜੀ ਦੀ ਅਖਰਾਜ਼ ਰਿਪੋਰਟ ਰੱਦ ਕਰਕੇ ਚਪੇੜ ਮਾਰੀ ਹੈ। ਦੱਸਣਯੋਗ ਹੈ ਕਿ ਪੁਲਿਸ ਹਿਰਾਸਤ ਵਿੱਚ ਅੱਤਿਆਚਾਰ ਦੇ ਇਸ ਮਾਮਲੇ ਸਬੰਧੀ ਦਰਜ 274/21 ਮੁਕੱਦਮੇ ਨੂੰ ਕੈਂਸਲ ਕਰਕੇ ਅਖਰਾਜ਼ ਰਿਪੋਰਟ 28 ਮਾਰਚ 2023 ਨੂੰ ਅਦਾਲਤ ਅੱਗੇ ਪੇਸ਼ ਕਰ ਦਿੱਤੀ ਸੀ ਜੋਕਿ ਅਦਾਲਤ ਨੇ ਨਾ-ਮਨਜੂਰ ਕਰਦਿਆਂ ਮਹਿਲਾ ਅਧਿਕਾਰੀ ਤੋਂ ਮੁੜ ਤਫਤੀਸ਼ ਕਰਵਾਉਣ ਦੇ ਹੁਕਮ ਦਿੱਤੇ ਹਨ। ਆਗੂਆਂ ਨੇ ਗ਼ਲਤ ਤੇ ਝੂਠੀ ਰਿਪੋਰਟ ਕਰਨ ਵਾਲੇ ਤਫਤੀਸ਼ੀ ਅਧਿਕਾਰੀ ਰਹੇ ਏਆਈਜੀ ਬਲਵੀਰ ਸਿੰਘ ਭੱਟੀ ਖਿਲਾਫ਼ ਧਾਰਾ 166-ਏ ਅਧੀਨ ਮੁਕੱਦਮਾ ਦਰਜ ਕਰਨ ਦੀ ਮੰਗ ਵੀ ਕੀਤੀ। ਇਥੇ ਇਹ ਦੱਸਣਾ ਵੀ ਯੋਗ ਹੋਵੇਗਾ ਕਿ ਪੀੜਤ ਪਰਿਵਾਰ ਤੇ ਆਗੂ ਸ਼ੁਰੂ ਤੋਂ ਹੀ ਏਆਈਜੀ 'ਤੇ ਪੱਖਪਾਤ ਕਰਨ ਦੇ ਇਲਜ਼ਾਮ ਲਗਾ ਰਹੇ ਸਨ। ਪੀੜਤਾਂ ਨੇ ਏਆਈਜੀ ਖਿਲਾਫ ਕਾਰਵਾਈ ਲਈ ਵਿਜੀਲੈਂਸ ਵਿਭਾਗ ਅਤੇ ਉੱਚ ਪੁਲੀਸ ਅਧਿਕਾਰੀਆਂ ਨੂੰ ਸ਼ਿਕਾਇਤਾਂ ਵੀ ਭੇਜੀਆਂ ਹੋਈਆਂ ਹਨ। ਇਸ ਸਮੇਂ ਪੀੜ੍ਹਤ ਮਾਤਾ ਸੁਰਿੰਦਰ ਕੌਰ, ਪੀੜਤਾ ਮਨਪ੍ਰੀਤ ਕੌਰ, ਵਿੱਤ ਸਕੱਤਰ ਜਗਰੂਪ ਸਿੰਘ ਝੋਰੜਾਂ, ਸਕੱਤਰ ਸਾਧੂ ਸਿੰਘ ਅੱਚਰਵਾਲ, ਬਲਾਕ ਪ੍ਰਧਾਨ ਬਲਵਿੰਦਰ ਸਿੰਘ ਕੋਠੇ ਪੋਨਾ ਤੇ ਮੁਦਈ ਮੁਕੱਦਮਾ ਇਕਬਾਲ ਸਿੰਘ ਰਸੂਲਪੁਰ ਹਾਜ਼ਰ ਸਨ।