ਲੁਧਿਆਣਾ 19 ਜਨਵਰੀ(ਟੀ. ਕੇ.) ਪੀ.ਏ.ਯੂ. ਦੇ ਸਕਿੱਲ ਡਿਵੈਲਪਮੈਂਟ ਸੈਂਟਰ ਵੱਲੋ ਪੰਜਾਬ ਦੇ ਕਿਸਾਨਾਂ ਅਤੇ ਕਿਸਾਨ ਬੀਬੀਆਂ ਲਈ ‘ਫਲਾਂ ਅਤੇ ਸਬਜ਼ੀਆਂ ਦੀ ਘਰੇਲੂ ਪੱਧਰ ਤੇ ਸਾਂਭ-ਸੰਭਾਲ ਕਰਨ ਸਬੰਧੀ’ ਪੰਜ ਦਿਨਾਂ ਸਿਖਲਾਈ ਕੋਰਸ ਭੋਜਨ ਅਤੇ ਤਕਨਾਲੋਜੀ ਵਿਭਾਗ ਦੇ ਸਹਿਯੋਗ ਨਾਲ ਲਗਾਇਆ ਗਿਆ| ਡਾ. ਰੁਪਿੰਦਰ ਕੌਰ, ਐਸੋਸੀਏਟ ਡਾਇਰੈਕਟਰ (ਸਕਿੱਲ ਡਿਵੈਲਪਮੈਂਟ) ਨੇ ਦੱਸਿਆ ਕਿ ਇਸ ਸਿਖਲਾਈ ਕੋਰਸ ਵਿੱਚ 17 ਸਿਖਿਆਰਥੀਆਂ ਨੇ ਭਾਗ ਲਿਆ| ਡਾ. ਪ੍ਰੇਰਨਾ ਕਪਿਲਾ, ਕੋਰਸ ਕੋਆਰਡੀਨੇਟਰ ਨੇ ਦੱਸਿਆ ਕਿ ਇਸ ਕੋਰਸ ਦੌਰਾਨ ਸਿਖਿਆਰਥੀਆਂ ਨੂੰ ਫਲਾਂ ਅਤੇ ਸਬਜ਼ੀਆਂ ਤੋਂ ਵੱਖ-ਵੱਖ ਉਤਪਾਦ ਬਨਾਉਣ ਦੀ ਜਾਣਕਾਰੀ ਦਿਤੀ ਗਈ ਜਿਵੇਂ ਕਿ ਆਵਲਾ ਕੈਂਡੀ, ਗਾਜਰਾਂ ਦਾ ਮੁਰੱਬਾ, ਟਮਾਟਰ ਜੂਸ, ਟਮਾਟਰ ਪਿਉਰੀ ਤੇ ਸੌਸ , ਸ਼ੁਕਐਸ਼ ਤੇ ਨੈਕਟਰ, ਪਾਪੜ ਵੜੀਆਂ, ਫਰੂਟ ਜੈਮ, ਅਮਰੂਦ ਦੀ ਜੈਲੀ, ਸਬਜ਼ੀਆਂ ਦਾ ਰਲਿਆ ਮਿਲਿਆ ਆਚਾਰ ਆਦਿ |ਡਾ. ਅਰਸ਼ਦੀਪ ਸਿੰਘ, ਤਕਨੀਕੀ ਕੋਆਰਡੀਨੇਟਰ ਨੇ ਕਿਹਾ ਕਿ ਫਲਾਂ ਅਤੇ ਸਬਜ਼ੀਆਂ ਨੂੰ ਲੰਮੇ ਸਮੇਂ ਲਈ ਸੰਭਾਲ ਕੇ ਰੱਖਣਾ ਬਹੁਤ ਮਹੱਤਵ ਪੂਰਨ ਹੈ| ਉਹਨਾ ਸਿਖਿਆਰਥੀਆਂ ਨੂੰ ਵਪਾਰਿਕ ਪੱਧਰ ਤੇ ਇਸ ਧੰਦੇ ਨੂੰ ਸ਼ੁਰੂ ਕਰਨ ਲਈ ਪ੍ਰੇਰਿਤ ਕੀਤਾ| ਸਿਖਿਆਰਥੀ ਘਰੇਲੂ ਪੱਧਰ ਤੇ ਵੀ ਆਪਣੇ ਪਰਿਵਾਰਾਂ ਲਈ ਸ਼ੁਧ ਅਤੇ ਪੌਸ਼ਟਿਕ ਪਕਵਾਨ ਪ੍ਰਦਾਨ ਕਰ ਸਕਦੇ ਹਨ| ਜਿਹੜੇ ਸਿਖਿਆਰਥੀ ਇਸ ਧੰਦੇ ਨੂੰ ਵਪਾਰਿਕ ਪੱਧਰ ਤੇ ਸ਼ੁਰੂ ਕਰਨਾ ਚਾਹੁੰਦੇ ਹਨ ਤਾਂ ਸਾਡੇ ਵਿਭਾਗ ਤੋਂ ਮਦਦ ਲੈ ਸਕਦੇ ਹਨ|ਇਸ ਕੋਰਸ ਦੌਰਾਨ ਵੱਖ-ਵੱਖ ਮਾਹਰਾਂ ਡਾ. ਹਨੂੰਮਾਨ ਬੋਬੜੇ, ਡਾ. ਵਿਕਾਸ ਕੁਮਾਰ, ਡਾ. ਜਗਬੀਰ ਰੀਹਲ, ਡਾ. ਸੁਖਪ੍ਰੀਤ ਕੌਰ ਅਤੇ ਡਾ. ਨੇਹਾ ਬੱਬਰ ਨੇ ਅਪਣੇ ਤਜਰਬੇ ਸਿਖਿਆਰਥੀਆਂ ਨਾਲ ਸਾਝੇ ਕੀਤੇ ਅਤੇ ਪ੍ਰੈਕਟੀਕਲ ਜਾਣਕਾਰੀ ਪ੍ਰਦਾਨ ਕੀਤੀ| ਇਸ ਕੋਰਸ ਦੇ ਕੋ-ਕੋਆਰਡੀਨੇਟਰ ਕੰਵਲਜੀਤ ਕੌਰ ਨੇ ਸਿਖਿਆਰਥੀਆਂ ਨੂੰ ਸਕਿੱਲ ਡਿਵੈਲਪਮੈਂਟ ਸੈਂਟਰ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿਤੀ ਅਤੇ ਸਾਰਿਆਂ ਦਾ ਧੰਨਵਾਦ ਕੀਤਾ|