ਮੁੱਲਾਂਪੁਰ ਦਾਖਾ,31 ਦਸੰਬਰ(ਸਤਵਿੰਦਰ ਸਿੰਘ ਗਿੱਲ)- ਲੋਕ ਕਲਾ ਮੰਚ (ਰਜਿ:) ਮੰਡੀ ਮੁੱਲਾਂਪੁਰ ਵੱਲੋਂ ਗੁਰਸ਼ਰਨ ਕਲਾ ਭਵਨ ਵਿਖੇ ਮਹੀਨੇ ਦੇ ਅਖੀਰਲੇ ਸ਼ਨੀਵਾਰ ਦਾ ਸਮਾਗਮ ਸ਼ਹੀਦ ਊਧਮ ਸਿੰਘ ਜੀ ਦੇ ਜਨਮ ਦਿਨ ਨੂੰ ਸਮੱਰਪਿਤ ਕੀਤਾ ਗਿਆ।ਇਸ ਵਾਰ ਸਮਾਗਮ ਵਿੱਚ ਦੋ ਨਾਟਕਾਂ ਦੀ ਪੇਸ਼ਕਾਰੀ ਕੀਤੀ ਗਈ।ਸਮਾਗਮ ਦੇ ਬਕਾਇਦਾ ਉਦਘਾਟਨ ਦੀ ਰਸਮ ਅਦਾ ਕਰਨ ਦਾ ਸੱਦਾ ਪੰਜਾਬ ਲੋਕ ਸਭਿਆਚਾਰ ਮੰਚ ਦੇ ਪ੍ਰਧਾਨ ਅਮੋਲਕ ਸਿੰਘ,ਅਮਰੀਕਾ ਨਿਵਾਸੀ ਰਸ਼ਪਾਲ ਸਿੰਘ ਤੱਖਰ ਜਿੰਨ੍ਹਾਂ ਨੇ ਭਵਨ ਵਿਖੇ 25 ਕੁਰਸੀਆਂ ਲਗਵਾਈਆਂ ਹਨ,ਇਸ ਤੋਂ ਇਲਾਵਾ ਮਾਸਟਰ ਭਜਨ ਸਿੰਘ,ਸੁਰਿੰਦਰ ਕੌਰ ਗਿੱਲ,ਕੁਲਦੀਪ ਸਿੰਘ ਰਾਜੂ ਜਿਊਲਰ ਵਾਲੇ,ਗੁਰਜੀਤ ਸਿੰਘ,ਜਸਵੰਤ ਜੀਰਖ,ਸੰਤੋਖ ਗਿੱਲ,ਜਰਨੈਲ ਗਿੱਲ,ਜੋਗਿੰਦਰ ਅਜਾਦ ਨੇ ਸਾਂਝੇ ਰੂਪ ਵਿੱਚ ਕੀਤਾ।ਇਸ ਮੌਕੇ ਤੇ ਤੱਖਰ ਪਰਿਵਾਰ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਤੇ ਅਮੋਲਕ ਸਿੰਘ ਨੇ ਸ਼ਹੀਦ ਊਧਮ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਅੱਜ ਦੇਸ਼ ਦੇ ਹਾਕਮ ਦੇਸ਼ ਦੀਆਂ ਧਰਮ ਦੇ ਨਾਮ ਤੇ ਵੰਡੀਆਂ ਪਾਉਣ ਨੂੰ ਫਿਰਦੇ ਨੇ ਅਤੇ ਦੇਸ਼ ਨੂੰ ਸੇਲ ਤੇ ਲਾ ਦਿੱਤਾ ਹੈ।ਇਸ ਉਪਰੰਤ ਕ੍ਰਾਂਤੀ ਕਲਾ ਮੰਚ ਮੋਗਾ ਦੀ ਟੀਮ ਵੱਲੋਂ ਬਲਜੀਤ ਅਟਵਾਲ ਵੱਲੋਂ ਲਿਖਿਤ ਤੇ ਨਿਰਦੇਸ਼ਿਤ ਨਾਟਕ "ਨਦਾਨ ਪਰਿੰਦੇ" ਖੇਡਿਆ ਗਿਆ।ਨਾਟਕ ਨੇ ਦਰਸ਼ਕਾਂ ਨੂੰ ਹਾਸਿਆਂ ਰਾਂਹੀ ਇੱਕ ਗੰਭੀਰ ਵਿਸ਼ੇ ਨਾਲ ਜੋੜੀ ਰੱਖਿਆ।ਨਾਟਕ ਇਹ ਸੁਨੇਹਾ ਦੇਣ ਵਿੱਚ ਕਾਮਯਾਬ ਰਿਹਾ ਕਿ ਜਿੰਦਗੀ ਨੂੰ ਬਦਲਣ ਦਾ ਰਾਹ ਸਿਰਫ਼ ਭਗਤ ਸਿੰਘ ਦੀ ਸੋਚ ਵਾਲਾ ਹੀ ਰਾਹ ਹੈ।ਇਸ ਟੀਮ ਦਾ ਸਨਮਾਨ ਡਾਕਟਰ ਅਮਰਪ੍ਰੀਤ ਦਿਉਲ ਅਤੇ ਡਾਕਟਰ ਰੂਹੀ ਦਿਉਲ ਜੀ ਨੇ ਕੀਤਾ।ਇਸ ਉਪਰੰਤ ਲੋਕ ਕਲਾ ਮੰਚ (ਰਜਿ:)ਮੰਡੀ ਮੁੱਲਾਂਪੁਰ ਦੀ ਟੀਮ ਨੇ ਆਪਣਾ ਪ੍ਰੱਸਿਧ ਨਾਟਕ "ਅੱਲੜ ਉਮਰਾਂ ਘੁੱਪ ਹਨੇਰੇ"ਹਰਕੇਸ਼ ਚੌਧਰੀ ਜੀ ਦੀ ਨਿਰਦੇਸ਼ਨਾਂ ਹੇਠ ਖੇਡਿਆ,ਨਾਟਕ ਨੇ ਦੱਸਿਆ ਨਸ਼ਿਆਂ ਦੇ ਵਿਉਪਾਰੀਆਂ ਦੇ ਚੁੰਗਲ ਵਿੱਚ ਫਸੀ ਜਵਾਨੀ ਕਿੱਦਾਂ ਮੌਤ ਸਹੇੜ ਵਹਿੰਦੀ ਹੈ।ਆਪਣੇ ਘਰਦਿਆਂ ਲਈ ਨਰਕਾਂ ਤੋਂ ਵੀ ਬੱਦਤਰ ਜਿੰਦਗੀ ਜਿਉਣ ਲਈ ਮਜਬੂਰ ਕਰ ਜਾਂਦੀ ਹੈ।ਇਸ ਨਾਟਕ ਦੇ ਪਾਤਰਾਂ ਵਿੱਚ ਕਮਲਜੀਤ ਮੋਹੀ,ਦੀਪਕ ਰਾਏ,ਜੁਝਾਰ ਸਿੰਘ,ਅਨਿਲ ਸੇਠੀ,ਭਾਗ ਸਿੰਘ, ਪਰਦੀਪ ਕੌਰ, ਨੈਨਾ ਸ਼ਰਮਾਂ,ਕੁਲਵਿੰਦਰ ਸਿੰਘ,ਅਭਿਨੈ ਬਾਂਸਲ,ਕਰਨਵੀਰ ਸਿੰਘ,ਭਾਗ ਸਿੰਘ ਨੇ ਆਪਣੀ ਅਦਾਕਾਰੀ ਦੇ ਜੌਹਰ ਦਿਖਾਏ।ਇਸ ਮੌਕੇ ਤੇ ਕੈਲਗਰੀ ਤੋਂ ਉਚੇਰੇ ਰੂਪ ਵਿੱਚ ਪਹੁੰਚੇ ਜਸਪਾਲ ਹੰਸਰਾ ਅਤੇ ਕੁਲਵਿੰਦਰ ਕੌਰ ਦਾ ਸਨਮਾਨ ਕੀਤਾ ਗਿਆ।ਇਸੇ ਲੜੀ ਵਿੱਚ ਅੱਗੇ ਸੰਦੀਪ ਕੌਰ,ਪਰਮਿੰਦਰ ਸਿੰਘ ਗੁਨੀਵ ਕੌਰ,ਤੇਜਵੀਰ ਸਿੰਘ ਦਾ ਵੀ ਲੋਕ ਕਲਾ ਮੰਚ ਵੱਲੋਂ ਸਨਮਾਨ ਕੀਤਾ ਗਿਆ।ਦਰਸ਼ਕਾਂ ਵਿੱਚ ਇਕਬਾਲ ਸਿੰਘ ਲੋਪੋਂ,ਪ੍ਰਗਟ ਸਿੰਘ,ਬਲਵੀਰ ਬਾਸੀਆਂ ,ਗੁਰਮੀਤ ਧਨੋਆ,ਪਰਦੀਪ ਲੋਟੇ,ਜਗਤਾਰ ਹਿੱਸੋਵਾਲ,ਪਵਨ ਕੁਮਾਰ,ਮਾਸਟਰ ਗੁਰਮੀਤ ਸਿੰਘ,ਅੰਜੂ ਚੌਧਰੀ,ਨੀਰਜਾ ਬਾਂਸਲ,ਸੁਮਨ ਮੋਹੀ ਆਦਿ ਨੇ ਹਾਜਰੀ ਭਰੀ ਸਮਾਗਮ ਨੂੰ ਸਫਲ ਬਣਾਇਆ।