ਲੁਧਿਆਣਾ 11 ਦਸੰਬਰ (ਟੀ. ਕੇ.) ਸ਼੍ਰੀ ਨਰਿੰਦਰ ਮੋਦੀ, ਭਾਰਤ ਦੇ ਪ੍ਰਧਾਨ ਮੰਤਰੀ ਵੱਲੋਂ 11 ਦਸੰਬਰ ਨੂੰ ‘Viksit Bharat @2047: Voice of Youth’ ਮੁਹਿੰਮ ਦੀ ਵੀਡੀਓ ਕਾਨਫਰੰਸ ਰਾਹੀਂ ਸ਼ੁਰੂਆਤ ਕੀਤੀ ਗਈ। ਇਸ ਦੇ ਤਹਿਤ ਪ੍ਰਧਾਨ ਮੰਤਰੀ ਨੇ ਮੁਲਕ ਦੇ ਸਾਰੇ ਰਾਜ ਭਵਨਾਂ ਰਾਹੀਂ ਆਯੋਜਿਤ ਕੀਤੀ ਗਈ ਕਾਰਜਸ਼ਾਲਾ ਵਿਚ ਯੂਨੀਵਰਸਿਟੀਆਂ ਦੇ ਉਪ-ਕੁਲਪਤੀਆਂ, ਸੰਸਥਾਵਾਂ ਦੇ ਮੁਖੀਆਂ ਅਤੇ ਅਧਿਆਪਕਾਂ ਨੂੰ ਸੰਬੋਧਿਤ ਕੀਤਾ। ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ, ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਨੇ ਡਾ. ਐਸ ਕੇ ਉੱਪਲ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼, ਡਾ. ਸਰਵਪ੍ਰੀਤ ਸਿਘ ਘੁੰਮਣ, ਡੀਨ, ਵੈਟਨਰੀ ਸਾਇੰਸ ਕਾਲਜ, ਡਾ. ਯਸ਼ਪਾਲ ਸਿੰਘ ਮਲਿਕ, ਡੀਨ, ਕਾਲਜ ਆਫ ਐਨੀਮਲ ਬਾਇਓਤਕਨਾਲੋਜੀ ਅਤੇ ਡਾ. ਮੀਰਾ ਡੀ ਆਂਸਲ, ਡੀਨ, ਕਾਲਜ ਆਫ ਫ਼ਿਸ਼ਰੀਜ਼ ਨੇ ਪੰਜਾਬ ਰਾਜ ਭਵਨ, ਚੰਡੀਗੜ੍ਹ ਵਿਖੇ ਇਸ ਗਤੀਵਿਧੀ ਵਿਚ ਸ਼ਮੂਲੀਅਤ ਕੀਤੀ।
ਡਾ. ਇੰਦਰਜੀਤ ਸਿੰਘ ਨੇ ਕਿਹਾ ਕਿ ਇਹ ਇਕ ਬੜਾ ਵਧੀਆ ਉਪਰਾਲਾ ਹੈ ਜਿਸ ਰਾਹੀਂ ਵਿਦਿਆਰਥੀਆਂ ਕੋਲੋਂ ਨਿਵੇਕਲੇ ਵਿਚਾਰ ਪ੍ਰਾਪਤ ਕੀਤੇ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਸਾਡੇ ਨੌਜਵਾਨ ਸਾਡਾ ਭਵਿੱਖ ਹਨ ਅਤੇ ਰਾਸ਼ਟਰੀ ਯੋਜਨਾਵਾਂ ਦੇ ਨਿਰੂਪਣ ਸੰਬੰਧੀ ਉਨ੍ਹਾਂ ਦੀ ਭਾਗੀਦਾਰੀ ਮੁਲਕ ਲਈ ਲਾਹੇਵੰਦ ਹੋਵੇਗੀ। ਉਨ੍ਹਾਂ ਨੇ ਵਿਭਿੰਨ ਕਾਲਜਾਂ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਵਿਕਸਿਤ ਭਾਰਤ @2047 ਮੁਹਿੰਮ ਵਿਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਡਾ. ਸਰਵਪ੍ਰੀਤ ਸਿੰਘ ਘੁੰਮਣ ਨੇ ਜਾਣਕਾਰੀ ਦਿੱਤੀ ਕਿ ਯੂਨੀਵਰਸਿਟੀ ਦੇ ਕੈਂਪਸ ਵਿਖੇ ਸਥਾਪਿਤ ਚਾਰ ਕਾਲਜਾਂ ਅਤੇ ਵੈਟਨਰੀ ਸਾਇੰਸ ਕਾਲਜ, ਰਾਮਪੁਰਾ ਫੂਲ ਤੇ ਖਾਲਸਾ ਕਾਲਜ ਆਫ ਵੈਟਨਰੀ ਅਤੇ ਐਨੀਮਲ ਸਾਇੰਸਜ਼, ਅੰਮ੍ਰਿਤਸਰ ਨੇ ਵੀ ਇਸ ਲਾਈਵ ਸਟ੍ਰੀਮਿੰਗ ਵਿਚ ਭਾਗ ਲਿਆ।
ਯੂਨੀਵਰਸਿਟੀ ਵੱਲੋਂ 11 ਤੋਂ 25 ਦਸੰਬਰ ਦੌਰਾਨ ਕਈ ਗਤੀਵਿਧੀਆਂ ਕਰਵਾਈਆਂ ਜਾਣਗੀਆਂ ਜਿਨ੍ਹਾਂ ਵਿਚ ਵਿਦਿਆਰਥੀਆਂ ਦੀ ਵਿਕਸਿਤ ਭਾਰਤ ਸੰਬੰਧੀ ਭਾਸ਼ਣ ਲੜੀ ਕਰਵਾਈ ਜਾਵੇਗੀ। ਸਮਾਜੀ ਮੀਡੀਆ ਰਾਹੀਂ ਉਨ੍ਹਾਂ ਦੇ ਵਿਚਾਰ ਸਾਂਝੇ ਕੀਤੇ ਜਾਣਗੇ।ਵਾਦ-ਵਿਵਾਦ ਤੇ ਮੌਕੇ ’ਤੇ ਭਾਸ਼ਣਕਾਰੀ ਵਰਗੇ ਅੰਤਰ-ਕਲਾਸ ਮੁਕਾਬਲੇ ਕਰਵਾਏ ਜਾਣਗੇ।