ਸਾਊਥਾਲ/ਲੰਡਨ, ਸਤੰਬਰ 2019-(ਗਿਆਨੀ ਰਵਿਦਾਰਪਾਲ ਸਿੰਘ )-
ਸਿੱਖ ਮਿਸ਼ਨਰੀ ਸੁਸਾਇਟੀ ਸਾਊਥਾਲ ਵਿਖੇ ਪੰਜਾਬ ਦੇ ਵਿਗੜ ਚੁੱਕੇ ਪੰਥਕ ਅਤੇ ਕੌਮੀ ਹਾਲਾਤ ਦੇ ਹੱਲ ਲੱਭਣ ਲਈ 'ਵਿਦੇਸ਼ੀ ਸਿੱਖ ਪੰਜਾਬ ਅਤੇ ਪੰਥ ਦੇ ਲਈ ਕੀ ਕਰ ਸਕਦੇ ਹਨ?' ਵਿਸ਼ੇ 'ਤੇ ਇਕ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ । ਜਿਸ 'ਚ ਸ: ਮਹਿੰਦਰ ਸਿੰਘ ਖਹਿਰਾ, ਅਮਰਜੀਤ ਸਿੰਘ ਖਾਲੜਾ, ਨਿਰਮਲ ਸਿੰਘ ਕੰਧਾਲਵੀ ਅਤੇ ਬੀਬੀ ਕਿਰਨਦੀਪ ਕੌਰ ਨੇ ਮੁੱਖ ਬੁਲਾਰਿਆਂ ਵਜੋਂ ਸ਼ਮੂਲੀਅਤ ਕੀਤੀ । ਸ: ਅਮਰਜੀਤ ਸਿੰਘ ਖਾਲੜਾ ਨੇ ਕਿਹਾ ਕਿ ਸਿੱਖ ਹਮੇਸ਼ਾਂ ਸਰਬੱਤ ਦੇ ਭਲੇ ਲਈ ਜੂਝਦਾ ਹੈ ।ਇਸ ਲਈ ਉਹ ਭਲਾ ਕਰਨ ਤੋਂ ਗੁਰੇਜ਼ ਨਹੀਂ ਕਰ ਸਕਦਾ । ਉਨ੍ਹਾਂ ਕਿਹਾ ਕਿ ਪੰਜਾਬ ਦਾ ਭਲਾ ਤਾਂ ਹੀ ਹੋ ਸਕਦਾ ਹੈ ਜੇ ਸਿੱਖ ਦੀ ਹੋਂਦ ਰਹੇਗੀ । ਸ: ਮਹਿੰਦਰ ਸਿੰਘ ਖਹਿਰਾ ਨੇ ਕਿਹਾ ਕਿ ਸਾਨੂੰ ਭਾਰਤੀ ਸੰਵਿਧਾਨ ਦੀ ਧਾਰਾ 25 ਬੀ 'ਚ ਸੋਧ ਕਰਵਾ ਕੇ ਸਿੱਖਾਂ ਦੀ ਵੱਖਰੀ ਹੋਂਦ ਦਰਸਾਉਣੀ ਜ਼ਰੂਰੀ ਹੈ । ਉਨ੍ਹਾਂ ਕਿਹਾ ਕਿ ਪੰਥ ਮਜ਼ਬੂਤ ਹੋਣ ਤੇ ਹੀ ਪੰਜਾਬ ਦਾ ਭਲਾ ਹੋ ਸਕੇਗਾ ਕਿਉਂਕਿ ਪੰਜਾਬ ਦਾ ਭਲਾ ਖਾਲਸਾ ਪੰਥ ਹੀ ਸਹੀ ਢੰਗ ਨਾਲ ਕਰ ਸਕਦਾ ਹੈ । ਬੀਬੀ ਕਿਰਨਦੀਪ ਕੌਰ ਨੇ ਆਪਣੇ ਕੀਮਤੀ ਵਿਚਾਰ ਪੇਸ਼ ਕਰਦੇ ਹੋਏ ਕਿਹਾ ਕਿ ਸਾਨੂੰ ਪੰਜਾਬ ਵਿਚ ਸਿੱਖਿਆ ਅਤੇ ਸਿਹਤ ਸਬੰਧੀ ਸੇਵਾਵਾਂ ਨੂੰ ਵਧੀਆ ਮੁਹੱਈਆ ਕਰਨ ਦੀ ਲੋੜ ਹੈ । ਉਨ੍ਹਾਂ ਕਿਹਾ ਕਿ ਪੰਜਾਬ ਦੀ ਰਾਜਨੀਤੀ ਵਿਚ ਪੰਥਕ ਵਿਚਾਰਧਾਰਾ ਵਾਲੀ ਸਰਕਾਰ ਨਾਲ ਹੀ ਪੰਜਾਬ ਦੇ ਹੱਕ ਮੰਗ ਸਕਾਂਗੇ । ਉਨ੍ਹਾਂ ਕਿਹਾ ਕਿ ਸਿੱਖ ਦੀ ਅਸਲ ਪਹਿਚਾਣ ਨੂੰ ਦੁਨੀਆ ਸਾਹਮਣੇ ਪੇਸ਼ ਕਰਕੇ ਆਪਣੀ ਵੱਖਰੀ ਹੋਂਦ ਉਜਾਗਰ ਕਰਨੀ ਚਾਹੀਦੀ ਹੈ । ਸਿੱਖ ਮਿਸ਼ਨਰੀ ਸੁਸਾਇਟੀ ਦੇ ਜਨਰਲ ਸਕੱਤਰ ਸ: ਹਰਚਰਨ ਸਿੰਘ ਟਾਂਕ ਨੇ ਕਿਹਾ ਕਿ ਅਜਿਹੇ ਸੈਮੀਨਾਰ ਕਰਨੇ ਸਮੇਂ ਦੀ ਮੁੱਖ ਲੋੜ ਹਨ ਅਤੇ ਹੁਣ ਵੇਲਾ ਸਿਰ ਜੋੜ ਕੇ ਬੈਠਣ ਦਾ ਹੈ । ਇਸ ਮੌਕੇ ਸ: ਹਰਬੰਸ ਸਿੰਘ ਕੁਲਾਰ, ਮਹਿੰਦਰ ਸਿੰਘ ਗਰੇਵਾਲ, ਜਸਵੰਤ ਸਿੰਘ, ਡਾ: ਦਵਿੰਦਰਪਾਲ ਸਿੰਘ ਕੂਨਰ, ਅੰਮਿ੍ਤਪਾਲ ਸਿੰਘ, ਅਮਰਜੀਤ ਸਿੰਘ ਢਿਲੋਂ, ਬਲਵਿੰਦਰ ਸਿੰਘ ਪੱਟੀ, ਸੁਰਿੰਦਰ ਸਿੰਘ ਪੁਰੇਵਾਲ, ਦੀਦਾਰ ਸਿੰਘ ਰੰਧਾਵਾ, ਡਾ: ਪ੍ਰਵਿੰਦਰ ਸਿੰਘ ਗਰਚਾ, ਗੁਰਦੀਪ ਸਿੰਘ ਥਿੰਦ, ਗੁਰਮੀਤ ਸਿੰਘ ਹੰਜਰਾ, ਮੰਗਲ ਸਿੰਘ ਝੀਤਾ, ਅਮਰੀਕ ਸਿੰਘ, ਸਵਰਨ ਸਿੰਘ, ਹਰਪ੍ਰੀਤ ਸਿੰਘ ਆਦਿ ਹਾਜ਼ਰ ਸਨ ।