You are here

ਵੈਟਨਰੀ ਯੂਨੀਵਰਸਿਟੀ ਦੇ ਦੋ ਸੀਨੀਅਰ ਅਧਿਕਾਰੀ ਹੋਏ ਸੇਵਾਮੁਕਤ

ਲੁਧਿਆਣਾ- 01 ਨਵੰਬਰ(ਟੀ. ਕੇ.) ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਡਾ. ਸਤਿਆਵਾਨ ਰਾਮਪਾਲ, ਨਿਰਦੇਸ਼ਕ ਵਿਦਿਆਰਥੀ ਭਲਾਈ ਅਤੇ ਮਿਲਖ਼ ਅਫ਼ਸਰ ਤੇ ਡਾ. ਐਸ ਕੇ ਕਾਂਸਲ, ਪੋ੍ਫੈਸਰ, ਪਸਾਰ ਸਿੱਖਿਆ ਵਿਭਾਗ ਤਿੰਨ ਦਹਾਕੇ ਤੋਂ ਵਧੇਰੇ, ਸੇਵਾ ਨਿਭਾਉਂਦੇ ਹੋਏ 31 ਅਕਤੂਬਰ 2023 ਨੂੰ ਸੇਵਾਮੁਕਤ ਹੋ ਗਏ। ਦੋਨਾਂ ਸ਼ਖ਼ਸੀਅਤਾਂ ਨੇ ਵੈਟਨਰੀ ਯੂਨੀਵਰਸਿਟੀ ਅਧਿਆਪਕ ਜਥੇਬੰਦੀ ਵਲੋਂ ਕਰਵਾਏ ਗਏ ਪ੍ਰਭਾਵਸ਼ਾਲੀ ਸਮਾਰੋਹ ਵਿਚ ਆਪਣੇ ਜੀਵਨ ਦੇ ਤਜਰਬੇ ਸਾਂਝੇ ਕੀਤੇ। ਜਥੇਬੰਦੀ ਦੇ ਪ੍ਰਧਾਨ ਡਾ. ਅਪਮਿੰਦਰ ਪਾਲ ਸਿੰਘ ਬਰਾੜ ਨੇ ਕਾਰਜਕਾਰਨੀ ਮੈਂਬਰਾਂ ਦੇ ਨਾਲ ਸਮਾਰੋਹ ਨੂੰ ਬੜੇ ਸੁਚੱਜੇ ਢੰਗ ਨਾਲ ਨੇਪਰੇ ਚੜ੍ਹਾਇਆ।
    ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਨੇ ਵਿਦਾਇਗੀ ਸਮਾਰੋਹ ਵਿਚ ਦੋਨਾਂ ਅਧਿਆਪਕਾਂ ਦੀ ਦਿਲ ਦੀ ਗਹਿਰਾਈ ਤੋਂ ਪ੍ਰਸੰਸਾ ਕੀਤੀ। ਉਨ੍ਹਾਂ ਕਿਹਾ ਕਿ ਅਜਿਹੀਆਂ ਸੂਝਵਾਨ, ਦੂਰਅੰਦੇਸ਼ੀ ਅਤੇ ਕਰਮਸ਼ੀਲ ਸ਼ਖ਼ਸੀਅਤਾਂ ਕਾਰਣ ਹੀ ਯੂਨੀਵਰਸਿਟੀ ਆਪਣੇ ਇਸ ਮੁਕਾਮ ਨੂੰ ਹਾਸਿਲ ਕਰ ਸਕੀ ਹੈ।
    ਡਾ. ਰਾਮਪਾਲ ਦਾ ਜਨਮ 1963 ਵਿਚ ਅੰਮ੍ਰਿਤਸਰ ਦੇ ਇਕ ਪਿੰਡ ਦੇ ਪੜ੍ਹੇ ਲਿਖੇ ਪਰਿਵਾਰ ਵਿਚ ਹੋਇਆ। ਉਨ੍ਹਾਂ ਨੇ ਆਪਣੀ ਸਕੂਲੀ ਵਿਦਿਆ ਸੈਨਿਕ ਸਕੂਲ, ਕਪੂਰਥਲਾ ਤੋਂ ਗ੍ਰਹਿਣ ਕੀਤੀ ਅਤੇ ਅਨੁਸ਼ਾਸਨ ਦਾ ਗੁਣ ਸਿੱਖਿਆ। ਉਚੇਰੀ ਸਿੱਖਿਆ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਦਾਖਲਾ ਲਿਆ ਅਤੇ ਵੈਟਨਰੀ ਵਿਗਿਆਨ ਵਿਚ ਪੋਸਟ ਗ੍ਰੈਜੂਏਸ਼ਨ ਕਰਨ ਉਪਰੰਤ 1989 ਵਿਚ ਸਹਾਇਕ ਪ੍ਰੋਫੈਸਰ ਦੀ ਨੌਕਰੀ ਪ੍ਰਾਪਤ ਕੀਤੀ। ਉਹ ਬਹੁਤ ਉਚ ਦਰਜੇ ਦੇ ਐਥਲੀਟ ਅਤੇ ਕ੍ਰਿਕੇਟਰ ਰਹੇ। ਨੇਜਾ ਸੁੱਟਣ ਦੇ ਖੇਤਰ ਵਿਚ ਉਨ੍ਹਾਂ ਨੇ ਰਿਕਾਰਡ ਕਾਇਮ ਕੀਤਾ। ਉਨ੍ਹਾਂ ਨੇ ਐਸੋਸੀਏਟ ਪ੍ਰੋਫੈਸਰ, ਪ੍ਰੋਫੈਸਰ ਅਤੇ ਵੈਟਨਰੀ ਫਾਰਮਾਕੋਲੋਜੀ ਦੇ ਵਿਭਾਗ ਮੁਖੀ ਦੇ ਤੌਰ ’ਤੇ ਸੇਵਾ ਨਿਭਾਈ। 2016 ਤੋਂ ਸੇਵਾਮੁਕਤੀ ਵਾਲੇ ਦਿਨ ਤਕ ਉਹ ਬਤੌਰ ਨਿਰਦੇਸ਼ਕ ਵਿਦਿਆਰਥੀ ਭਲਾਈ ਸੇਵਾ ਦੇ ਰਹੇ ਸਨ।
    ਡਾ. ਐਸ ਕੇ ਕਾਂਸਲ ਨੇ ਵੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਹੀ ਵੈਟਨਰੀ ਵਿਗਿਆਨ ਵਿਚ 1985 ਵਿਚ ਅੰਡਰਗੈ੍ਰਜੂਏਟ ਡਿਗਰੀ ਪ੍ਰਾਪਤ ਕੀਤੀ। ਹਰਿਆਣਾ ਖੇਤੀਬਾੜੀ ਯੂਨੀਵਰਸਿਟੀ, ਹਿਸਾਰ ਤੋਂ ਪੋਸਟ ਗ੍ਰੈਜੂਏਟ ਕਰਨ ਉਪਰੰਤ 1988 ਵਿਚ ਉਨ੍ਹਾਂ ਨੂੰ ਪੀ ਏ ਯੂ ਵਿਖੇ ਸਹਾਇਕ ਪ੍ਰੋਫੈਸਰ ਦੀ ਨੌਕਰੀ ਪ੍ਰਾਪਤ ਹੋਈ। ਉਨ੍ਹਾਂ ਨੇ ਪਸਾਰ ਸਿੱਖਿਆ ਦੇ ਖੇਤਰ ਵਿਚ ਆਪਣੇ ਨਵੇਂ ਰਾਹ ਤਲਾਸ਼ੇ। ਪਸ਼ੂ ਭਲਾਈ ਕੈਂਪ, ਜਾਗਰੂਕਤਾ ਕੈਂਪ ਅਤੇ ਕਿਸਾਨਾਂ ਲਈ ਸਿਖਲਾਈ ਪ੍ਰੋਗਰਾਮ ਕਰਾਉਣ ਦੇ ਨਾਲ ਨਾਲ ਉਨ੍ਹਾਂ ਨੇ ਪਿੰਡਾਂ ਨੂੰ ਅਪਣਾਅ ਕੇ ਕਿਸਾਨਾਂ ਤਕ ਆਪਣੀ ਨੇੜੇ ਦੀ ਪਹੁੰਚ ਬਣਾ ਲਈ। ਪੋਸਟ ਗੈ੍ਜੂਏਟ ਵਿਦਿਆ ਦੇ ਸੁਧਾਰ ਹਿਤ ਉਨ੍ਹਾਂ ਨੇ ਪਾਠਕ੍ਰਮ ਨੂੰ ਬਿਹਤਰ ਕਰਨ ਹਿਤ ਕਈ ਉਪਰਾਲੇ ਕੀਤੇ। 2016 ਤੋਂ 2020 ਤਕ ਉਨ੍ਹਾਂ ਨੇ ਪਸਾਰ ਸਿੱਖਿਆ ਵਿਭਾਗ ਦੇ ਮੁਖੀ ਦੇ ਤੌਰ ’ਤੇ ਵੀ ਸੇਵਾ ਨਿਭਾਈ। ਇਸ ਸਮੇਂ ਦੌਰਾਨ ਉਨ੍ਹਾਂ ਮਹੱਤਵਪੂਰਨ ਖੋਜ ਪ੍ਰਾਜੈਕਟਾਂ ’ਤੇ ਵੀ ਕੰਮ ਕੀਤਾ।
ਸੇਵਾਮੁਕਤੀ ਵਿਦਾਇਗੀ ਸਮਾਰੋਹ ਵਿਚ ਉਨ੍ਹਾਂ ਦੇ ਪਰਿਵਾਰਕ ਮੈਂਬਰ, ਯੂਨੀਵਰਸਿਟੀ ਦੇ ਡੀਨ, ਡਾਇਰੈਕਟਰ, ਵਿਭਾਗ ਮੁਖੀ ਅਤੇ ਅਧਿਆਪਕ  ਵੱਡੀ ਗਿਣਤੀ ਵਿਚ ਸ਼ਾਮਿਲ ਹੋਏ।