ਗੁਰੂ ਰਾਮਦਾਸ ਜੀ ਨੇ ਸਮੁੱਚੀ ਲੋਕਾਈ ਨੂੰ ਪ੍ਰਭੂ ਭਗਤੀ ਨਾਲ ਜੁੜਨ ਦਾ ਸੰਦੇਸ਼ ਦਿੱਤਾ – ਸੰਤ ਬਾਬਾ ਅਮੀਰ ਸਿੰਘ ਜੀ
ਲੁਧਿਆਣਾ 29 ਅਕਤੂਬਰ (ਕਰਨੈਲ ਸਿੰਘ ਐੱਮ ਏ ) ਸਿੱਖ ਪੰਥ ਦੀ ਮਹਾਨ ਸੰਸਥਾ ਜਵੱਦੀ ਟਕਸਾਲ ਦੇ ਬਾਨੀ ਸ਼੍ਰੋਮਣੀ ਗੁਰਮਤਿ ਸੰਗੀਤ ਪ੍ਰਚਾਰਕ ਸੱਚਖੰਡਵਾਸੀ ਸੰਤ ਬਾਬਾ ਸੁਚਾ ਸਿੰਘ ਜੀ ਵੱਲੋਂ ਗੁਰਮਤਿ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਆਰੰਭੇ ਕਾਰਜਾਂ ਦੀ ਲੜੀ ਤਹਿਤ ਅੱਜ ਹਫਤਾਵਾਰੀ ਨਾਮ ਅਭਿਆਸ ਸਮਾਗਮ ਹੋਇਆ। ਸ਼੍ਰੋਮਣੀ ਸਿੱਖ ਪ੍ਰਚਾਰਕ ਸੰਤ ਬਾਬਾ ਅਮੀਰ ਸਿੰਘ ਜੀ ਮੁਖੀ ਜਵੱਦੀ ਟਕਸਾਲ ਦੀ ਦੇਖ ਰੇਖ ਹੇਠ ਹੋਏ ਇਸ ਸਿਮਰਨ ਸਮਾਗਮ ਦੇ ਆਰੰਭ ਵਿੱਚ ਗੁਰਸ਼ਬਦ ਸੰਗੀਤ ਅਕੈਡਮੀ ਦੇ ਵਿਦਿਆਰਥੀਆਂ ਨੇ ਗੁਰਬਾਣੀ ਦਾ ਕੀਰਤਨ ਕੀਤਾ ਅਤੇ ਉਪਰੰਤ ਨਾਮ ਸਿਮਰਨ ਹੋਇਆ।
ਜਵੱਦੀ ਟਕਸਾਲ ਦੇ ਮੁਖੀ ਸੰਤ ਬਾਬਾ ਅਮੀਰ ਸਿੰਘ ਜੀ ਨੇ ਸੰਗਤਾਂ ਨੂੰ ਸੰਬੋਧਨ ਹੁੰਦਿਆਂ ਨਾਮ ਸਿਮਰਨ ਅਤੇ ਗੁਰਮਤਿ ਵੀਚਾਰਾਂ ਨਾਲ ਜੋੜਿਆ। ਬਾਬਾ ਜੀ ਨੇ ਸ਼੍ਰੀ ਗੁਰੂ ਰਾਮਦਾਸ ਜੀ ਦੇ ਜੀਵਨ ਇਤਿਹਾਸ ਉੱਪਰ ਚਾਨਣਾ ਪਾਉਂਦਿਆਂ ਹੋਇਆਂ ਕਿਹਾ ਕਿ ਗੁਰੂ ਸਾਹਿਬ ਜੀ ਅਜਿਹੀ ਮਹਾਨ ਉਪਦੇਸ਼ਤਾਮਿਕ ਰੱਬੀ ਜੋਤ ਹੋਏ ਹਨ, ਜਿਨ੍ਹਾਂ ਦਾ ਮੁੱਖ ਸਿਧਾਂਤ ਪ੍ਰਭੂ ਪ੍ਰੇਮ ਦੁਆਰਾ ਮਾਨਵੀ ਸ਼ਖਸ਼ੀਅਤ ਨੂੰ ਸਭ ਪਾਸਿਉਂ ਪ੍ਰਫੁੱਲਤ ਕਰਕੇ ਉਸ ਨੂੰ ਪ੍ਰਭੂ ਭਗਤੀ ਨਾਲ ਜੋੜਨਾ ਸੀ। ਇਸੇ ਨਿਸਚੇ ਵਾਲੀ ਸੋਚ ਨੂੰ ਮੁੱਖ ਰੱਖਦਿਆਂ ਉਨ੍ਹਾਂ ਨੇ ਸਰਬ ਸਾਂਝੇ ਅਧਿਆਤਮਿਕਤਾ ਤੇ ਰੂਹਾਨੀਅਤ ਦੇ ਪ੍ਰਤੀਕ ਪਾਵਨ ਅਸਥਾਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੀ ਸਥਾਪਨਾ ਕੀਤੀ। ਸੰਤ ਬਾਬਾ ਅਮੀਰ ਸਿੰਘ ਜੀ ਨੇ ਸਮਾਗਮ ਦੌਰਾਨ ਇਕੱਤਰ ਹੋਈਆਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ਼੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਤਾਂ ਹੀ ਸਫਲਾ ਹੋ ਸਕਦਾ ਹੈ ,ਜੇਕਰ ਉਨ੍ਹਾਂ ਵੱਲੋਂ ਬਖਸ਼ੇ ਸੇਵਾ ਤੇ ਸਿਮਰਨ ਦੇ ਸੰਕਲਪ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਈਏ ਅਤੇ ਸਿਮਰਨ ਸਾਧਨਾ ਰਾਹੀਂ ਗੁਰਬਾਣੀ ਨੂੰ ਆਪਣੇ ਹਿਰਦਿਆਂ ਵਿੱਚ ਵਸਾ ਕੇ ਲੋਕਾਈ ਦੀ ਸੇਵਾ ਵਿੱਚ ਜੁਟ ਜਾਈਏ। ਗੁਰੂ ਕੇ ਲੰਗਰ ਅਤੁੱਟ ਵਰਤੇ।