ਲੁਧਿਆਣਾ, 27 ਅਕਤੂਬਰ(ਟੀ. ਕੇ.) ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਸਾਰਸ ਮੇਲੇ ਦੇ ਪਹਿਲੇ ਦਿਨ ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਵੱਲੋਂ ਪੀ. ਏ. ਯੂ. ਯੰਗ ਰਾਈਟਰਜ਼ ਅਸੋਸੀਏਸ਼ਨ ਦੇ ਸਹਿਯੋਗ ਨਾਲ ਕਵੀ ਦਰਬਾਰ ਕਰਵਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਪ੍ਰੋਃ ਗੁਰਭਜਨ ਸਿੰਘ ਗਿੱਲ ਸਨ ਤੇ ਪ੍ਰਧਾਨਗੀ ਪੰਜਾਬ ਆਰਟਸ ਕੌਂਸਲ ਦੇ ਚੇਅਰਮੈਨ ਪਦਮ ਡਾਃ ਸੁਰਜੀਤ ਪਾਤਰ ਨੇ ਕੀਤੀ।
ਸੁਆਗਤੀ ਸ਼ਬਦ ਬੋਲਦਿਆਂ ਲੁਧਿਆਣਾ ਦੇ ਐਡੀਸ਼ਨਲ ਡਿਪਟੀ ਕਮਿਸ਼ਨਰ(ਵਿਕਾਸ) ਸਃ ਰੁਪਿੰਦਰਪਾਲ ਸਿੰਘ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਸਾਹਿਬਾ ਸੁਰਭੀ ਮਲਿਕ ਦੀ ਦੇਖ ਰੇਖ ਹੇਠ ਸ਼ਬਦਾਂ ਦੀ ਜੋਤ ਬਾਲ ਕੇ ਅਸੀਂ ਸਾਰਸ ਮੇਲੇ ਦਾ ਆਰੰਭ ਕਰ ਰਹੇ ਹਾਂ। ਇਤਿਹਾਸਕ ਪਲ ਹੈ ਕਿ ਇਸ ਕਵੀ ਦਰਬਾਰ ਦੀ ਪ੍ਰਧਾਨਗੀ ਡਾਃ ਸੁਰਜੀਤ ਪਾਤਰ ਕਰ ਰਹੇ ਹਨ ਜਿੰਨ੍ਹਾਂ ਦੀ ਸ਼ਾਇਰੀ ਪੜ੍ਹ ਕੇ ਅਸੀਂ ਜੁਆਨ ਹੋਏ ਹਾਂ। ਮੁੱਖ ਮਹਿਮਾਨ ਪ੍ਰੋਃ ਗੁਰਭਜਨ ਸਿੰਘ ਗਿੱਲ ਦੀਆਂ ਕਿਤਾਬਾਂ ਪੜ੍ਹ ਪੜ੍ਹ ਕੇ ਅਸੀਂ ਮੁਕਾਬਲੇ ਦੇ ਇਮਤਿਹਾਨ ਪਾਸ ਕੀਤੇ ਹਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਡਾਇਰੈਕਟਰ (ਵਿਦਿਆਰਥੀ ਭਲਾਈ) ਡਾਃ ਨਿਰਮਲ ਸਿੰਘ ਜੌੜਾ ਨੇ ਕਿਹਾ ਕਿ ਇਸ ਯੂਨੀਵਰਸਿਟੀ ਵਿੱਚ ਵੱਡੇ ਲੇਖਕਾਂ ਨੂੰ ਬੁਲਾ ਕੇ ਵਿਦਿਆਰਥੀਆਂ ਅੰਦਰ ਸਿਰਜਣਾਤਮਿਕ ਚਿਣਗ ਜਗਾਉਣ ਦੀ ਪੁਰਾਣੀ ਰਵਾਇਤ ਹੈ। ਇਹ ਸਮਾਗਮ ਵੀ ਉਸੇ ਲੜੀ ਦੀ ਅਗਲੀ ਕੜੀ ਹੈ।
ਕਵੀ ਦਰਬਾਰ ਦਾ ਮੰਚ ਸੰਚਾਲਨ ਪ੍ਰਸਿੱਧ ਕਵੀ ਪ੍ਰਭਜੋਤ ਸੋਹੀ ਨੇ ਕੀਤਾ।
ਕਵੀ ਦਰਬਾਰ ਵਿੱਚ ਤ੍ਰੈਲੋਚਨ ਲੋਚੀ, ਡਾਃ ਜਗਵਿੰਦਰ ਜੋਧਾ,ਅਜੀਤਪਾਲ ਜਟਾਣਾ ਜ਼ਿਲ੍ਹਾ ਭਾਸ਼ਾ ਅਫ਼ਸਰ, ਮੋਗਾ,ਅਨੀ ਕਾਠਗੜ੍ਹ, ਗੁਰਚਰਨ ਕੌਰ ਕੋਚਰ,ਕੋਮਲਦੀਪ, ਪ੍ਰਭਜੋਤ ਸੋਹੀ, ਡਾਃ ਸੰਦੀਪ ਸ਼ਰਮਾ ਜ਼ਿਲ੍ਹਾ ਭਾਸ਼ਾ ਅਫ਼ਸਰ ਲੁਧਿਆਣਾ, ਰੁਪਿੰਦਰਪਾਲ ਸਿੰਘ, ਡਾਃ ਬਿਕਰਮ ਸਿੰਘ, ਮਨਿੰਦਰ ਸਿੰਘ ਸੈਣੀ, ਰਮਨ ਸੰਧੂ ਤੇ ਮਨਦੀਪ ਲੁਧਿਆਣਵੀ ਨੇ ਭਾਗ ਲਿਆ।