You are here

ਗਲਾਡਾ ਨੇ ਪ੍ਰਮੋਟਰਾਂ ਵਲੋਂ ਗੈਰ-ਕਾਨੂੰਨੀ ਢੰਗ ਨਾਲ ਕੀਤੀ ਇਸ਼ਤਿਹਾਬਾਜ਼ੀ ਦਾ ਲਿਆ ਗੰਭੀਰ ਨੋਟਿਸ

- ਇਸ਼ਤਿਹਾਰਾਂ ਨੂੰ ਤੁਰੰਤ ਉਤਾਰਨ ਦੇ ਵੀ ਦਿੱਤੇ ਨਿਰਦੇਸ਼
ਲੁਧਿਆਣਾ, 29 ਸਤੰਬਰ (ਟੀ. ਕੇ. ) -
ਗਲਾਡਾ ਦੇ ਮੁੱਖ ਪ੍ਰਸ਼ਾਸਕ ਸਾਗਰ ਸੇਤੀਆ ਵਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਵੱਖ-ਵੱਖ ਪ੍ਰਮੋਟਰਾਂ ਨੂੰ ਅਥਾਰਟੀ ਤੋਂ ਲੋੜੀਂਦਾ ਲਾਇਸੈਂਸ ਲਏ ਬਿਨਾਂ ਜਨਤਕ ਥਾਵਾਂ 'ਤੇ ਇਸ਼ਤਿਹਾਰ ਲਗਾਉਣ ਲਈ ਨੋਟਿਸ ਜਾਰੀ ਕੀਤੇ ਹਨ।

ਇਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਮੁੱਖ ਪ੍ਰਸ਼ਾਸ਼ਕ ਗਲਾਡਾ ਨੇ ਦੱਸਿਆ ਕਿ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪ੍ਰਮੋਟਰਾਂ ਨੂੰ ਆਰ.ਈ.ਆਰ.ਏ. ਅਧੀਨ ਰਜਿਸਟਰੇਸ਼ਨ ਤੋਂ ਬਾਅਦ ਅਥਾਰਟੀ ਤੋਂ ਲਾਇਸੈਂਸ ਲੈਣਾ ਪੈਂਦਾ ਹੈ। ਲਾਇਸੰਸ ਪ੍ਰਾਪਤ ਕਰਨ ਤੋਂ ਬਾਅਦ ਇੱਕ ਪ੍ਰਮੋਟਰ ਆਪਣੀ ਕਲੋਨੀ ਵਿੱਚ ਵਿਕਰੀ-ਖਰੀਦ ਦਾ ਇਸ਼ਤਿਹਾਰ ਦੇ ਸਕਦਾ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਕੁੱਝ ਪ੍ਰਮੋਟਰਾਂ ਨੇ ਗਲਾਡਾ ਤੋਂ ਲਾਇਸੈਂਸ ਲਏ ਬਿਨਾਂ ਆਪਣੇ ਪ੍ਰੋਜੈਕਟਾਂ ਦਾ ਇਸ਼ਤਿਹਾਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਆਪਣੇ ਇਸ਼ਤਿਹਾਰਬਾਜ਼ੀ ਹੋਰਡਿੰਗਜ਼ ਨੂੰ ਹਟਾਉਣ ਲਈ ਮੈਸਰਜ਼ ਜੀ.ਕੇ. ਹਾਊਸਿੰਗ ਐਂਡ ਡਿਵੈਲਪਰਜ਼ ਪ੍ਰਾਈਵੇਟ ਲਿਮਟਿਡ, ਮੈਸਰਜ਼ ਵਰਧਮਾਨ ਅਮਰਾਂਤੇ ਪ੍ਰਾਈਵੇਟ ਲਿਮਿਟੇਡ, ਮੈਸਰਜ਼ ਐਸ.ਬੀ.ਪੀ. ਹਾਊਸਿੰਗ ਪ੍ਰਾਈਵੇਟ ਲਿਮਟਿਡ, ਮੈਸਰਜ਼ ਚੇਤਲੀ ਅਸਟੇਟ ਪ੍ਰਾਈਵੇਟ ਲਿਮਟਿਡ ਅਤੇ ਮੈਸਰਜ ਓਸਵਾਲ ਗ੍ਰੀਨਟੈਕ ਲਿਮਟਿਡ ਨਾਮਕ ਪ੍ਰਮੋਟਰਾਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਜੇਕਰ ਪ੍ਰਮੋਟਰਾਂ ਵੱਲੋਂ ਇਨ੍ਹਾਂ ਇਸ਼ਤਿਹਾਰਾਂ ਨੂੰ ਨਾ ਹਟਾਇਆ ਗਿਆ ਤਾਂ ਪਾਪਰਾ ਅਤੇ ਰੇਰਾ ਤਹਿਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।