You are here

ਪੀ. ਏ. ਯੂ. ਦੇ ਭੂਮੀ ਵਿਗਿਆਨ ਵਿਭਾਗ ਨੇ ਖੋਜ ਪੇਸ਼ਕਾਰੀ ਮੁਕਾਬਲੇ ਕਰਵਾਏ

ਲੁਧਿਆਣਾ 31 ਅਗਸਤ(ਟੀ. ਕੇ.)  ਇੰਡੀਅਨ ਸੋਸਾਇਟੀ ਆਫ਼ ਸੋਇਲ ਸਾਇੰਸ ਦੀ ਲੁਧਿਆਣਾ ਸ਼ਾਖਾ ਨੇ ਬੀਤੇ ਦਿਨੀਂ ਪੀ ਏ ਯੂ ਦੇ ਭੂਮੀ ਵਿਗਿਆਨ ਵਿਭਾਗ ਵਿਖੇ 'ਇੰਡੀਅਨ ਸੋਸਾਇਟੀ ਆਫ਼ ਸੋਇਲ ਸਾਇੰਸ ਜ਼ੋਨਲ ਅਵਾਰਡ' ਅਤੇ ਉੱਤਰੀ ਜ਼ੋਨ ਲਈ ਬੈਸਟ ਡਾਕਟੋਰਲ ਖੋਜ ਪੇਸ਼ਕਾਰੀ ਮੁਕਾਬਲਿਆਂ ਦਾ ਆਯੋਜਨ ਕੀਤਾ। ਯਾਦ ਰਹੇ ਕਿ ਉਕਤ ਸੋਸਾਇਟੀ ਦੇ ਜ਼ੋਨਲ ਅਵਾਰਡ (ਉੱਤਰੀ, ਪੂਰਬ, ਦੱਖਣ ਅਤੇ ਪੱਛਮੀ ਜ਼ੋਨ ਵਿੱਚੋਂ ਹਰੇਕ ਲਈ ਇੱਕ) ਵਿਸ਼ੇਸ਼ ਤੌਰ 'ਤੇ ਭੂਮੀ ਵਿਗਿਆਨ ਵਿੱਚ ਮਾਸਟਰ ਡਿਗਰੀ ਕਰਨ ਵਾਲਿਆਂ ਲਈ ਹਨ। ਮੁਕਾਬਲਿਆਂ  ਦੌਰਾਨ ਉਨ੍ਹਾਂ ਦੁਆਰਾ ਕੀਤੇ ਗਏ ਖੋਜ ਕਾਰਜਾਂ ਦੀ ਵਧੀਆ ਪੇਸ਼ਕਾਰੀ ਦਾ ਮੁਲਾਂਕਣ ਕੀਤਾ ਜਾਂਦਾ ਹੈ। ਇਸ ਅਧਾਰ ਤੇ ਇਹ ਐਵਾਰਡ ਭਾਰਤ ਵਿੱਚ ਭੂਮੀ ਵਿਗਿਆਨ ਦੇ ਖੇਤਰ ਵਿੱਚ ਕੀਤੇ ਗਏ ਡਾਕਟੋਰਲ ਖੋਜ ਕਾਰਜ ਲਈ ਇੱਕ ਵਿਅਕਤੀ ਨੂੰ ਹਰ ਸਾਲ ਦਿੱਤਾ ਜਾਂਦਾ ਹੈ। ਇਨ੍ਹਾਂ ਮੁਕਾਬਲਿਆਂ ਦੀ ਜ਼ਿੰਮੇਵਾਰੀ ਇਸ ਵਾਰ ਸੁਸਾਇਟੀ ਦੇ ਹੈੱਡਕੁਆਰਟਰ ਨਵੀਂ ਦਿੱਲੀ ਵੱਲੋਂ ਲੁਧਿਆਣਾ ਸ਼ਾਖਾ ਨੂੰ ਸੌਂਪੀ ਗਈ ਸੀ।ਸਮਾਰੋਹ ਦੇ ਆਰੰਭ ਵਿਚ ਡਾ: ਰਾਜੀਵ ਸਿੱਕਾ, ਪ੍ਰਿੰਸੀਪਲ ਸੋਇਲ ਕੈਮਿਸਟ ਨੇ ਜੱਜਾਂ ਅਤੇ ਪ੍ਰਤੀਯੋਗੀਆਂ ਦੀ ਜਾਣ-ਪਛਾਣ ਕਰਵਾਈ। ਨਿਰਣਾਇਕ ਕਮੇਟੀ ਵਿੱਚ ਲੁਧਿਆਣਾ ਚੈਪਟਰ ਦੇ ਪ੍ਰਧਾਨ ਡਾ: ਧਨਵਿੰਦਰ ਸਿੰਘ, ਡਾ: ਪ੍ਰਗਤੀ ਪ੍ਰਮਾਨਿਕ, ਡਾ: ਵਾਈਵੀ ਸਿੰਘ ਵਾਰਾਣਸੀ ਯੂਨੀਵਰਸਿਟੀ ਤੋਂ ਡਾ: ਕਿਰਨ ਖੋਖਰ ਹਰਿਆਣਾ ਖੇਤੀ ਯੂਨੀਵਰਸਿਟੀ ਹਿਸਾਰ ਅਤੇ ਡਾ: ਰਾਜੀਵ ਸਿੱਕਾ ਸ਼ਾਮਲ ਸਨ।  

ਜ਼ੋਨਲ ਅਵਾਰਡ ਅਤੇ ਸਰਵੋਤਮ ਡਾਕਟੋਰਲ ਖੋਜ ਪੇਸ਼ਕਾਰੀ ਲਈ ਚਾਰ-ਚਾਰ ਉਮੀਦਵਾਰਾਂ ਨੇ ਆਪਣੀਆਂ ਪੇਸ਼ਕਾਰੀਆਂ ਕੀਤੀਆਂ। ਦੋਵਾਂ ਐਵਾਰਡਾਂ ਲਈ ਚਾਰ ਪੇਸ਼ਕਾਰੀਆਂ ਵਿੱਚੋਂ, 3 ਵਿਅਕਤੀਗਤ ਤੌਰ 'ਤੇ ਕੀਤੀਆਂ ਗਈਆਂ ਸਨ ਅਤੇ 1 ਆਨਲਾਈਨ ਕੀਤੀ ਗਈ ਸੀ। ਸ਼੍ਰੀਮਤੀ ਸਲੋਨੀ ਤ੍ਰਿਪਾਠੀ ਨੂੰ ਉੱਤਰੀ ਜ਼ੋਨ ਲਈ ਜ਼ੋਨਲ ਐਵਾਰਡ 2023 ਦਾ ਜੇਤੂ ਚੁਣਿਆ ਗਿਆ। ਡਾ: ਅਬਿਨਾਸ਼ ਦਾਸ ਅਤੇ ਅਵਿਜੀਤ ਸਿੰਘ ਨੂੰ ਸ਼ੁਰੂਆਤੀ ਦੌਰ ਵਿੱਚ ਉੱਤਰੀ ਜ਼ੋਨ ਪੱਧਰ 'ਤੇ ਚੁਣੇ ਗਏ ਸਰਵੋਤਮ ਡਾਕਟੋਰਲ ਖੋਜ ਪੇਸ਼ਕਾਰੀ ਲਈ ਨਾਮਜ਼ਦ ਕੀਤਾ ਗਿਆ ਸੀ ਅਤੇ ਫਿਰ ਉਹਨਾਂ ਨੂੰ ਭਾਰਤ ਦੇ ਚਾਰ ਜ਼ੋਨਾਂ ਵਿੱਚੋਂ ਹਰੇਕ ਦੇ ਚੁਣੇ ਗਏ ਉਮੀਦਵਾਰਾਂ ਵਿੱਚੋਂ ਫਾਈਨਲ ਗੇੜ ਵਿੱਚ ਮੁਕਾਬਲਾ ਕਰਨ ਲਈ ਸੱਦਾ ਦਿੱਤਾ ਜਾਵੇਗਾ, ਜਿਸਦਾ ਆਯੋਜਨ ਆਉਂਦੇ ਦਿਨੀਂ ਭਾਰਤੀ ਭੂਮੀ ਵਿਗਿਆਨ ਸੰਸਥਾਨ, ਭੋਪਾਲ ਵਿਖੇ ਕੀਤਾ ਜਾਵੇਗਾ। ਜੇਤੂਆਂ ਨੂੰ ਪ੍ਰਸ਼ੰਸਾ ਪੱਤਰ ਅਤੇ ਸੋਨੇ ਦੇ ਤਗਮੇ ਨਾਲ ਸਨਮਾਨਿਤ ਕੀਤਾ ਜਾਵੇਗਾ ਜਦਕਿ ਫਾਈਨਲ ਗੇੜ ਵਿੱਚ ਬਾਕੀ ਸਾਰੇ ਪ੍ਰਤੀਯੋਗੀਆਂ ਨੂੰ ਸਾਲਾਨਾ ਸੰਮੇਲਨ ਦੇ ਸਮਾਪਤੀ ਸੈਸ਼ਨ 'ਤੇ ਪ੍ਰਸ਼ੰਸਾ ਪੱਤਰ ਦਿੱਤੇ ਜਾਣਗੇ।