You are here

ਪੀ.ਏ.ਯੂ. ਦੇ ਬਿਜ਼ਨਸ ਮੈਨੇਜਮੈਂਟ ਦੇ ਵਿਦਿਆਰਥੀਆਂ ਦੀ ਪਲੇਸਮੈਂਟ ਹੋਈ

ਲੁਧਿਆਣਾ 29 ਅਗਸਤ, (ਟੀ ਕੇ)  ਪੀ.ਏ.ਯੂ. ਦੇ ਬਿਜ਼ਨਸ ਸਟੱਡੀਜ਼ ਸਕੂਲ ਦੇ ਵਿਦਿਆਰਥੀਆਂ ਨੂੰ ਵੱਖ-ਵੱਖ ਵਪਾਰਕ ਕੰਪਨੀਆਂ ਵੱਲੋਂ ਵੱਡੀਆਂ ਤਨਖਾਹਾਂ ਸਹਿਤ ਨੌਕਰੀਆਂ ਦੀ ਪੇਸ਼ਕਸ਼ ਕੀਤੀ ਗਈ ਹੈ | ਕਈ ਵਪਾਰਕ ਫਰਮਾਂ ਜਿਵੇਂ ਕਿ ਰਿਲਾਂਇਸ ਰਿਟੇਲ, ਐੱਚ ਡੀ ਐੱਫ ਸੀ ਬੈਂਕ, ਟਰਾਈਡੈਂਟ ਗਰੁੱਪ, ਆਈ ਪੀ ਐੱਲ ਬਾਇਓਲੋਜੀਕਲਜ਼ ਅਤੇ ਬੂੰਗੇ ਇੰਡੀਆ ਲਿਮਿਟਡ ਐੱਮ ਬੀ ਏ ਅਤੇ ਐੱਮ ਬੀ ਏ ਖੇਤੀ ਵਪਾਰ ਦੇ ਵਿਦਿਆਰਥੀਆਂ ਨੂੰ ਪੱਕੀਆਂ ਨੌਕਰੀਆਂ ਦੀ ਪੇਸ਼ਕਸ਼ ਕਰ ਚੁੱਕੀਆਂ ਹਨ | ਇਹ ਵਿਦਿਆਰਥੀ ਅਗਸਤ 2023 ਵਿਚ ਆਪਣੀ ਪੜ੍ਹਾਈ ਪੂਰੀ ਕਰ ਚੁੱਕੇ ਹਨ | 

ਸਕੂਲ ਆਫ ਬਿਜ਼ਨਸ ਸਟੱਡੀਜ਼ ਦੇ ਪਲੇਸਮੈਂਟ ਸੈੱਲ ਦੇ ਇੰਚਾਰਜ਼ ਡਾ. ਖੁਸ਼ਦੀਪ ਧਰਨੀ ਨੇ ਦੱਸਿਆ ਕਿ ਟਰਾਈਡੈਂਟ ਗਰੁੱਪ ਨੇ ਐੱਮ ਬੀ ਏ ਖੇਤੀ ਵਪਾਰ ਦੇ ਵਿਦਿਆਰਥੀਆਂ ਨੂੰ 18 ਲੱਖ ਰੁਪਏ ਸਲਾਨਾ ਦੀ ਨੌਕਰੀ ਦੀ ਪੇਸ਼ਕਸ਼ ਕੀਤੀ ਹੈ | ਐੱਮ ਬੀ ਏ ਦੇ ਵਿਦਿਆਰਥੀਆਂ ਲਈ ਪਲੇਸਮੈਂਟ ਦੀ ਮੁਹਿੰਮ ਨਵੰਬਰ 2022 ਵਿਚ ਸ਼ੁਰੂ ਹੋਈ ਸੀ | 

ਇਸ ਬਾਰੇ ਹੋਰ ਗੱਲ ਕਰਦਿਆਂ ਡਾ. ਖੁਸ਼ਦੀਪ ਧਰਨੀ ਨੇ ਇਹਨਾਂ ਵਿਦਿਆਰਥੀਆਂ ਨੂੰ ਆਪਣੀ ਕਿੱਤਾ ਮੁਹਾਰਤ ਨੂੰ ਵਿਕਸਿਤ ਕਰਨ ਅਤੇ ਆਪਣੇ ਆਪ ਨੂੰ ਕਾਰਪੋਰੇਟ ਜਗਤ ਦੀਆਂ ਚੁਣੌਤੀਆਂ ਲਈ ਤਿਆਰ ਕਰਨ ਦੀ ਸਲਾਹ ਦਿੱਤੀ | 

ਸਕੂਲ ਦੇ ਨਿਰਦੇਸ਼ਕ ਡਾ. ਅਮਨਦੀਪ ਸਿੰਘ ਨੇ ਦੱਸਿਆ ਕਿ ਹੁਣ ਤੱਕ ਅੱਧੇ ਐੱਮ ਬੀ ਏ ਵਿਦਿਆਰਥੀ ਨੌਕਰੀ ਹਾਸਲ ਕਰ ਚੁੱਕੇ ਹਨ | ਉਹਨਾਂ ਕਿਹਾ ਕਿ ਚੁਣੇ ਹੋਏ ਵਿਦਿਆਰਥੀਆਂ ਦੀ ਔਸਤਨ ਸਲਾਨਾ ਤਨਖਾਹ 7.20 ਲੱਖ ਰੁਪਏ ਹੈ | ਉਹਨਾਂ ਨੇ ਵਿਦਿਆਰਥੀਆਂ ਨੂੰ ਇਹਨਾਂ ਨੌਕਰੀਆਂ ਲਈ ਵਧਾਈ ਦਿੱਤੀ ਅਤੇ ਨਾਲ ਦੀ ਨਾਲ ਹੋਰ ਵਿਦਿਆਰਥੀਆਂ ਨੂੰ ਉਦਯੋਗਿਕ ਫਰਮਾਂ ਦੀਆਂ ਲੋੜਾਂ ਮੁਤਾਬਿਕ ਤਿਆਰ ਕਰਨ ਦੀ ਲੋੜ ਤੇ ਜ਼ੋਰ ਦਿੱਤਾ | 

ਬੇਸਿਕ ਸਾਇੰਸਜ਼ ਕਾਲਜ ਦੇ ਡੀਨ ਡਾ. ਸ਼ੰਮੀ ਕਪੂਰ ਅਤੇ ਨਿਰਦੇਸ਼ਕ ਵਿਦਿਆਰਥੀ ਭਲ਼ਾਈ ਡਾ. ਨਿਰਮਲ ਜੌੜਾ ਨੇ ਇਹਨਾਂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਉਹਨਾਂ ਦੇ ਸਫਲ ਭਵਿੱਖ ਦੀ ਕਾਮਨਾ ਕੀਤੀ | ਯਾਦ ਰਹੇ ਕਿ ਚੁਣੇ ਜਾਣ ਵਾਲੇ ਵਿਦਿਆਰਥੀਆਂ ਨੂੰ ਸੰਬੰਧਿਤ ਫਰਮਾਂ ਵੱਲੋਂ ਸਿਖਲਾਈ ਦਿੱਤੀ ਜਾਵੇਗੀ | ਸਾਇੰਸ ਐਸੋਸੀਏਸ਼ਨ ਦੇ ਕਨਵੀਨਰ ਡਾ. ਸੁਖਮਨੀ ਨੇ ਇਹਨਾਂ ਵਿਦਿਆਰਥੀਆਂ ਦੀ ਤਿਆਰੀ ਲਈ ਭਾਸ਼ਣ ਲੜੀ, ਖੇਤ ਦੌਰੇ, ਉਦਯੋਗਾਂ ਦੇ ਦੌਰੇ ਅਤੇ ਮਾਹਿਰਾਂ ਨਾਲ ਸਲਾਹ-ਮਸ਼ਵਰੇ ਪੱਖੋਂ ਅਹਿਮ ਭੂਮਿਕਾ ਨਿਭਾਈ | ਉਹਨਾਂ ਦੇ ਨਾਲ ਹੀ ਡਾ. ਬਬੀਤਾ ਕੁਮਾਰ ਨੇ ਵੀ ਸ਼ਾਨਦਾਰ ਸੰਪਰਕ ਕਾਰਜ ਕੀਤਾ | 

ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਪੀ ਕੇ ਛੁਨੇਜਾ ਨੇ ਸਕੂਲ ਆਪ ਬਿਜ਼ਨਸ ਸਟੱਡੀਜ਼ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੱਤੀ | ਉਹਨਾਂ ਨੌਕਰੀ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਕਿ ਉਹ ਆਪਣੇ ਖੇਤਰ ਵਿਚ ਹੋਰ ਖੋਜ ਕਾਰਜ ਕਰਦੇ ਰਹਿਣ |