You are here

ਗੁਰੂ ਕਾਸ਼ੀ ਯੂਨੀਵਰਸਿਟੀ ਦੀ "ਰੈੱਡ ਮੈਰਾਥਨ" 'ਚ ਸੇਵਕ ਅਤੇ ਅੰਕੁਸ਼ ਜੇਤੂ

ਤਲਵੰਡੀ ਸਾਬੋ, 20 ਅਗਸਤ (ਗੁਰਜੰਟ ਸਿੰਘ ਨਥੇਹਾ)- ਏਡਜ਼ ਕੰਟਰੋਲ ਸੁਸਾਇਟੀ, ਪੰਜਾਬ ਅਤੇ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ, ਬਠਿੰਡਾ ਵੱਲੋਂ ਕਾਰਜਕਾਰੀ ਉਪ ਕੁਲਪਤੀ ਪ੍ਰੋ.(ਡਾ.) ਜਗਤਾਰ ਸਿੰਘ ਧੀਮਾਨ ਦੀ ਅਗਵਾਈ ਵਿਚ ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਜ਼ਿਲ੍ਹਾ ਪੱਧਰੀ ਰੈਡ ਮੈਰਾਥਨ ਆਯੋਜਿਤ ਕੀਤੀ ਗਈ, ਜਿਸ ਨੂੰ ਮੁੱਖ ਮਹਿਮਾਨ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਬਠਿੰਡਾ, ਰਘਬੀਰ ਸਿੰਘ ਮਾਨ ਨੇ ’ਵਰਸਿਟੀ ਗੇਟ ਤੋਂ ਝੰਡੀ ਵਿਖਾ ਕੇ ਰਵਾਨਾ ਕੀਤਾ ਅਤੇ ਵਿਦਿਆਰਥੀਆਂ ਨੂੰ ਸਮਾਜ ਸੇਵਾ ਕਰਨ ਅਤੇ ਚੰਗੇ ਇਨਸਾਨ ਬਣਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਖੇਡਾਂ ਵਿਚ ਹਿੱਸਾ ਲੈਣ ਨਾਲ ਸਮੇਂ ਦੀ ਪਾਬੰਦੀ, ਸਹਿਣਸ਼ੀਲਤਾ ਅਤੇ ਅਨ°ਸ਼ਾਸਨ ਦੀ ਭਾਵਨਾ ਉਤਪੰਨ ਹੁੰਦੀ ਹੈ ਅਤੇ ਖਿਡਾਰੀਆਂ ਵਿਚ ਜਿੱਤ ਹਾਰ ਨੂੰ ਖੁਸ਼ੀ ਨਾਲ ਸਵੀਕਾਰ ਕਰਨ ਦਾ ਜਜ਼ਬਾ ਪੈਦਾ ਹੁੰਦਾ ਹੈ।


ਡਾਇਰੈਕਟਰ ਵਿਦਿਆਰਥੀ ਭਲਾਈ ਸਰਦੂਲ ਸਿੰਘ ਸਿੱਧੂ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚ ਕੇ ਖੇਡਾਂ ਅਤੇ ਕਿਰਤ ਕਾਰਜਾਂ ਵਿਚ ਵਧ ਚੜ੍ਹ ਕੇ ਹਿੱਸਾ ਲੈਣ ਲਈ ਕਿਹਾ। ਉਨ੍ਹਾਂ ਕਿਹਾ ਕਿ ਰਾਸ਼ਟਰੀ ਸੇਵਾ ਯੋਜਨਾ ਤਹਿਤ ਯੂਨੀਵਰਸਿਟੀਆਂ ਵਿਚ ਰੈੱਡ ਰਿਬਨ ਕਲਬ ਸਥਾਪਿਤ ਕੀਤੇ ਗਏ ਹਨ। ਇਸ ਮੈਰਾਥਨ ਵਿਚ ਜ਼ਿਲ੍ਹੇ ਦੇ ਵੱਖ-ਵੱਖ ਕਲਬਾਂ ਦੇ 150 ਵਿਦਿਆਰਥੀਆਂ ਨੇ ਹਿੱਸਾ ਲਿਆ। ਮੈਰਾਥਨ ਵਿਚ ਫਿਜ਼ੀਕਲ ਐਜੂਕੇਸ਼ਨ ਵਿਭਾਗ ਦੇ ਵਿਦਿਆਰਥੀ ਸੇਵਕ ਸਿੰਘ ਨੇ ਪਹਿਲਾ, ਜਸਪ੍ਰੀਤ ਸਿੰਘ ਨੇ ਦੂਜਾ ਤੇ ਜਸਦੀਪ ਸਿੰਘ ਨੇ ਤੀਜਾ ਸਥਾਨ ਹਾਸਿਲ ਕੀਤਾ। ਲੜਕੀਆਂ ਵਿਚੋਂ ਅੰਕੁਸਸ਼ ਨੇ ਪਹਿਲਾ, ਰਾਜਨਪ੍ਰੀਤ ਨੇ ਦੂਜਾ ਅਤੇ ਵਰਖਾ ਨੇ ਤੀਜਾ ਸਥਾਨ ਹਾਸਿਲ ਕੀਤਾ। ਆਯੋਜਕਾਂ ਵੱਲੋਂ ਜੇਤੂਆਂ ਨੂੰ ਮੈਡਲ ਤੇ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਐਨ.ਐਸ.ਐਸ ਕੁਆਰਡੀਨੇਟਰ ਡਾ. ਜਸਵਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਸਰੀਰਕ ਤੌਰ ’ਤੇ ਤੰਦਰੁਸਤ, ਮਾਨਸਿਕ ਤੌਰ 'ਤੇ ਚੇਤਨ ਅਤੇ ਆਤਮਿਕ ਤੌਰ 'ਤੇ ਜਾਗਰੂਕ ਰਹਿਣ ਲਈ ਕਿਹਾ। ਡਾ. ਰਵੀ ਕੁਮਾਰ ਗਹਿਲਾਵਤ, ਮੁਖੀ, ਫਿਜ਼ੀਕਲ ਐਜੂਕੇਸ਼ਨ ਵਿਭਾਗ ਨੇ ਵਿਦਿਆਰਥੀਆਂ ਨੂੰ ਇਸ ਤਰ੍ਹਾਂ ਦੇ ਆਯੋਜਨਾਂ ਵਿਚ ਵਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਆ ਤੇ ਸਭਨਾਂ ਦਾ ਧੰਨਵਾਦ ਕੀਤਾ। ਮੈਰਾਥਨ ਦੇ ਸਫ਼ਲ ਆਯੋਜਨ ਵਿਚ ਪ੍ਰੋਗਰਾਮ ਅਫ਼ਸਰ ਸਿਕੰਦਰ ਸਿੰਘ, ਰਾਜਵਿੰਦਰ ਕੌਰ, ਖੁਸ਼ਦੀਪ ਸਿੰਘ, ਨਾਇਬ ਸਿੰਘ, ਅਰੁਣ ਕੁਮਾਰ, ਅਜੈਵੀਰ ਸਿੰਘ ਅਤੇ ਗੁਰਦੀਪ ਸਿੰਘ ਦਾ ਵਿਸ਼ੇਸ਼ ਸਹਿਯੋਗ ਰਿਹਾ।