ਲੰਡਨ, ( ਗਿਆਨੀ ਰਵਿੰਦਰਪਾਲ ਸਿੰਘ )- ਆਪਣੀਆਂ ਦੋ ਪਤਨੀਆਂ ਦੇ ਕਥਿਤ ਕਤਲ ਕੇਸ ਦਾ ਸਾਹਮਣਾ ਕਰ ਰਹੇ ਪੰਜਾਬੀ ਕਾਰੋਬਾਰੀ ਗੁਰਪ੍ਰੀਤ ਸਿੰਘ ਸਬੰਧੀ ਕਤਲ ਮੌਕੇ ਦੀਆਂ ਤਸਵੀਰਾਂ ਅਦਾਲਤ ਨੂੰ ਵਿਖਾਈਆਂ ਗਈਆਂ ਜਿਸ ਅਧੀਨ ਉਸ ਨੂੰ ਕਾਤਲ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਅਦਾਲਤ ਵਿਚ ਦੱਸਿਆ ਗਿਆ ਕਿ ਵਾਰਦਾਤ ਵਾਲੇ ਦਿਨ ਇੱਕ ਅਣਪਛਾਤੀ ਔਰਤ ਨਾਲ ਘਰੋਂ ਬਾਹਰ ਨਿਕਲਣ ਬਾਅਦ ਗੁਰਪ੍ਰੀਤ ਸਿੰਘ ਅੱਖਰ ਵਿਲੀਅਰਜ਼ ਸਟਰੀਟ ਸਥਿਤ ਗੁਰਦੁਆਰੇ ਗਿਆ ਸੀ ਜਿੱਥੇ ਉਸ ਨੇ ਸਵਾ 8 ਅਤੇ 9 ਵਜੇ ਤੱਕ ਆਪਣਾ ਸਮਾਂ ਬਤੀਤ ਕੀਤਾ ਸੀ | ਜਿਸ ਤੋਂ ਬਾਅਦ ਉਹ ਆਪਣੇ ਮੂਰ ਸਟਰੀਟ ਸਥਿਤ ਕੰਮ ਵੱਲ ਰਵਾਨਾ ਹੋਇਆ ਸੀ, ਪਰ ਇਸੇ ਦੌਰਾਨ ਉਸ ਨੂੰ ਆਪਣੇ ਹੱਥ ਸਾਫ਼ ਕਰਦੇ ਦੇਖਿਆ ਗਿਆ ਸੀ ਜਦਕਿ ਅਸਲੀਅਤ ਵਿਚ ਇਹ ਵੀ ਹੋ ਸਕਦਾ ਹੈ ਕਿ ਉਸ ਨੇ ਕੜਾਹ ਪ੍ਰਸ਼ਾਦ ਵਾਲੇ ਹੱਥ ਸਾਫ਼ ਕਰਨ ਦੀ ਕੋਸ਼ਿਸ਼ ਕੀਤੀ ਹੋਵੇ | ਅਦਾਲਤ ਨੂੰ ਦੱਸਿਆ ਗਿਆ ਕਿ ਜਦ ਉਹ ਵਾਰਦਾਤ ਵਾਲੇ ਦਿਨ ਸ਼ਾਮੀ 4 ਵਜੇ ਆਪਣੇ ਬੱਚਿਆਂ ਨੂੰ ਲੈ ਕੇ ਘਰ ਪਹੁੰਚਿਆ ਸੀ ਤਦ ਉਸ ਨੇ ਆਮ ਵਾਂਗ ਆਪਣੀ ਪਤਨੀ ਨੂੰ ਦਰਵਾਜ਼ਾ ਖੋਲ੍ਹਣ ਲਈ ਘੰਟੀ ਨਹੀਂ ਸੀ ਵਜਾਈ ਸਗੋਂ ਆਪ ਘਰ ਵਿਚ ਦਾਖ਼ਲ ਹੋ ਗਿਆ ਸੀ ਜਿੱਥੇ ਉਸ ਨੇ ਆਪਣੀ ਪਤਨੀ ਨੂੰ ਮਿ੍ਤਕ ਹਾਲਤ ਵਿਚ ਦੇਖਦਿਆਂ ਆਪਣੇ ਪੱਟਾਂ ਵਿਚ ਲੈ ਲਿਆ ਸੀ ਅਤੇ ਉਸ ਦੇ ਬੱਚੇ ਗੁਆਂਢੀਆਂ ਨੂੰ ਦੱਸਣ ਚਲੇ ਗਏ ਸਨ ਕਿ ਉਨ੍ਹਾਂ ਦੀ ਮਾਂ ਦੀ ਹੱਤਿਆ ਹੋ ਗਈ ਹੈ | ਅਦਾਲਤ ਵਿਚ ਗੁਰਪ੍ਰੀਤ ਸਿੰਘ ਦੇ ਗੁਆਂਢੀ ਨੇ ਦੱਸਿਆ ਕਿ ਉਹ ਉਸ ਦਿਨ ਆਪਣੇ ਕੰਪਿਊਟਰ 'ਤੇ ਸਾਰਾ ਦਿਨ ਕੰਮ ਕਰਦਾ ਰਿਹਾ ਸੀ ਅਤੇ ਉਸ ਨੇ ਕੋਈ ਸ਼ੱਕੀ ਵਾਰਦਾਤ ਸਬੰਧੀ ਆਵਾਜ਼ ਨਹੀਂ ਸੁਣੀ ਸੀ ਪਰ ਜਦ ਗੁਰਪ੍ਰੀਤ ਦਾ 10 ਸਾਲਾ ਬੇਟਾ ਅਤੇ 11 ਸਾਲਾ ਬੇਟੇ ਨੇ ਉਨ੍ਹਾਂ ਦੇ ਘਰ ਮੂਹਰੇ ਰੌਲਾ ਪਾਇਆ ਤਦ ਉਹ ਦੌੜ ਕੇ ਗੁਰਪ੍ਰੀਤ ਦੇ ਘਰ ਗਿਆ ਸੀ ਜਿੱਥੇ ਉਸ ਨੇ ਦੇਖਿਆ ਕਿ ਗੁਰਪ੍ਰੀਤ ਆਪਣੀ ਪਤਨੀ ਸਰਬਜੀਤ ਦਾ ਸਿਰ ਪੱਟਾਂ ਵਿਚ ਰੱਖ ਕੇ ਧਾਹਾਂ ਮਾਰ ਰਿਹਾ ਸੀ | ਇਸ ਮੌਕੇ ਗੁਰਪ੍ਰੀਤ ਦਾ ਭਰਾ ਵੀ ਫ਼ੋਨ 'ਤੇ ਗੱਲ ਕਰ ਰਿਹਾ ਸੀ ਪਰ ਉਸ ਨੇ ਖ਼ੁਦ ਵੀ ਪੁਲਿਸ ਨੂੰ ਫ਼ੋਨ ਕੀਤਾ | ਪਰ ਉਸ ਨੇ ਦੱਸਿਆ ਕਿ ਜਦ ਗੁਰਪ੍ਰੀਤ ਨੇ ਦੁਬਾਰਾ ਸਰਬਜੀਤ ਕੌਰ ਨਾਲ ਵਿਆਹ ਕਰਵਾਇਆ ਸੀ ਤਦ ਉਸ ਨੂੰ ਪਤਾ ਚੱਲਿਆ ਸੀ ਕਿ ਉਸ ਦੀ ਪਹਿਲੀ ਪਤਨੀ ਦੀ ਮੌਤ ਹੋ ਚੁੱਕੀ ਹੈ | ਮੌਜੂਦਾ ਸਮੇਂ ਦੇ ਪਤੇ ਅਨੁਸਾਰ ਹੋਲਵੇਅ ਐਵੇਨਿਊ, ਪੈਨ ਦੇ ਰਹਿਣ ਵਾਲੇ ਗੁਰਪ੍ਰੀਤ ਸਿੰਘ ਬਾਰੇ ਕਿਹਾ ਗਿਆ ਕਿ ਉਸ ਨੇ ਕਥਿਤ ਤੌਰ 'ਤੇ ਪੀੜਤ ਦੇ ਸਰੀਰ 'ਤੇ ਮਿਰਚਾਂ ਦਾ ਪਾਊਡਰ ਵੀ ਛਿੜਕਿਆ ਸੀ | ਪਰ ਅਦਾਲਤ ਵਿਚ ਗੁਰਪ੍ਰੀਤ ਸਿੰਘ ਨੇ ਸਾਰੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ, ਮੁਕੱਦਮੇ ਦੀ ਸੁਣਵਾਈ ਜਾਰੀ ਹੈ | ਇੱਥੇ ਜ਼ਿਕਰਯੋਗ ਹੈ ਕਿ ਇਸਤਗਾਸਾ ਧਿਰ ਅਦਾਲਤ 'ਤੇ ਇਸ ਗੱਲ ਦਾ ਜ਼ੋਰ ਪਾ ਰਹੀ ਹੈ ਕਿ ਗੁਰਪ੍ਰੀਤ ਦੀ ਪਹਿਲੀ ਪਤਨੀ ਦੇ ਕਤਲ ਕੇਸ ਦੀ ਜਾਂਚ ਪਹਿਲਾਂ ਕੀਤੀ ਜਾਵੇ ਤਾਂ ਕਿ ਸਰਬਜੀਤ ਦੇ ਕਤਲ ਕੇਸ ਦੀ ਗੁੱਥੀ ਸੁਲਝਾਉਣ ਵਿਚ ਮਦਦ ਮਿਲ ਸਕੇ |