ਲੁਧਿਆਣਾ 18 ਅਗਸਤ(ਟੀ. ਕੇ) ਪੀ.ਏ.ਯੂ. ਦੇ ਸਾਬਕਾ ਵਿਦਿਆਰਥੀ ਡਾ. ਹਰਿੰਦਰ ਸਿੰਘ ਓਬਰਾਏ ਦੀ ਨਿਯੁਕਤੀ ਬੀਤੇ ਦਿਨੀਂ ਨੈਸਨਲ ਇੰਸਟੀਚਿਊਟ ਆਫ ਫੂਡ ਟੈਕਨਾਲੋਜੀ ਐਂਟਰਪ੍ਰੀਨਿਓਰਸ਼ਿਪ ਐਂਡ ਮੈਨੇਜਮੈਂਟ, ਕੁੰਡਲੀ, ਸੋਨੀਪਤ ਵਜੋਂ ਹੋਈ ਹੈ | ਯਾਦ ਰਹੇ ਕਿ ਇਹ ਸੰਸਥਾਨ ਭਾਰਤ ਸਰਕਾਰ ਦੇ ਭੋਜਨ ਪ੍ਰੋਸੈਸਿੰਗ ਉਦਯੋਗ ਮੰਤਰਾਲੇ ਅਧੀਨ ਆਉਣ ਵਾਲਾ ਬੇਹੱਦ ਅਹਿਮ ਰਾਸ਼ਟਰ ਪੱਧਰੀ ਸੰਸਥਾਨ ਹੈ |
ਡਾ. ਓਬਰਾਏ ਨੇ ਪੀ.ਏ.ਯੂ. ਤੋਂ ਐਮਐਸਸੀ ਮਾਈਕਰੋਬਾਇਓਲੋਜੀ ਕਰਨ ਤੋਂ ਬਾਅਦ ਇੱਥੋ ਹੀ ਪੀਐਚ.ਡੀ ਮਾਈਕਰੋਬਾਇਓਲੋਜੀ ਦੀ ਡਿਗਰੀ ਹਾਸਲ ਕੀਤੀ ਅਤੇ ਉਹ ਸਿਫਟ ਲੁਧਿਆਣਾ ਵਿੱਚ ਵਿਗਿਆਨੀ ਵਜੋਂ ਕੰਮ ਕਰਦੇ ਰਹੇ | ਨਿੱਜੀ ਸੈਕਟਰ ਵਿੱਚ ਉਹਨਾਂ ਨੇ ਕਈ ਕੰਪਨੀਆਂ ਨੂੰ ਸੇਵਾਵਾਂ ਦਿੱਤੀਆਂ ਜਿਨ੍ਹਾਂ ਵਿੱਚ ਰੈਨਬੈਕਸੀ ਲੈਬਾਰਟਰੀਜ਼, ਯੂਨਾਈਟਿਡ ਬਰੂਅਰੀਜ਼ ਲਿਮਟਿਡ ਅਤੇ ਹਿੰਦੁਸਤਾਨ ਲੀਵਰ ਲਿਮਟਿਡ ਪ੍ਰਮੁੱਖ ਹਨ | ਡਾ. ਓਬਰਾਏ ਨੇ ਪੀਏਯੂ ਲੁਧਿਆਣਾ ਅਤੇ ਸਿਫਟ ਵਿਚਕਾਰ ਸਹਿਯੋਗ ਲਈ ਕਈ ਪਹਿਲਕਦਮੀਆਂ ਕੀਤੀਆਂ | ਉਹਨਾਂ ਨੇ ਭੋਜਨ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਦੇ ਪੀ.ਐੱਚ.ਡੀ. ਵਿਦਿਆਰਥੀਆਂ ਦਾ ਮਾਰਗ ਦਰਸ਼ਨ ਕੀਤਾ ਬਲਕਿ ਕਈ ਖੋਜ ਪ੍ਰੋਜੈਕਟਾਂ ਦੇ ਨਿਗਰਾਨ ਵੀ ਰਹੇ | ਪੀ ਐੱਚ ਡੀ ਅਤੇ ਸਿਫਟ ਵਿਚਕਾਰ ਸਾਂਝ ਦੌਰਾਨ ਉਹਨਾਂ ਨੇ ਇੱਕ ਭਾਰਤੀ ਪੇਟੈਂਟ ਦੀ ਅਗਵਾਈ ਕੀਤੀ |
ਇਸ ਤੋਂ ਇਲਾਵਾ ਡਾ. ਓਬਰਾਏ ਕੰਸਾਸ ਸਟੇਟ ਯੂਨੀਵਰਸਿਟੀ, ਕੰਸਾਸ, ਅਮਰੀਕਾ ਤੋਂ ਬਾਇਓਪ੍ਰੋਸੈਸਿੰਗ ਦੇ ਖੇਤਰ ਵਿੱਚ ਪੋਸਟ-ਡਾਕਟਰੇਟ ਖੋਜ ਦਾ ਹਿੱਸਾ ਰਹੇ ਅਤੇ ਉਹਨਾਂ ਨੇ ਆਈ ਸੀ ਏ ਆਰ ਦੇ ਬਾਗਬਾਨੀ ਬਾਰੇ ਖੋਜ ਸੰਸਥਾਨ ਬੈਂਗਲੌਰ ਵਿੱਚ ਸੇਵਾਵਾਂ ਦਿੱਤੀਆਂ | ਇਸ ਤੋਂ ਬਾਅਦ ਉਹ ਭੋਜਨ ਸੁਰੱਖਿਆ ਅਤੇ ਮਿਆਰ ਅਥਾਰਿਟੀ ਭਾਰਤ ਸਰਕਾਰ ਦੇ ਸਲਾਹਕਾਰ ਨਿਯੁਕਤ ਹੋ ਗਏ | ਡਾ. ਓਬਰਾਏ ਪੀ ਐੱਚ ਡੀ ਦੇ 5 ਵਿਦਿਆਰਥੀਆਂ ਦਾ ਮਾਰਗ-ਦਰਸ਼ਨ ਕੀਤਾ | ਖੁਦ ਉਹਨਾਂ ਨੇ 100 ਤੋਂ ਜ਼ਿਆਦਾ ਉੱਚ ਪੱਧਰੀ ਖੋਜ ਪੇਪਰ ਲਿਖੇ | 15 ਤੋਂ ਵਧੇਰੇ ਭੋਜਨ ਪ੍ਰੋਸੈਸਿੰਗ ਤਕਨਾਲੋਜੀਆਂ ਦੇ ਨਾਲ-ਨਾਲ ਉਹਨਾਂ ਦੇ ਨਾਂ ਹੇਠ 2 ਪੇਟੈਂਟ ਦਰਜ ਹਨ | ਇਸ ਤੋਂ ਇਲਾਵਾ ਮੁੱਲਵਾਧੇ ਦੀਆਂ ਕਈ ਤਕਨੀਕਾਂ ਭੋਜਨ ਪ੍ਰੋਸੈਸਿੰਗ ਉਦਯੋਗ ਵਿੱਚ ਉਹਨਾਂ ਦੀ ਖੋਜ ਵਜੋਂ ਇਸਤੇਮਾਲ ਹੋਈਆਂ | ਡਾ. ਓਬਰਾਏ ਨੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਅਕਾਦਮਿਕ ਖੋਜ ਅਤੇ ਉਦਯੋਗ ਸੰਸਥਾਵਾਂ ਵਿਚਕਾਰ ਆਪਸੀ ਸੰਪਰਕ ਸਥਾਪਿਤ ਕਰਨ ਲਈ ਬੇਹੱਦ ਅਹਿਮ ਕਾਰਜ ਕੀਤਾ |
ਐੱਫ ਐੱਫ ਐੱਸ ਏ ਆਈ ਨਾਲ ਸਾਂਝ ਦੌਰਾਨ ਉਹਨਾਂ ਨੇ ਇੱਕ ਸਲਾਹਕਾਰ ਦੇ ਤੌਰ ਤੇ ਬਹੁਤ ਸਰਗਰਮੀਆਂ ਕੀਤੀਆਂ ਜਿਨ੍ਹਾਂ ਵਿੱਚ ਪੂਰੇ ਭਾਰਤ ਵਿੱਚ 40 ਤੋਂ ਵਧੇਰੇ ਮਾਈਕ੍ਰੋਬਾਇਆਲੋਜੀ ਲੈਬਜ਼ ਦੀ ਸਥਾਪਨਾ ਪ੍ਰਮੁੱਖ ਹੈ | ਇਹਨਾਂ ਵਿੱਚੋਂ ਇੱਕ ਲੈਬ ਪੰਜਾਬ ਦੇ ਖਰੜ ਵਿੱਚ ਸਥਾਪਿਤ ਹੋਈ | ਪੰਜਾਬ ਸਰਕਾਰ ਨਾਲ ਮਿਲ ਕੇ ਕੰਮ ਕਰਦਿਆ ਡਾ. ਓਬਰਾਏ ਨੇ 8 ਭੋਜਨ ਪਰਖ ਮੋਬਾਈਲ ਲੈਬਜ਼ ਸਥਾਪਿਤ ਕਰਵਾਈਆਂ | ਇਸ ਤੋਂ ਇਲਾਵਾ ਉਹਨਾਂ ਨੇ ਰਾਸ਼ਟਰ ਪੱਧਰ ਤੇ ਚੌਲਾਂ ਦੇ ਖੇਤਰ ਵਿੱਚ ਕਾਰਜ ਕੀਤਾ | ਭੋਜਨ ਸੁਰੱਖਿਆ ਦੀਆਂ ਸਾਰੀਆਂ ਧਿਰਾਂ ਨੂੰ ਇੱਕ ਮੰਚ ਤੇ ਲਿਆ ਕੇ ਖਪਤਕਾਰ ਤੱਕ ਸੁਰੱਖਿਅਤ ਭੋਜਨ ਪਹੁੰਚਾਉਣ ਦੇ ਮਿਆਰ ਨਿਰਧਾਰਤ ਕਰਨਾ ਡਾ. ਹਰਿੰਦਰ ਸਿੰਘ ਓਬਰਾਏ ਦਾ ਮਹੱਤਵਪੂਰਨ ਕਾਰਜ ਰਿਹਾ ਹੈ |
ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਅਤੇ ਹੋਰ ਉੱਚ ਅਧਿਕਾਰੀਆਂ ਨੇ ਡਾ. ਓਬਰਾਏ ਨੂੰ ਇਸ ਵੱਕਾਰੀ ਅਹੁਦੇ ਲਈ ਚੁਣੇ ਜਾਣ ’ਤੇ ਵਧਾਈ ਦਿੰਦੇ ਹੋਏ ਭਵਿੱਖ ਵਿੱਚ ਸਫਲਤਾ ਦੀ ਕਾਮਨਾ ਕੀਤੀ|