ਜੋ ਕੰਮ ਪਿਛਲੇ 75 ਸਾਲਾਂ 'ਚ ਨਹੀਂ ਹੋ ਸਕਿਆ, ਬੀਬੀ ਮਾਣੂੰਕੇ ਨੇ ਕਰ ਵਿਖਾਇਆ
ਜਗਰਾਓਂ 12 ਅਗਸਤ (ਕੁਲਦੀਪ ਸਿੰਘ ਕੋਮਲ /ਮੋਹਿਤ ਗੋਇਲ) ਹਲਕਾ ਜਗਰਾਉਂ ਅਤੇ ਰਾਏਕੋਟ ਦੇ ਲੋਕਾਂ ਦੀ ਆਵਾਜ਼ਾਈ ਦੀ ਸਮੱਸਿਆ ਵਿਧਾਇਕਾ ਬੀਬੀ ਮਾਣੂੰਕੇ ਦੀ ਸਖ਼ਤ ਮਿਹਨਤ ਅਤੇ ਲਗਨ ਨਾਲ ਬਹੁਤ ਜ਼ਲਦੀ ਹੱਲ ਹੋਣ ਜਾ ਰਹੀ ਹੈ, ਕਿਉਂਕਿ ਬੀਬੀ ਸਰਵਜੀਤ ਕੌਰ ਮਾਣੂੰਕੇ ਵੱਲੋਂ ਅਬੋਹਰ ਬ੍ਰਾਂਚ ਦੀ ਅਖਾੜਾ ਨਹਿਰ ਉਪਰ ਨਵਾਂ ਅਤੇ ਚੌੜਾ ਪੁੱਲ ਪੰਜਾਬ ਸਰਕਾਰ ਪਾਸੋਂ ਮੰਨਜ਼ੂਰ ਕਰਵਾਉਣ ਉਪਰੰਤ ਨਿਰਮਾਣ ਕਾਰਜ ਸ਼ੁਰੂ ਹੋਣ ਜਾ ਰਹੇ ਹਨ। ਇਹ ਖ਼ਬਰ ਨਸਰ ਹੁੰਦਿਆਂ ਹੀ ਇਲਾਕੇ ਦੇ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ, ਕਿਉਂਕਿ ਜੋ ਕੰਮ ਪਿਛਲੀਆਂ ਸਰਕਾਰਾਂ ਨੇ 75 ਸਾਲਾਂ ਦੌਰਾਨ ਨਹੀਂ ਕਰਵਾਇਆ, ਉਹ ਕੰਮ ਬੀਬੀ ਮਾਣੂੰਕੇ ਨੇ ਕਰ ਵਿਖਾਇਆ ਹੈ। ਅਖਾੜਾ ਨਹਿਰ ਉਪਰ ਨਵੇਂ ਪੁਲ ਦੇ ਨਿਰਮਾਣ ਦਾ ਨੀਂਹ ਪੱਥਰ ਬੀਬੀ ਸਰਵਜੀਤ ਕੌਰ ਮਾਣੂੰਕੇ ਕੱਲ੍ਹ 14 ਅਗਸਤ ਦਿਨ ਸੋਮਵਾਰ ਨੂੰ ਸਵੇਰੇ 10 ਵਜੇ ਪੂਰੇ ਜਾਹੋ-ਜ਼ਲਾਲ ਨਾਲ ਰੱਖਣਗੇ। ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਵਿਧਾਇਕਾ ਮਾਣੂੰਕੇ ਦੇ ਪਤੀ ਪ੍ਰੋਫੈਸਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਮਾਲਵੇ ਨੂੰ ਦੁਆਬੇ ਨਾਲ ਜੋੜਨ ਵਾਲਾ ਅਤੇ ਜਗਰਾਉਂ ਹਲਕੇ ਅਧੀਨ ਪੈਂਦੀ ਅਖਾੜਾ ਨਹਿਰ ਉਪਰ ਅੰਗਰੇਜ਼ਾਂ ਵੇਲਾ ਦਾ ਬਣਿਆ ਪੁਲ ਬਹੁਤ ਹੀ ਤੰਗ ਹੈ, ਜੋ ਲਗਭਗ 38 ਸਾਲ ਪਹਿਲਾਂ ਆਪਣੀ ਮਿਆਦ ਪੁਗਾ ਚੁੱਕਾ ਹੈ। ਜਿਸ ਕਰਕੇ ਇਲਾਕੇ ਦੇ ਲੋਕ ਆਪਣੀ ਜ਼ਾਨ ਜ਼ੋਖਮ ਵਿੱਚ ਪਾ ਕੇ ਇਸ ਪੁੱਲ ਉਪਰ ਦੀ ਗੁਜ਼ਰਦੇ ਹਨ। ਲੋਕਾਂ ਦੀ ਇਸ ਵੱਡੀ ਸਮੱਸਿਆ ਨੂੰ ਵੇਖਦੇ ਹੋਏ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਅਤੇ ਸਾਰੀ ਟੀਮ ਨੇ ਪੂਰੀ ਲਗਨ ਨਾਲ ਮਿਹਨਤ ਕਰਕੇ ਪੀ.ਡਬਲਿਯੂ.ਡੀ. ਵਿਭਾਗ ਦੇ ਅਧਿਕਾਰੀਆਂ ਦੇ ਸਹਿਯੋਗ ਸਦਕਾ ਨਵੇਂ ਪੁੱਲ ਦੇ ਪ੍ਰੋਜੈਕਟ ਨੂੰ ਪਾਸ ਕਰਵਾਉਣ ਵਿੱਚ ਸਫ਼ਲ ਹੋਏ ਹਨ ਅਤੇ ਇਸ ਨਵੇਂ ਪੁੱਲ ਨੂੰ ਬਨਾਉਣ ਲਈ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਯੋਗ ਅਗਵਾਈ ਅਤੇ ਪੀ.ਡਬਲਿਯੂ.ਡੀ.ਵਿਭਾਗ ਦੇ ਮੰਤਰੀ ਹਰਭਜਨ ਸਿੰਘ ਟੀ.ਟੀ.ਓ. ਦੇ ਯਤਨਾਂ ਸਦਕਾ ਪੰਜਾਬ ਸਰਕਾਰ ਵੱਲੋਂ 7 ਕਰੋੜ 80 ਲੱਖ ਰੁਪਏ ਜਾਰੀ ਕਰ ਦਿੱਤੇ ਗਏ ਹਨ। ਪ੍ਰੋਫੈਸਰ ਸੁਖਵਿੰਦਰ ਸਿੰਘ ਨੇ ਹੋਰ ਦੱਸਿਆ ਕਿ ਇਹ ਨਵਾਂ ਪੁੱਲ 60 ਮੀਟਰ ਲੰਬਾ ਅਤੇ 40 ਫੁੱਟ ਚੌੜਾ ਬਣੇਗਾ, ਜਦੋਂ ਕਿ ਪਹਿਲਾਂ ਬਣਿਆਂ ਪੁੱਲ ਮਸਾਂ ਹੀ 15 ਕੁ ਫੁੱਟ ਚੌੜਾ ਹੈ। ਇਸ ਨਵੇਂ ਪੁਲ ਦੇ ਬਣਨ ਨਾਲ ਇਲਾਕੇ ਦੇ ਲੋਕਾਂ ਨੂੰ ਬਹੁਤ ਵੱਡੀ ਰਾਹਤ ਮਿਲੇਗੀ। ਉਹਨਾਂ ਕਿਹਾ ਕਿ ਇਹ ਪੁੱਲ ਲਗਭਗ ਇੱਕ ਸਾਲ ਦੇ ਅੰਦਰ ਅੰਦਰ ਬਣਕੇ ਤਿਆਰ ਹੋ ਜਾਵੇਗਾ ਅਤੇ ਲੋਕਾਂ ਲਈ ਚਾਲੂ ਕਰ ਦਿੱਤਾ ਜਾਵੇਗਾ। ਪ੍ਰੋਫੈਸਰ ਸੁਖਵਿੰਦਰ ਸਿੰਘ ਨੇ ਇਲਾਕੇ ਦੇ ਲੋਕਾਂ ਨੂੰ ਅਪੀਲ ਕਰਦਿਆਂ ਆਖਿਆ ਕਿ ਲੋਕ ਆਪਣੇ ਨਿੱਜੀ ਅਤੇ ਸਿਆਸੀ ਹਿੱਤਾਂ ਤੋਂ ਉਪਰ ਉਠਕੇ ਚਾਅ ਅਤੇ ਉਤਸ਼ਾਹ ਨਾਲ ਨਵੇਂ ਪੁੱਲ ਦੇ ਨੀਂਹ ਪੱਥਰ ਸਮਾਗਮ ਮੌਕੇ ਹੁੰਮ-ਹੁੰਮਾ ਕੇ ਪਹੁੰਚਣ। ਇਸ ਮੌਕੇ ਉਹਨਾਂ ਦੇ ਨਾਲ ਸਾਬਕਾ ਕੌਸਲਰ ਕੁਲਵਿੰਦਰ ਸਿੰਘ ਕਾਲਾ, ਕਮਲਜੀਤ ਸਿੰਘ ਕਮਾਲਪੁਰਾ, ਕਰਮਜੀਤ ਸਿੰਘ ਡੱਲਾ, ਸੁਰਿੰਦਰ ਸਿੰਘ ਅਖਾੜਾ, ਸਾਬਕਾ ਸਰਪੰਚ ਸੇਵਾ ਸਿੰਘ ਚੀਮਾਂ, ਨੰਬਰਦਾਰ ਹਰਦੀਪ ਸਿੰਘ ਚੀਮਾਂ, ਜਗਰੂਪ ਸਿੰਘ ਧਾਲੀਵਾਲ, ਅਮਰਦੀਪ ਸਿੰਘ ਟੂਰੇ, ਨਿਰਭੈ ਸਿੰਘ ਹੰਸਰਾ, ਨੋਨੀ ਸੈਂਭੀ, ਗੋਪਾਲ ਸਿੰਘ ਕਮਾਲਪੁਰਾ, ਡਾ.ਮਨਦੀਪ ਸਿੰਘ ਸਰਾਂ, ਕਰਤਾਰ ਸਿੰਘ ਸਵੱਦੀ, ਸਰਪੰਚ ਸੁਰਜੀਤ ਸਿੰਘ ਜਨੇਤਪੁਰਾ, ਬੱਬੂ ਦੇਹੜਕਾ, ਜੀਵਨ ਸਿੰਘ ਦੇਹੜਕਾ, ਮਿੰਟੂ ਮਾਣੂੰਕੇ, ਹਰਪ੍ਰੀਤ ਸਿੰਘ ਮਾਣੂੰਕੇ, ਪਰਮਿੰਦਰ ਸਿੰਘ ਹਠੂਰ, ਤਰਸੇਮ ਸਿੰਘ ਹਠੂਰ, ਕਾਕਾ ਬੱਸੂਵਾਲ, ਗੁਰਦੇਵ ਸਿੰਘ ਚਕਰ, ਬਲਵੀਰ ਸਿੰਘ ਲੱਖਾ, ਟਰੱਕ ਯੂਨੀਅਨ ਜਗਰਾਉਂ ਦੇ ਪ੍ਰਧਾਨ ਦਵਿੰਦਰ ਸਿੰਘ ਰਾਜਨ ਗਿੱਲ ਅਤੇ ਜਗਦੇਵ ਸਿੰਘ ਅਖਾੜਾ ਆਦਿ ਵੀ ਹਾਜ਼ਰ ਸਨ।