You are here

ਪੀ.ਏ.ਯੂ. ਨੇ ਟਮਾਟਰਾਂ ਦੇ ਹਾਈਬ੍ਰਿਡ ਦੇ ਵਪਾਰੀਕਰਨ ਲਈ ਸੰਧੀ ਕੀਤੀ

ਲੁਧਿਆਣਾ 11 ਅਗਸਤ(ਟੀ ਕੇ) ਪੀ.ਏ.ਯੂ. ਨੇ ਬੀਤੇ ਦਿਨੀਂ ਮੱਧ ਪ੍ਰਦੇਸ਼ ਸਥਿਤ ਇੱਕ ਕੰਪਨੀ ਖਜੁਰਾਹੋ ਸੀਡਜ਼ ਪ੍ਰਾਈਵੇਟ ਲਿਮਿਟਡ, ਭੋਪਾਲ ਨਾਲ ਟਮਾਟਰਾਂ ਦੀਆਂ ਦੋ ਹਾਈਬ੍ਰਿਡ ਕਿਸਮਾਂ ਟੀ ਐੱਚ-1 ਅਤੇ ਪੀ ਟੀ ਐੱਚ-2 ਦੇ ਵਪਾਰੀਕਰਨ ਲਈ ਸੰਧੀ ਤੇ ਸਹੀ ਪਾਈ | 
ਪੀ.ਏ.ਯੂ. ਦੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਅਤੇ ਸੰਬੰਧਿਤ ਫਰਮ ਵੱਲੋਂ ਸ਼੍ਰੀ ਨੀਕੇ ਨਵੀਨ ਸਾਹੂ ਨੇ ਸਮਝੌਤੇ ਦੀਆਂ ਸ਼ਰਤਾਂ ਉੱਪਰ ਦਸਤਖਤ ਕੀਤੇ | 

ਵਧੀਕ ਨਿਰਦੇਸ਼ਕ ਖੋਜ ਡਾ. ਗੁਰਸਾਹਿਬ ਸਿੰਘ ਮਨੇਸ ਅਤੇ ਤਕਨਾਲੋਜੀ ਮਾਰਕੀਟਿੰਗ ਸੈੱਲ ਦੇ ਸਹਿਯੋਗੀ ਨਿਰਦੇਸ਼ਕ ਡਾ. ਖੁਸ਼ਦੀਪ ਧਰਨੀ ਨੇ ਇਸ ਸਮਝੌਤੇ ਲਈ ਸਬਜ਼ੀ ਵਿਗਿਆਨ ਵਿਭਾਗ ਦੇ ਮੁਖੀ ਡਾ. ਤਰਸੇਮ ਸਿੰਘ ਢਿੱਲੋਂ ਅਤੇ ਸਬਜ਼ੀ ਬਰੀਡਰ ਡਾ. ਐੱਸ ਕੇ ਜਿੰਦਲ ਨੂੰ ਵਧਾਈ ਦਿੱਤੀ | 

ਡਾ. ਤਰਸੇਮ ਸਿੰਘ ਢਿੱਲੋਂ ਨੇ ਦੱਸਿਆ ਕਿ ਪੀ.ਏ.ਯੂ. ਦੀਆਂ ਸਬਜ਼ੀਆਂ ਦੀਆਂ ਕਿਸਮਾਂ ਅਤੇ ਹਾਈਬ੍ਰਿਡਾਂ ਦੀ ਭਾਰੀ ਮੰਗ ਹੈ | ਇਹ ਮੰਗ ਸਰਕਾਰੀ ਅਤੇ ਨਿੱਜੀ ਦੋਵਾਂ ਸੈਕਟਰਾਂ ਵਿੱਚ ਪਾਈ ਜਾਂਦੀ ਹੈ | ਪੀ.ਏ.ਯੂ. ਨੇ ਹੁਣ ਤੱਕ ਸਬਜ਼ੀਆਂ ਦੀਆਂ ਵੱਖ-ਵੱਖ ਕਿਸਮਾਂ ਲਈ ਜੋ ਸਮਝੌਤੇ ਕੀਤੇ ਉਹ ਭਾਗੀਦਾਰੀ ਲਈ ਵਿਸ਼ੇਸ਼ ਤੌਰ ਤੇ ਲਾਹੇਵੰਦ ਸਿੱਧ ਹੋਏ ਹਨ | ਉਹਨਾਂ ਇਹ ਵੀ ਦੱਸਿਆ ਕਿ ਅੱਜ ਤੱਕ ਸਬਜ਼ੀਆਂ ਦੀਆਂ ਵੱਖ-ਵੱਖ ਕਿਸਮਾਂ ਅਤੇ ਹਾਈਬ੍ਰਿਡਾਂ ਲਈ 57 ਸਮਝੌਤੇ ਕੰਪਨੀਆਂ, ਫਰਮਾਂ ਅਤੇ ਅਗਾਂਹਵਧੂ ਕਿਸਾਨਾਂ ਨਾਲ ਕੀਤੇ ਗਏ ਹਨ | 

ਇਸ ਮੌਕੇ ਡਾ. ਜਿੰਦਲ ਨੇ ਦੱਸਿਆ ਕਿ ਟੀ ਐੱਚ-1 ਵਧੇਰੇ ਝਾੜ ਦੇਣ ਵਾਲਾ ਟਮਾਟਰਾਂ ਦਾ ਹਾਈਬ੍ਰਿਡ ਹੈ | ਇਸਦਾ ਝਾੜ ਤਕਰੀਬਨ 245 ਕੁਇੰਟਲ ਪ੍ਰਤੀ ਏਕੜ ਤੱਕ ਆ ਜਾਂਦਾ ਹੈ | ਇਸ ਕਿਸਮ ਦੇ ਫਲ ਗੂੜੇ ਲਾਲ, ਗੋਲ ਅਤੇ 70-75 ਗ੍ਰਾਮ ਦੇ ਕਰੀਬ ਔਸਤਨ ਭਾਰ ਵਾਲੇ ਹੁੰਦੇ ਹਨ | ਵਧੇਰੇ ਲੰਮੇ ਸਮੇਂ ਤੱਕ ਰੱਖੇ ਜਾਣ ਕਾਰਨ ਇਸ ਕਿਸਮ ਨੂੰ ਇੱਕ ਤੋਂ ਦੂਜੀ ਜਗ੍ਹਾ ਲਿਜਾਣਾ ਸੌਖਾ ਹੈ | ਉਹਨਾਂ ਦੱਸਿਆ ਕਿ ਪੀ ਟੀ ਐੱਚ-2 ਦਾ ਔਸਤਨ ਝਾੜ 270 ਕੁਇੰਟਲ ਪ੍ਰਤੀ ਏਕੜ ਤੱਕ ਆ ਜਾਂਦਾ ਹੈ | ਇਹ ਕਿਸਮ ਝੁਲਸ ਰੋਗ ਅਤੇ ਜੜ੍ਹਾਂ ਦੀਆਂ ਗੰਢਾਂ ਦੀ ਬਿਮਾਰੀ ਦਾ ਸਾਹਮਣਾ ਕਰਨ ਦੀ ਸਮਰਥਾ ਰੱਖਦੀ ਹੈ | ਇਸ ਕਿਸਮ ਦੇ ਫਲ ਗੋਲ, ਗੂੜ੍ਹੇ ਲਾਲ ਅਤੇ 75-80 ਗ੍ਰਾਮ ਔਸਤ ਭਾਰ ਵਾਲੇ ਹੁੰਦੇ ਹਨ | ਇਸ ਕਿਸਮ ਵਿੱਚ ਟੀ ਐੱਸ ਐੱਸ ਦੀ ਮਾਤਰਾ 4.2 ਪ੍ਰਤੀਸ਼ਤ ਅਤੇ ਲਾਈਕੋਪੀਨ ਦੀ ਮਾਤਰਾ 4.7 ਪ੍ਰਤੀਸ਼ਤ ਤੱਕ ਪਾਈ ਜਾਂਦੀ ਹੈ | ਇਹ ਕਿਸਮ ਪ੍ਰੋਸੈਸਿੰਗ ਲਈ ਵੀ ਢੁੱਕਵੀਂ ਹੈ | 

ਡਾ. ਖੁਸ਼ਦੀਪ ਧਰਨੀ ਨੇ ਦੱਸਿਆ ਕਿ ਪੀ.ਏ.ਯੂ. ਨੇ ਹੁਣ ਤੱਕ ਵੱਖ-ਵੱਖ ਤਕਨੀਕਾਂ ਦੇ ਪਸਾਰ ਲਈ 330 ਸਮਝੌਤੇ ਕੀਤੇ ਹਨ |