ਲੁਧਿਆਣਾ, 12 ਅਗਸਤ (ਕੇ. ਟੀ. ) - ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਗਤੀਸ਼ੀਲ ਅਗਵਾਈ ਅਧੀਨ ਪੰਜਾਬ ਦੀ ਜਨਤਾ ਨੂੰ ਹਰ ਪੱਖ ਤੋਂ ਸਹੂਲਤਾਂ ਦੇਣ ਦੇ ਮੰਤਵ ਨਾਲ ਖਾਸ ਕਰਕੇ ਨੇਤਰਹੀਣਾਂ ਲਈ, ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਮੰਤਰੀ ਡਾ:ਬਲਜੀਤ ਕੌਰ ਦੀ ਰਹਿਨੁੰਮਾਈ ਹੇਠ, ਡਾਇਰੈਕਟਰ, ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਸ੍ਰੀਮਤੀ ਮਾਧਵੀ ਕਟਾਰੀਆਂ ਦੀ ਪ੍ਰਧਾਨਗੀ ਹੇਠ ਨੇਤਰਹੀਣਾਂ ਵਾਸਤੇ ਸਾਰਾ ਸਿਲੇਬਸ ਅਤੇ ਉੱਘੀਆਂ ਸ਼ਖਸੀਅਤਾਂ ਦੁਆਰਾ ਲਿਖੇ ਗਏ ਸਾਹਿਤ ਨੂੰ ਆਡਿਓ ਰਾਹੀਂ ਮੁਹੱਈਆ ਕਰਵਾਉਣ ਸਬੰਧੀ ਇਕ ਮੀਟਿੰਗ ਬ੍ਰੇਲ ਭਵਨ ਲੁਧਿਆਣਾ ਵਿਖੇ ਕੀਤੀ ਗਈ।
ਮੀਟਿੰਗ ਦੌਰਾਨ ਡਾਇਰੈਕਟਰ ਮਾਧਵੀ ਕਟਾਰੀਆ ਵੱਲੋਂ ਦਿਸ਼ਾ ਨਿਰਦੇਸ਼ ਦਿੱਤੇ ਗਏ ਕਿ ਨੇਤਰਹੀਣ ਵਿਦਿਆਰਥੀਆਂ ਦੀ ਰੁਚੀ ਅਨੁਸਾਰ ਪੰਜਾਬ ਦੀਆਂ ਉੱਘੀਆਂ ਸਖਸ਼ੀਅਤਾਂ ਦੁਆਰਾ ਲਿਖੇ ਗਏ ਸਾਹਿਤ ਨਾਲ ਜੋੜਨ ਲਈ ਨੇਤਰਹੀਣ ਵਿਦਿਆਰਥੀਆਂ ਦੇ ਲਈ ਇੱਕ ਨਿਵੇਕਲਾ ਉਪਰਾਲਾ ਇੱਕ ਖਾਸ ਮੁਹਿੰਮ ਰਾਹੀਂ ਕੀਤਾ ਜਾਵੇਗਾ ਜਿਸ ਵਿੱਚ ਆਡਿਓ ਰਿਕਾਰਡਿੰਗਜ਼ ਕਰਕੇ ਸਿਲੇਬਸ ਦੀਆਂ ਪੁਸਤਕਾਂ, ਇਤਿਹਾਸਿਕ ਰਚਨਾਵਾਂ, ਇਕਾਂਗੀਆਂ, ਕਹਾਣੀਆਂ ਦੀ ਰਿਕਾਰਡਿੰਗ ਉੱਘੇ ਸਾਹਿਤਕਾਰਾਂ, ਲੇਖਕਾਂ ਅਤੇ ਵਿਸ਼ਾ ਮਾਹਿਰਾਂ ਦੁਆਰਾ ਕੀਤੀ ਜਾਵੇ ਅਤੇ ਉਸਦਾ ਇਕ ਯੂਟਿਊਬ ਲਿੰਕ ਤਿਆਰ ਕਰਕੇ ਨੇਤਰਹੀਣ ਵਿਦਿਆਰਥੀਆਂ ਤੱਕ ਪਹੁੰਚਾਇਆ ਜਾਵੇ।
ਉਹਨਾਂ ਉੱਘੇ ਸਾਹਿਤਕਾਰਾਂ, ਸਖਸੀਅਤਾਂ, ਕਹਾਣੀਕਾਰਾਂ ਆਦਿ ਨੂੰ ਅਪੀਲ ਕੀਤੀ ਕਿ ਉਹ ਰਿਕਾਰਡਿੰਗ ਕਰਨ ਵਿੱਚ ਅੱਗੇ ਆਉਣ ਤੇ ਆਪਣੀ ਆਵਾਜ ਵਿੱਚ ਸਿਲੇਬਸ/ਇਕਾਂਗੀਆਂ/ਕਹਾਣੀਆਂ ਆਦਿ ਰਿਕਾਰਡ ਕਰਕੇ ਈ-ਮੇਲ- audiostudio.ludhiana@gmail.com ਜਾਂ ਵਟਸਐਪ ਨੰਬਰ 98761-27461 ਅਤੇ 80549-21000 ਤੇ ਭੇਜਣ ਜਾਂ ਕਿਸੇ ਤਰ੍ਹਾਂ ਦੀ ਤਕਨੀਕੀ ਸਹਾਇਤਾ ਲਈ ਇਨ੍ਹਾਂ ਨਾਲ ਸੰਪਰਕ ਕਰਨ ਤਾਂ ਜੋ ਨੇਤਰਹੀਣ ਵਿਦਿਆਰਥੀ ਇਹਨਾਂ ਰਿਕਾਡਿੰਗਜ ਦਾ ਵੱਧ ਤੋਂ ਵੱਧ ਲਾਭ ਲੈ ਸਕਣ।
ਇਸ ਸਬੰਧੀ ਡਾਇਰੈਕਟਰ ਵੱਲੋਂ ਪਹਿਲਕਦਮੀ ਕਰਦਿਆਂ ਬਾਰਵੀਂ ਜਮਾਤ ਦੀ ਇੰਗਲਿਸ਼ ਰੀਡਰ ਦੀ ਪੁਸਤਕ ਦਾ ਪਹਿਲਾ ਪਾਠ ਮੰਡੇ ਮੋਰਨਿੰਗ (Monday Morning) ਖੁਦ ਬੋਲ ਕੇ ਰਿਕਾਰਡ ਵੀ ਕੀਤਾ ਗਿਆ। ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਅਪੀਲ ਵੀ ਕੀਤੀ ਗਈ ਕਿ ਨੇਤਰਹੀਣ ਵਿਦਿਆਰਥੀਆਂ ਨੂੰ ਸਾਹਿਤਕ ਰਚਨਾਵਾਂ ਜਿਵੇਂ ਕਹਾਣੀਆਂ, ਕਵਿਤਾਵਾਂ ਅਤੇ ਅਜਿਹੇ ਸਾਹਿਤਕਾਰ ਸ਼ਖਸੀਅਤਾਂ ਜਿੰਨ੍ਹਾਂ ਨੇ ਨੇਤਰਹੀਣਾਂ ਵਾਸਤੇ ਨਿਵੇਕਲਾ ਕਦਮ ਚੁੱਕਿਆ ਹੈ, ਉਸ ਬਾਰੇ ਵਿਦਿਆਰਥੀਆਂ ਨੂੰ ਆਡਿਓ ਰਿਕਾਰਡਿੰਗ ਦੁਆਰਾ ਜਾਣੂ ਕਰਵਾਇਆ ਜਾਵੇ।
ਇਸ ਲੜੀ ਅਧੀਨ ਪਹਿਲੀ ਇੰਟਰਵਿਊ ਪ੍ਰਸਿੱਧ ਵਿਦਵਾਨ, ਫੋਟੋਗ੍ਰਾਫਰ, ਚਿੱਤਰਕਾਰ ਅਤੇ ਸਾਹਿਤਕਾਰ ਸ. ਜਨਮੇਜਾ ਸਿੰਘ ਜੌਹਲ ਨਾਲ ਕੀਤੀ ਗਈ, ਜਿਸ ਨੂੰ ਯੂਟਿਊ ਦੇ ਮਾਧਿਅਮ ਰਾਹੀਂ ਵਿਦਿਆਰਥੀਆਂ ਤੱਕ ਪਹੁੰਚਾਇਆ ਗਿਆ। ਵਿਦਿਆਰਥੀਆਂ ਅਤੇ ਆਮ ਲੋਕਾਂ ਵੱਲੋਂ ਇਸ ਨੂੰ ਬੇਹੱਦ ਪਸੰਦ ਕੀਤਾ ਗਿਆ, ਉਹਨਾਂ ਨੇ ਬਹੁਤ ਸਰਲ ਤਰੀਕੇ ਨਾਲ ਨੇਤਰਹੀਣ ਵਿਦਿਆਰਥੀਆਂ ਨੂੰ ਜਿੰਦਗੀ ਵਿੱਚ ਆਉਣ ਵਾਲੀਆਂ ਸਮੱਸਿਆਵਾਂ ਦਾ ਹੱਲ ਕਰਨ ਬਾਰੇ ਦੱਸਿਆ ਅਤੇ ਹੋਰ ਕਈ ਪਹਿਲੂਆਂ ਤੇ ਵਿਸਥਾਰ ਨਾਲ ਚਰਚਾ ਕੀਤੀ।
ਇਸ ਕੰਮ ਨੂੰ ਨੇਪਰੇ ਚੜਾਉਣ ਲਈ ਡਾਇਰੈਕਟਰ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ, ਚੰਡੀਗੜ੍ਹ ਨੇ ਇਹ ਵੀ ਕਿਹਾ ਕਿ ਨੇਤਰਹੀਣ ਵਿਦਿਆਰਥੀਆਂ ਨੂੰ ਸਾਹਿਤਕ ਰਚਨਾਵਾਂ ਅਤੇ ਪੜ੍ਹਾਈ ਨਾਲ ਸਬੰਧਤ ਸਿਲੇਬਸ ਦੀ ਜਾਣਕਾਰੀ ਨੂੰ ਬ੍ਰੇਲ ਲਿੱਪੀ ਦੇ ਨਾਲ ਨਾਲ ਰਿਕਾਰਡਿੰਗ ਰਾਹੀਂ ਵੀ ਮੁਹੱਈਆ ਕਰਵਾਇਆ ਜਾਵੇ ਤਾਂ ਜੋ ਨੇਤਰਹੀਣ ਵਿਦਿਆਰਥੀ ਵੱਖ-ਵੱਖ ਵਿਸ਼ਿਆਂ ਜਿਵੇ ਕਿ ਗਣਿਤ ਅਤੇ ਵਿਗਿਆਨ ਆਦਿ ਨੂੰ ਸਿੱਖਣ ਵਿੱਚ ਵੀ ਉਤਸ਼ਾਹ ਦਿਖਾ ਸਕਣ ਅਤੇ ਉਨ੍ਹਾਂ ਇਹ ਵੀ ਕਿਹਾ ਕਿ ਇਨਾਂ ਸਹੂਲਤਾਂ ਦੀ ਆਮ ਜਨਤਾ ਅਤੇ ਨੇਤਰਹੀਣ ਵਰਗ ਨੂੰ ਦੋ ਮਹੀਨੇ ਕੰਪੇਨ ਚਲਾ ਕੇ ਜਾਣਕਾਰੀ ਦਿੱਤੀ ਜਾਣੀ ਯਕੀਨੀ ਬਣਾਈ ਜਾਵੇ।
ਮੀਟਿੰਗ ਦੌਰਾਨ ਸ.ਵਰਿੰਦਰ ਸਿੰਘ ਟਿਵਾਣਾ, ਜਿਲ੍ਹਾ ਸਮਾਜਿਕ ਸੁਰੱਖਿਆ ਅਫਸਰ, ਸ.ਕੁਲਵਿੰਦਰ ਸਿੰਘ ਰੰਧਾਵਾ ਜਿਲ੍ਹਾ ਪ੍ਰੋਗਰਾਮ ਅਫਸਰ, ਜਿਲ੍ਹਾ ਬਾਲ ਸੁਰੱਖਿਆ ਅਫਸਰ ਸ਼੍ਰੀਮਤੀ ਰਸ਼ਮੀ, ਸ. ਰਸਾਲ ਸਿੰਘ ਨੈਰੇਟਰ, ਸ. ਅਮਨਦੀਪ ਸਿੰਘ ਇੰਚਾਰਜ ਬਰੇਲ ਪ੍ਰੈੱਸ ਅਤੇ ਹੋਰ ਸਟੂਡਿਓ ਮੈਂਬਰ ਮੌਜੂਦ ਸਨ।