ਲੁਧਿਆਣਾ 8 ਅਗਸਤ (ਟੀ. ਕੇ.
ਅੱਜ ਪੀ.ਏ.ਯੂ. ਵਿੱਚ ਹੋਏ ਇੱਕ ਵਿਸ਼ੇਸ਼ ਸਮਾਰੋਹ ਵਿੱਚ ਰੁੱਖ ਲਾਉਣ ਦੀ ਮੁਹਿੰਮ ਦਾ ਆਰੰਭ ਕੀਤਾ ਗਿਆ | ਕਲੀਨ ਐਂਡ ਗਰੀਨ ਪੀ.ਏ.ਯੂ. ਕੈਂਪਸ ਮੁਹਿੰਮ ਤਹਿਤ ਯੂਨੀਵਰਸਿਟੀ ਦੇ ਡਾਇਮੰਡ ਜੁਬਲੀ ਵਰ•ੇ ਨੂੰ ਸਮਰਪਿਤ ਇਸ ਮੁਹਿੰਮ ਦਾ ਆਗਾਜ਼ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਆਪਣੇ ਕਰ-ਕਮਲਾਂ ਨਾਲ ਕੀਤਾ | ਬੋਟੈਨੀਕਲ ਗਾਰਡਨ ਵਿੱਚ ਰੁੱਖ ਲਾਉਣ ਦੀ ਇਸ ਵਿਸ਼ੇਸ਼ ਮੁਹਿੰਮ ਵਿੱਚ ਯੂਨੀਵਰਸਿਟੀ ਦੇ ਉੱਚ ਅਧਿਕਾਰੀ ਅਤੇ ਕਰਮਚਾਰੀ ਸ਼ਾਮਿਲ ਹੋਏ | ਇਸ ਸਮਾਰੋਹ ਨੂੰ ਮਿਲਖ ਦਫਤਰ ਨੇ ਫਲੋਰੀਕਲਚਰ ਅਤੇ ਲੈਂਡਸਕੇਪਿੰਗ ਵਿਭਾਗ ਤੋਂ ਇਲਾਵਾ ਬੋਟਨੀ ਵਿਭਾਗ ਅਤੇ ਜੰਗਲਾਤ ਅਤੇ ਕੁਦਰਤੀ ਸਰੋਤ ਵਿਭਾਗ ਦੇ ਸਹਿਯੋਗ ਨਾਲ ਵਿਉਂਤਿਆ ਸੀ |
ਇਸ ਮੌਕੇ ਗੱਲਬਾਤ ਕਰਦਿਆਂ ਵਾਈਸ ਚਾਂਸਲਰ ਡਾ. ਗੋਸਲ ਨੇ ਕਿਹਾ ਕਿ ਪੀ.ਏ.ਯੂ. ਬੋਟੈਨੀਕਲ ਗਾਰਡਨ ਵਿੱਚ ਦੁਰਲਭ ਬੂਟਿਆਂ ਦਾ ਜ਼ਖੀਰਾ ਮੌਜੂਦ ਹੈ ਜਿਨ੍ਹਾਂ ਵਿੱਚ ਔਸ਼ਧੀ ਪੌਦੇ, ਮਹਿਕਦਾਰ ਪੌਦੇ ਅਤੇ ਮਸਾਲੇਦਾਰ ਪੌਦੇ ਸ਼ਾਮਿਲ ਹਨ | ਇਸ ਤੋਂ ਇਲਾਵਾ 50 ਕਿਸਮਾਂ ਦਾ ਕੈਕਟਸ ਵੀ ਇਸ ਬਾਗ ਵਿੱਚ ਮੌਜੂਦ ਹੈ | ਡਾ. ਗੋਸਲ ਨੇ ਵਾਤਾਵਰਨ ਦੀ ਸੰਭਾਲ ਅਤੇ ਕੁਦਰਤੀ ਸਰੋਤਾਂ ਦੀ ਸੁਰੱਖਿਆ ਬਾਰੇ ਯੂਨੀਵਰਸਿਟੀ ਦੀ ਪ੍ਰਤੀਬੱਧਤਾ ਨੂੰ ਦੁਹਰਾਇਆ | ਉਹਨਾਂ ਕਿਹਾ ਕਿ ਮੁੱਖ ਮੰਤਵ ਬੋਟੈਨੀਕਲ ਗਾਰਡਨ ਨੂੰ ਵਿਦਿਆਰਥੀਆਂ ਅਤੇ ਬਨਸਪਤੀ ਖੋਜੀਆਂ ਲਈ ਸਾਜ਼ਗਾਰ ਮਾਹੌਲ ਵਿੱਚ ਢਾਲਣਾ ਹੈ |
ਵਾਈਸ ਚਾਂਸਲਰ ਡਾ. ਗੋਸਲ ਨੇ ਵਾਤਾਵਰਨ ਪ੍ਰੇਮੀਆਂ ਅਤੇ ਆਮ ਲੋਕਾਂ ਨੂੰ ਵੱਧ ਤੋਂ ਵੱਧ ਰੁੱਖ ਲਾਉਣ ਦੀ ਅਪੀਲ ਕੀਤੀ | ਉਹਨਾਂ ਕਿਹਾ ਕਿ ਬਦਲਦੇ ਮੌਸਮੀ ਦ੍ਰਿਸ਼ ਵਿੱਚ ਕੁਦਰਤੀ ਸਰੋਤਾਂ ਦੇ ਸਮਤੋਲ ਨੂੰ ਬਣਾਈ ਰੱਖਣ ਲਈ ਸਾਨੂੰ ਬਹੁਤ ਸਾਰੇ ਰੁੱਖਾਂ ਦੀ ਲੋੜ ਹੈ | ਉਹਨਾਂ ਨੇ ਇਸ ਮੌਕੇ ਖੇਤੀ ਦੇ ਨਾਲ-ਨਾਲ ਔਸ਼ਧੀ ਅਤੇ ਸਜਾਵਟੀ ਪੌਦਿਆਂ ਦੀ ਬੋਟੈਨੀਕਲ ਗਾਰਡਨ ਵਿੱਚ ਮੌਜੂਦਗੀ ਬਾਰੇ ਵੀ ਗੱਲਬਾਤ ਕੀਤੀ | ਕੁਦਰਤ ਦੀ ਜੈਵਿਕ ਭਿੰਨਤਾ ਦੇ ਮਹੱਤਵ ਤੋਂ ਗੱਲ ਕਰਦਿਆਂ ਡਾ. ਗੋਸਲ ਨੇ ਕਿਹਾ ਮੌਜੂਦਾ ਸਮੇਂ ਬਨਸਪਤੀ ਬਗੀਚੇ ਲੋਕਾਂ ਨੂੰ ਆਪਣੇ ਘਰਾਂ ਅਤੇ ਆਸ-ਪਾਸ ਦੇ ਸਾਂਝੇ ਸਥਾਨਾਂ ਵਿੱਚ ਵੱਧ ਤੋਂ ਵੱਧ ਰੁੱਖ ਲਾਉਣ ਲਈ ਪ੍ਰੇਰਿਤ ਕਰ ਸਕਦੇ ਹਨ |
ਮਿਲਖ ਅਧਿਕਾਰੀ ਡਾ. ਰਿਸ਼ੀਇੰਦਰ ਸਿੰਘ ਗਿੱਲ ਨੇ ਇਸ ਸਮਾਰੋਹ ਵਿੱਚ ਸਵਾਗਤ ਦੇ ਸ਼ਬਦ ਕਹਿੰਦਿਆਂ ਪੀ.ਏ.ਯੂ. ਕੈਂਪਸ ਨੂੰ ਹੋਰ ਹਰਾ ਭਰਾ ਅਤੇ ਸਾਫ਼-ਸੁਥਰਾ ਬਨਾਉਣ ਲਈ ਸਮੂਹ ਕਰਮਚਾਰੀਆਂ ਅਤੇ ਅਧਿਆਪਕਾਂ ਨੂੰ ਸੱਦਾ ਦਿੱਤਾ | ਉਹਨਾਂ ਕਿਹਾ ਕਿ ਕੁਝ ਸਾਲ ਪਹਿਲਾਂ ਯੂਨੀਵਰਸਿਟੀ ਨੇ ਕਲੀਨ ਐਂਡ ਗਰੀਨ ਕੈਂਪਸ ਦਾ ਐਵਾਰਡ ਜਿੱਤਿਆ ਸੀ | ਇਸ ਨੂੰ ਹੋਰ ਸਾਫ ਸੁਥਰਾ ਅਤੇ ਹਰਿਆਲੀ ਭਰਪੂਰ ਬਨਾਉਣਾ ਸਾਡੀ ਸਭ ਦੀ ਜ਼ਿੰਮੇਵਾਰੀ ਹੈ |
ਇਸ ਮੌਕੇ ਫਲੋਰੀਕਲਚਰ ਲੈਂਡਸਕੇਪਿੰਗ ਵਿਭਾਗ ਦੇ ਮੁਖੀ ਡਾ. ਪਰਮਿੰਦਰ ਸਿੰਘ ਨੇ ਗੱਲਬਾਤ ਕਰਦਿਆਂ ਬੋਟੈਨੀਕਲ ਗਾਰਡਨ ਦੀ ਪੁਰਾਣੀ ਸ਼ਾਨ ਨੂੰ ਬਹਾਲ ਕਰਨਾ ਸਾਡੀ ਸਭ ਦੀ ਜ਼ਿੰਮੇਵਾਰੀ ਹੈ | ਉਹਨਾਂ ਕਿਹਾ ਕਿ ਬੋਟੈਨੀਕਲ ਗਾਰਡਨ ਵਿੱਚ ਦੁਰਲਭ ਬੂਟਿਆਂ ਦੀ ਸੰਭਾਲ ਨਾਲ ਬਹੁਤ ਸਾਰੇ ਜੀਵਾਂ, ਪੰਛੀਆਂ ਅਤੇ ਖੋਜੀਆਂ ਨੂੰ ਟਿਕਾਣਾ ਮਿਲੇਗਾ |
ਪੀ.ਏ.ਯੂ. ਦੀ ਮੁਹਿੰਮ ਨੂੰ ਸਹਿਯੋਗ ਕਰਨ ਲਈ ਦੇਹਰਾਦੂਨ ਦੀ ਗੈਰ ਸਰਕਾਰੀ ਸੰਸਥਾ ਸੰਕਲਪ ਨੇ 400 ਸਜਾਵਟੀ ਬੂਟੇ ਭੇਂਟ ਕੀਤੇ ਹਨ | ਡਾ. ਪਰਮਿੰਦਰ ਸਿੰਘ ਨੇ ਦੱਸਿਆ ਕਿ ਇਹ ਬੂਟੇ ਪੀ.ਏ.ਯੂ. ਵਿੱਚ ਵੱਖ-ਵੱਖ ਥਾਵਾਂ ਤੇ ਲਾਏ ਜਾਣਗੇ |