You are here

ਆਈ ਫਲੂ' ਤੋਂ ਬਚਣ ਲਈ ਸਾਵਧਾਨੀਆਂ ਵਰਤੀਆਂ ਜਾਣ ਡਾਕਟਰ ਰੁਪਾਲੀ ਸੇਠੀ

ਮੋਗਾ, 07 ਅਗਸਤ-( ਜਸਵਿੰਦਰ  ਸਿੰਘ ਰੱਖਰਾ)-

ਦੇਸ਼ ਵਿਚ ਦਿਨੋਂ ਦਿਨ ਫੈਲ ਰਹੀ ਅੱਖਾਂ ਦੀ ਲਾਗ ਨਾਲ ਸਬੰਧਤ ਬਿਮਾਰੀ 'ਆਈ ਫਲੂ' ਬਾਰੇ ਲੋਕਾਂ, ਖਾਸ ਕਰਕੇ ਬੱਚਿਆਂ, ਨੂੰ ਜਾਣੂ ਕਰਾਉਣ ਲਈ ਸਿਹਤ ਵਿਭਾਗ ਵੱਲੋਂ ਜਾਗਰੂਕਤਾ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ। ਇਹ ਜਾਣਕਾਰੀ ਸਿਵਲ ਹਸਪਤਾਲ ਮੋਗਾ ਵਿਖੇ ਤਾਇਨਾਤ ਅੱਖਾਂ ਦੇ ਮਾਹਿਰ ਡਾਕਟਰ ਰੁਪਾਲੀ ਸੇਠੀ ਨੇ ਅੱਜ ਗੱਲਬਾਤ ਕਰਦਿਆਂ ਦਿੱਤੀ।

ਉਹਨਾਂ ਨੇ ਦੱਸਿਆ ਕਿ ਬਰਸਾਤ ਦੇ ਮੌਸਮ 'ਚ ਲੋਕ ਬਹੁਤ ਸਾਰੀਆਂ ਬੀਮਾਰੀਆਂ ਦਾ ਸ਼ਿਕਾਰ ਹੁੰਦੇ ਹਨ। ਬਰਸਾਤ ਕਾਰਨ ਬੈਕਟੀਰੀਆ ਦੀ ਗਿਣਤੀ ਵੱਧ ਜਾਂਦੀ ਹੈ, ਜਿਸ ਨਾਲ ਲੋਕਾਂ ਨੂੰ ਕੋਈ ਨਾ ਕੋਈ ਬੀਮਾਰੀ ਹੋ ਜਾਂਦੀ ਹੈ। ਆਈ ਫਲੂ ਇਨ੍ਹਾਂ 'ਚੋਂ ਇੱਕ ਬੀਮਾਰੀ ਹੈ। ਆਈ ਫਲੂ ਨੂੰ ਅੱਖਾਂ ਦਾ ਇੰਨਫੈਕਸ਼ਨ ਕਿਹਾ ਜਾਂਦਾ ਹੈ। ਇਸ ਨਾਲ ਅੱਖਾਂ 'ਚ ਜਲਨ, ਦਰਦ ਅਤੇ ਲਾਲੀ ਵਰਗੀਆਂ ਸਮੱਸਿਆਵਾਂ ਹੁੰਦੀਆਂ ਹਨ। ਇਹ ਬੀਮਾਰੀ ਇੱਕ ਅੱਖ ਤੋਂ ਸ਼ੁਰੂ ਹੁੰਦੀ ਹੈ ਅਤੇ ਕੁਝ ਸਮੇਂ ਬਾਅਦ ਦੂਜੀ ਅੱਖ ਵੀ ਇਸ ਦੀ ਲਪੇਟ ਵਿੱਚ ਆ ਜਾਂਦੀ ਹੈ। ਆਈ ਫਲੂ ਨੂੰ ਪਿੰਕ ਆਈ ਤੇ ਕੰਜਕਟੀਵਾਈਟਿਸ ਵੀ ਕਿਹਾ ਜਾਂਦਾ ਹੈ।

ਉਹਨਾਂ ਦੱਸਿਆ ਕਿ ਆਈ ਫਲੂ ਹੋਣ ਦੇ ਬਹੁਤ ਸਾਰੇ ਲੱਛਣ ਅਜਿਹੇ ਹਨ, ਜਿਸ ਤੋਂ ਇਸ ਬੀਮਾਰੀ ਦੇ ਹੋਣ ਦਾ ਪਤਾ ਲੱਗ ਜਾਂਦਾ ਹੈ। ਆਈ ਫਲੂ ਹੋਣ 'ਤੇ ਅੱਖਾਂ ਲਾਲ ਹੋ ਜਾਂਦੀਆਂ ਹਨ। ਅੱਖਾਂ 'ਚ ਪਾਣੀ ਆਉਣ ਦੇ ਕਾਰਨ ਜਲਨ ਹੋਣੀ ਸ਼ੁਰੂ ਹੋ ਜਾਂਦੀ ਹੈ। ਇਸ ਸਮੱਸਿਆ ਦੀ ਸ਼ੁਰੂਆਤ 'ਚ ਪਲਕਾਂ 'ਤੇ ਪੀਲਾ ਅਤੇ ਚਿਪਚਿਪਾ ਤਰਲ ਜਮ੍ਹਾਂ ਹੋਣ ਲੱਗਦਾ ਹੈ। ਅੱਖਾਂ ਵਿੱਚ ਸੋਜ ਆਉਣੀ ਸ਼ੁਰੂ ਹੋ ਜਾਂਦੀ ਹੈ। ਅੱਖਾਂ ਵਿੱਚ ਪਾਣੀ ਆਉਣ ਨਾਲ ਖੁਜਲੀ ਹੋਣ ਲੱਗਦੀ ਹੈ।

ਆਈ ਫਲੂ ਤੋਂ ਰਾਹਤ ਪਾਉਣ ਲਈ ਡਾਕਟਰ ਦੀ ਸਲਾਹ ਲੈਣ ਤੋਂ ਬਾਅਦ ਤੁਸੀਂ ਐਂਟੀਬੈਕਟੀਰੀਅਲ ਅਤੇ ਲੁਬਰੀਕੇਟਿੰਗ ਆਈ ਡ੍ਰੌਪ ਲੈਣੀ ਚਾਹੀਦੀ ਹੈ। ਆਈ ਫਲੂ ਦੌਰਾਨ ਜਦੋਂ ਵੀ ਤੁਹਾਡਾ ਹੱਥ ਅੱਖਾਂ ਨੂੰ ਲੱਗ ਜਾਵੇ ਤਾਂ ਸਾਬਣ ਅਤੇ ਪਾਣੀ ਨਾਲ ਨਿਯਮਿਤ ਤੌਰ 'ਤੇ ਆਪਣੇ ਹੱਥਾਂ ਨੂੰ ਸਾਫ਼ ਕਰਦੇ ਰਹਿਣਾ ਚਾਹੀਦਾ ਹੈ। ਆਈ ਫਲੂ ਦੇ ਸੰਕਰਮਿਤ ਵਿਅਕਤੀ ਦੇ ਸੰਪਰਕ ਵਿੱਚ ਆਉਣ ਤੋਂ ਬਚਣਾ ਚਾਹੀਦਾ ਹੈ।ਅੱਖਾਂ ਦੀ ਸਫ਼ਾਈ ਦਾ ਪੂਰਾ ਧਿਆਨ ਰੱਖੋ ਤੇ ਠੰਡੇ ਪਾਣੀ ਨਾਲ ਵਾਰ-ਵਾਰ ਅੱਖਾਂ ਨੂੰ ਧੋਣਾ ਚਾਹੀਦਾ ਹੈ। ਆਈ ਫਲੂ ਹੋਣ 'ਤੇ ਅੱਖਾਂ ਨੂੰ ਬਰਫ਼ ਦੀ ਟਕੋਰ ਕਰਨ ਨਾਲ ਜਲਣ ਅਤੇ ਦਰਦ ਤੋਂ ਰਾਹਤ ਮਿਲਦੀ ਹੈ। ਆਈ ਫਲੂ ਨਾਲ ਸੰਕਰਮਿਤ ਵਿਅਕਤੀ ਦੇ ਨਾਲ ਹੱਥ ਮਿਲਾਉਣ ਤੋਂ ਬਚਣਾ ਚਾਹੀਦਾ ਹੈ। ਆਈ ਫਲੂ ਦੌਰਾਨ ਸੰਕਰਮਿਤ ਚੀਜ਼ਾਂ ਜਿਵੇਂ ਐਨਕਾਂ, ਤੌਲੀਏ ਜਾਂ ਸਿਰਹਾਣੇ ਦੀ ਵਰਤੋਂ ਕਦੇ ਨਹੀਂ ਕਰਨੀ ਚਾਹੀਦੀ। ਟੀ.ਵੀ., ਮੋਬਾਈਲ ਫੋਨ ਤੋਂ ਦੂਰੀ ਬਣਾ ਕੇ ਰੱਖਣ ਦੇ ਨਾਲ ਨਾਲ ਅੱਖਾਂ 'ਤੇ ਕਾਲੇ ਰੰਗ ਦੀ ਐਨਕ ਜ਼ਰੂਰ ਲਗਾਉਣੀ ਚਾਹੀਦੀ ਹੈ।