You are here

ਅਜ਼ਹਰ ਦੇ ਮੁੱਦੇ ’ਤੇ ਚੀਨ ਮੁੜ ਅੜਿਆ

ਪੇਈਚਿੰਗ, 15 ਫਰਵਰੀ ਚੀਨ ਨੇ ਪੁਲਵਾਮਾ ’ਚ ਜੈਸ਼ ਦੇ ਫਿਦਾਈਨ ਵੱਲੋਂ ਕੀਤੇ ਗਏ ਦਹਿਸ਼ਤੀ ਹਮਲੇ ’ਤੇ ਡੂੰਘਾ ਅਫ਼ਸੋਸ ਜਤਾਇਆ ਹੈ ਪਰ ਉਸ ਨੇ ਦਹਿਸ਼ਤੀ ਜਥੇਬੰਦੀ ਦੇ ਮੁਖੀ ਮਸੂਦ ਅਜ਼ਹਰ ਨੂੰ ਆਲਮੀ ਦਹਿਸ਼ਤਗਰਦ ਨਾਮਜ਼ਦ ਕੀਤੇ ਜਾਣ ਦੀ ਭਾਰਤ ਦੀ ਅਪੀਲ ਨੂੰ ਹਮਾਇਤ ਦੇਣ ਦਾ ਕੋਈ ਭਰੋਸਾ ਨਹੀਂ ਦਿੱਤਾ ਹੈ।
ਚੀਨੀ ਵਿਦੇਸ਼ ਮੰਤਰਾਲੇ ਦੇ ਤਰਜਮਾਨ ਗੇਂਗ ਸ਼ੁਆਂਗ ਨੇ ਇਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ,‘‘ਚੀਨ ਨੇ ਫਿਦਾਈਨ ਦਹਿਸ਼ਤੀ ਹਮਲੇ ਦੀਆਂ ਰਿਪੋਰਟਾਂ ਵੱਲ ਧਿਆਨ ਦਿੱਤਾ ਹੈ। ਅਸੀਂ ਇਸ ਹਮਲੇ ਨਾਲ ਡੂੰਘੇ ਸਦਮੇ ’ਚ ਹਾਂ। ਅਸੀਂ ਘਟਨਾ ’ਤੇ ਅਫ਼ਸੋਸ ਪ੍ਰਗਟ ਕਰਦਿਆਂ ਜ਼ਖ਼ਮੀ ਹੋਏ ਜਵਾਨਾਂ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਉਂਦੇ ਹਾਂ।’’ ਗੇਂਗ ਨੇ ਕਿਹਾ ਕਿ ਚੀਨ ਹਰ ਤਰ੍ਹਾਂ ਦੀ ਦਹਿਸ਼ਤਗਰਦੀ ਦੀ ਤਿੱਖੀ ਆਲੋਚਨਾ ਕਰਦਾ ਹੈ। ਉਸ ਨੇ ਆਸ ਜਤਾਈ ਕਿ ਖੇਤਰੀ ਮੁਲਕ ਦਹਿਸ਼ਤਗਰਦੀ ਦੀ ਚੁਣੌਤੀ ਨਾਲ ਸਿੱਝਣ ਲਈ ਆਪਸ ’ਚ ਸਹਿਯੋਗ ਕਰਨਗੇ ਅਤੇ ਖਿੱਤੇ ਦੀ ਸ਼ਾਂਤੀ ਤੇ ਸਥਿਰਤਾ ਨੂੰ ਕਾਇਮ ਰੱਖਣਗੇ।
ਸੰਯੁਕਤ ਰਾਸ਼ਟਰ ਪ੍ਰੀਸ਼ਦ ਵੱਲੋਂ ਅਜ਼ਹਰ ਨੂੰ ਆਲਮੀ ਦਹਿਸ਼ਤਗਰਦਾਂ ਦੀ ਸੂਚੀ ’ਚ ਰੱਖੇ ਜਾਣ ਦੀ ਤਜਵੀਜ਼ ’ਤੇ ਚੀਨ ਦੇ ਸਟੈਂਡ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਸੁਰੱਖਿਆ ਪ੍ਰੀਸ਼ਦ ਦੀ 1267 ਕਮੇਟੀ ਦੇ ਦਹਿਸ਼ਤੀ ਜਥੇਬੰਦੀਆਂ ਨੂੰ ਸੂਚੀ ’ਚ ਰੱਖਣ ਅਤੇ ਪ੍ਰਕਿਰਿਆ ਬਾਰੇ ਸਪੱਸ਼ਟ ਨੇਮ ਹਨ। ਚੀਨੀ ਅਧਿਕਾਰੀ ਨੇ ਕਿਹਾ ਕਿ ਜੈਸ਼-ਏ-ਮੁਹੰਮਦ ਨੂੰ ਸੁਰੱਖਿਆ ਪ੍ਰੀਸ਼ਦ ਦੀ ਦਹਿਸ਼ਤੀਆਂ ਦੀ ਪਾਬੰਦੀ ਵਾਲੀ ਸੂਚੀ ’ਚ ਸ਼ਾਮਲ ਕੀਤਾ ਗਿਆ ਹੈ ਅਤੇ ਚੀਨ ਉਸਾਰੂ ਤੇ ਜ਼ਿੰਮੇਵਾਰਾਨਾ ਢੰਗ ਨਾਲ ਇਸ ਮਾਮਲੇ ਨਾਲ ਨਜਿੱਠਦਾ ਰਹੇਗਾ। ਚੀਨ ਨੇ ਪਹਿਲਾਂ ਭਾਰਤ ਅਤੇ ਫਿਰ ਅਮਰੀਕਾ, ਯੂਕੇ ਤੇ ਫਰਾਂਸ ਵੱਲੋਂ ਅਜ਼ਹਰ ਨੂੰ ਆਲਮੀ ਦਹਿਸ਼ਤਗਰਦ ਵਜੋਂ ਨਾਮਜ਼ਦ ਕਰਨ ਦੀ ਪਹਿਲਕਦਮੀ ਨੂੰ ਵੀਟੋ ਕਰ ਦਿੱਤਾ ਸੀ।