ਬੱਚਿਆਂ ਨੂੰ ਚੰਗੇ ਮਾੜੇ ਸਪੱਰਸ਼ ਸੰਬੰਧੀ ਜਾਗਰੂਕਤਾ ਜਰੂਰੀ
ਇਹ ਸਾਡੇ ਸਮਾਜ ਦਾ ਦੁਖਾਂਤ ਹੈ ਕਿ ਅਖ਼ਬਾਰਾਂ ਦੀਆਂ ਸੁਰਖੀਆਂ ਬੱਚਿਆਂ ਨਾਲ ਹੁੰਦੇ ਸਰੀਰਕ ਸ਼ੋਸ਼ਣ ਅਤੇ ਇਸ ਪਿੱਛੇ ਅਪਰਾਧੀ ਦੀ ਕਾਮ ਭਾਰੂ ਅਤੇ ਘਟੀਆ ਮਾਨਸਿਕਤਾ ਦੀ ਪੁਸ਼ਟੀ ਕਰਦੀਆਂ ਹਨ। ਬੱਚਿਆਂ ਨਾਲ ਸਰੀਰਕ ਸ਼ੋਸ਼ਣ ਕਰਨ ਵਾਲੇ ਅਪਰਾਧੀ ਜ਼ਿਆਦਾਤਰ ਬੱਚਿਆਂ ਦੇ ਸਾਕ ਸੰਬੰਧੀ, ਪਰਿਵਾਰਿਕ ਜਾਣ ਪਹਿਚਾਣ ਵਾਲੇ ਹੋਣ ਦੀ ਗੱਲ ਵਾਰ-ਵਾਰ ਸਾਹਮਣੇ ਆਈ ਹੈ ਜੋ ਕਿ ਸਾਡੇ ਸਮਾਜ ਦੇ ਮੂੰਹ ਤੇ ਚਪੇੜ ਹੈ ਕਿ ਅਸੀਂ ਕਿੱਧਰ ਨੂੰ ਜਾ ਰਹੇ ਹਾ? ਸਕੂਲਾਂ ਵਿੱਚ ਜਿੱਥੇ ਬੱਚੇ ਆਪਣੇ ਦਿਨ ਦਾ ਬਹੁਤਾ ਹਿੱਸਾ ਬਿਤਾਉਂਦੇ ਹਨ, ਉਹ ਵਿੱਦਿਆ ਦੇ ਮੰਦਿਰ ਵੀ ਇਸ ਕਲੰਕ ਤੋਂ ਨਹੀਂ ਬਚ ਸਕੇ।
ਸਮੇਂ ਦੀ ਨਜ਼ਾਕਤ ਇਹੋ ਇਸ਼ਾਰਾ ਕਰਦੀ ਹੈ ਕਿ ਅੱਜ ਦੇ ਦੌਰ ਵਿੱਚ ਸਿਵਾਏ ਸਕੇ ਮਾਂ ਬਾਪ ਤੋਂ ਬਿਨ੍ਹਾਂ ਕਿਸੇ ਹੋਰ ਤੇ ਭਰੋਸਾ ਨਹੀਂ ਕੀਤਾ ਜਾ ਸਕਦਾ, ਪਤਾ ਨਹੀਂ ਕੋਈ ਕਦੋਂ ਮਾਸੂਮਾਂ ਨੂੰ ਆਪਣੀ ਹਬਸ਼ ਦਾ ਸ਼ਿਕਾਰ ਬਣਾ ਲਵੇ। ਬੱਚਿਆਂ ਨਾਲ ਹੁੰਦੀਆਂ ਵਧੀਕੀਆਂ ਜ਼ਿਆਦਾਤਰ ਛੁਪੀਆਂ ਰਹਿ ਜਾਂਦੀਆਂ ਹਨ ਕਿਉਂਕਿ ਬੱਚੇ ਡਰ ਆਦਿ ਦੇ ਕਾਰਨ ਕਿਸੇ ਨਾਲ ਆਪਣੇ ਨਾਲ ਹੋਈ ਮਾੜੀ ਹਰਕਤ, ਵਧੀਕੀ ਨੂੰ ਸਾਂਝੀ ਨਹੀਂ ਕਰਦੇ ਅਤੇ ਬੱਚਿਆਂ ਨੂੰ ਵਾਰ-ਵਾਰ ਦੁਰਾਚਾਰ, ਸ਼ੋਸ਼ਣ ਦਾ ਸਾਹਮਣਾ ਕਰਨਾ ਪੈਂਦਾ ਹੈ।
ਸਮੇਂ ਦੀ ਜ਼ਰੂਰਤ ਹੈ ਕਿ ਬੱਚਿਆਂ ਨੂੰ ਚੰਗੇ-ਮਾੜੇ ਸਪੱਰਸ਼ ਸੰਬੰਧੀ ਜਾਗਰੂਕ ਕੀਤਾ ਜਾਵੇ ਤਾਂ ਜੋ ਉਹ ਵਿਰੋਧ ਕਰ ਸਕਣ। ਬੱਚਿਆਂ ਨੂੰ ਇਸ ਸੰਬੰਧੀ ਜਾਣਕਾਰੀ ਮਾਪੇ ਅਤੇ ਅਧਿਆਪਕਾਂ ਦੁਆਰਾ ਦਿੱਤੀ ਜਾ ਸਕਦੀ ਹੈ। ਬੱਚਿਆਂ ਨੂੰ ਭਰੋਸੇ ਵਿੱਚ ਲਿਆ ਜਾਵੇ ਤਾਂ ਜੋ ਉਹ ਮਾਪਿਆਂ ਅਤੇ ਅਧਿਆਪਕਾਂ ਨੂੰ ਆਪਣੇ ਨਾਲ ਵਾਪਰੀ ਛੋਟੀ ਤੋਂ ਛੋਟੀ ਘਟਨਾ ਨੂੰ ਸਾਂਝੀ ਕਰ ਸਕਣ, ਨਾ ਕਿ ਬੱਚੇ ਉਹਨਾਂ ਨਾਲ ਗੱਲ ਕਰਨ ਤੋਂ ਹੀ ਝਿਜਕੀ ਜਾਣ, ਡਰੀ ਜਾਣ। ਸਮਾਜ ਦੇ ਸੌੜੀ ਮਾਨਸਿਕਤਾ ਦੇ ਲੋਕਾਂ ਤੋਂ ਬੱਚਿਆਂ ਨੂੰ ਬਚਾਉਣ ਲਈ ਸਕੂਲ ਪ੍ਰਬੰਧਕਾਂ ਨੂੰ ਸਕੂਲਾਂ ਆਦਿ ਵਿੱਚ ਉੱਚ ਮਾਨਕਾਂ ਦੇ ਆਧਾਰ ਤੇ ਅਧਿਆਪਕ ਅਤੇ ਹੇਠਲੇ ਪੱਧਰ ਤੱਕ ਦਾ ਸਟਾਫ਼ ਰੱਖਣਾ ਚਾਹੀਦਾ ਹੈ। ਸਕੂਲਾਂ ਅਤੇ ਬੱਸਾਂ ਵਿੱਚ ਬੱਚਿਆਂ ਦੀ ਸੇਫ਼ਟੀ ਨਾਲ ਕਿਸੇ ਤਰ੍ਹਾਂ ਦਾ ਕੋਈ ਸਮਝੋਤਾ ਨਹੀਂ ਕਰਨਾ ਚਾਹੀਦਾ।
ਬੱਚਿਆਂ ਨੂੰ ਚੰਗੇ ਅਤੇ ਬੁਰੇ (ਮਾੜੇ) ਸਪੱਰਸ਼ ਬਾਰੇ ਦੱਸੋ।ਤਿੰਨ-ਚਾਰ ਸਾਲ ਦੀ ਉਮਰ ਤੋਂ ਹੀ ਬੱਚਿਆਂ ਨੂੰ ਚੰਗੇ ਮਾੜੇ ਸਪੱਰਸ਼ ਬਾਰੇ ਜਾਣਕਾਰੀ ਦੇਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ। ਬੱਚਿਆਂ ਨੂੰ ਦੱਸੋ ਕਿ ਅਜਿਹਾ ਸਪਰਸ਼ ਜੋ ਤੁਹਾਨੂੰ ਅਸਹਿਜ ਕਰਦਾ ਹੈ ਉਸਨੂੰ ਮਾੜਾ ਸਪੱਰਸ਼ (ਬੈਡ ਟੱਚ) ਕਹਿੰਦੇ ਹਨ ਅਤੇ ਜਦੋਂ ਕਿਸੇ ਤਰਫ਼ੋਂ ਤੁਹਾਨੂੰ ਸਪੱਰਸ਼ ਕੀਤਾ ਜਾਂਦਾ ਹੈ ਤੇ ਤੁਸੀਂ ਸਹਿਜ ਰਹਿੰਦੇ ਹੋ ਅਜਿਹੇ ਸਪੱਰਸ਼ ਨੂੰ ਚੰਗਾ ਸਪੱਰਸ਼ (ਗੁੱਡ ਟੱਚ) ਕਹਿੰਦੇ ਹਨ। ਬੱਚਿਆਂ ਨੂੰ ਦੱਸਿਆ ਜਾਵੇ ਕਿ ਮਾਤਾ ਪਿਤਾ ਤੋਂ ਬਿਨ੍ਹਾਂ ਕਿਸੇ ਹੋਰ ਦੇ ਸਾਹਮਣੇ ਕੱਪੜੇ ਨਹੀਂ ਉਤਾਰਣੇ ਚਾਹੀਦੇ। ਬੱਚਿਆਂ ਨੂੰ ਸਜਗਤਾ ਅਤੇ ਚੰਗੀ ਸ਼ਬਦਾਵਲੀ ਨਾਲ ਦੱਸਿਆ ਜਾਵੇ ਕਿ ਉਹਨਾਂ ਦੇ ਨਿੱਜੀ ਅੰਗ ਉਹਨਾਂ ਦੇ ਸਰੀਰ ਦਾ ਹਿੱਸਾ ਹਨ ਅਤੇ ਉਹਨਾਂ ਤੋਂ ਇਲਾਵਾ ਕੋਈ ਹੋਰ ਛੂਹ ਨਹੀਂ ਸਕਦਾ ਜਿਵੇਂ ਕਿ ਮੂੰਹ, ਬੁੱਲ੍ਹਾਂ, ਗਰਦਨ, ਛਾਤੀ, ਗੁਪਤ ਅੰਗ, ਪਿੱਠ ਆਦਿ ਅਤੇ ਜੇਕਰ ਕੋਈ ਇਹਨਾਂ ਨੂੰ ਤੁਹਾਡੀ ਇੱਛਾ ਦੇ ਵਿਰੁੱਧ ਛੂਹਣ ਦੀ ਕੋਸ਼ਿਸ਼ ਕਰਦਾ ਹੈ ਤਾਂ ਇਸ ਦਾ ਵਿਰੋਧ ਕਰੋ ਅਤੇ ਮਾਪੇ, ਅਧਿਆਪਕਾਂ ਨੂੰ ਦੱਸੋ।
ਮਾਂ ਬਾਪ ਦੀ ਜ਼ਿੰਮੇਵਾਰੀ ਬਹੁਤ ਵੱਧ ਗਈ ਹੈ ਕਿ ਬੱਚੇ ਦੇ ਵਿਵਹਾਰ ਨੂੰ ਨਿਰੰਤਰਤਾ ਨਾਲ ਘੋਖਦੇ ਰਹਿਣ ਤੇ ਜੇਕਰ ਬੱਚਾ ਆਪਣੇ ਸਾਧਾਰਣ ਵਿਵਹਾਰ ਤੋਂ ਵੱਖਰਾ ਜਾਪ ਰਿਹਾ ਤਾਂ ਇਸਨੂੰ ਨਜ਼ਰ ਅੰਦਾਜ ਕਰਨ ਜਾਂ ਬੱਚੇ ਨੂੰ ਕੁੱਟਣ-ਮਾਰਨ ਦੀ ਥਾਂ ਉਸ ਦੀ ਜੜ੍ਹ ਤੱਕ ਜਾਣ ਦੀ ਕੋਸ਼ਿਸ਼ ਕਰਨ ਕਿ ਕਿਤੇ ਬੱਚੇ ਨਾਲ ਕੋਈ ਵਧੀਕੀ ਤਾਂ ਨਹੀਂ ਹੋਈ ਜਾਂ ਕੁਝ ਗਲਤ ਤਾਂ ਨੀ ਵਾਪਰਿਆ ਜੋ ਬੱਚੇ ਦਾ ਵਿਵਹਾਰ ਸਾਧਾਰਣ ਨਹੀਂ ਹੈ। ਮਾਂ ਬਾਪ ਨੂੰ ਆਪਣੇ ਨਿੱਤਨੇਮ ਵਿੱਚ ਸ਼ਾਮਿਲ ਕਰਨਾ ਚਾਹੀਦਾ ਹੈ ਕਿ ਬੱਚਿਆਂ ਨਾਲ ਹਮੇਸ਼ਾਂ ਗੱਲ ਕਰੋ ਕਿ ਅੱਜ ਸਕੂਲ ਵਿੱਚ ਕੀ ਹੋਇਆ ਜਾਂ ਬਾਹਰ ਕੀ ਕੀਤਾ, ਕੀ ਹੋਇਆ ਆਦਿ। ਬੱਚਿਆਂ ਦੇ ਮਨ ਵਿੱਚੋਂ ਡਰ ਕੱਢਣ ਦੀ ਕੋਸ਼ਿਸ਼ ਕਰੋ ਅਤੇ ਉਹਨਾਂ ਨੂੰ ਨਾਂਹ ਕਹਿਣਾ ਸਿਖਾਉ। ਬੱਚਿਆ ਨੂੰ ਸਿਖਾਉ ਕਿ ਜਿਸ ਥਾਂ ਤੇ ਉਹਨਾਂ ਨੂੰ ਅਸਹਿਜ ਲੱਗ ਰਿਹਾ ਹੈ ਉੱਥੋਂ ਉਹ ਜਲਦੀ ਨਿਕਲ ਜਾਣ ਤੇ ਅਜਿਹੀ ਥਾਂ ਤੇ ਜਾਣ ਤੋਂ ਬਚੋ। ਜੇਕਰ ਕੋਈ ਭੱਦੀਆਂ ਹਰਕਤਾਂ ਕਰ ਰਿਹਾ ਹੈ ਤਾਂ ਉੱਚੀ ਉੱਚੀ ਰੌਲਾ ਪਾਓ ਆਦਿ।
ਗੋਬਿੰਦਰ ਸਿੰਘ ਢੀਂਡਸਾ
ਪਿੰਡ ਤੇ ਡਾਕ. ਬਰੜ੍ਹਵਾਲ (ਸੰਗਰੂਰ)
ਈਮੇਲ – bardwal.gobinder@gmail.com