ਸਿੱਖ ਹਰ ਪੱਖ ਤੋਂ ਵਿਲੱਖਣ ਹਨ, ਉਹਨਾਂ ਦੀ ਅੱਡਰੀ ਹਸਤੀ ਹੈ ਤੇ ਸਿੱਖ ਇਕ ਵੱਖਰੀ ਕੌਮ ਹੈ
ਨਵੀਂ ਦਿੱਲੀ 13 ਜੁਲਾਈ (ਮਨਪ੍ਰੀਤ ਸਿੰਘ ਖਾਲਸਾ)ਯੂਸੀਸੀ ਦੇ ਮਸਲੇ ਤੇ ਆਦਿਵਾਸੀਆਂ ਤੇ ਸਿੱਖਾਂ ਦੇ ਆਨੰਦ ਮੈਰਿਜ ਐਕਟ ਬਾਰੇ ਸਲਾਹ ਲਈ ਕੇਂਦਰ ਸਰਕਾਰ ਵੱਲੋਂ ਜੋ ਕੈਬਨਿਟ ਮੰਤਰੀਆਂ ਦੀ ਕਮੇਟੀ ਬਣਾਈ ਗਈ ਹੈ । ਇਹ ਕਮੇਟੀ ਬਣਾਉਣ ਦਾ ਫੈਸਲਾ ਦੱਸਦਾ ਹੈ ਕਿ ਸਿੱਖ ਕੌਮ ਦੇ ਤੌਖਲਿਆਂ ਬਾਰੇ ਸਰਕਾਰ ਅਣਜਾਣ ਨਹੀਂ ਹੈ । ਪਰ ਕੇਂਦਰ ਸਰਕਾਰ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਸਿੱਖਾਂ ਦਾ ਸਿਰਫ ਆਨੰਦ ਮੈਰਿਜ ਐਕਟ ਹੀ ਵੱਖਰਾ ਨਹੀਂ ਸਗੋਂ ਸਿੱਖ ਹਰ ਪੱਖ ਤੋਂ ਵਿਲੱਖਣ ਹਨ ਤੇ ਉਹਨਾਂ ਦੀ ਅੱਡਰੀ ਹਸਤੀ ਹੈ ਤੇ ਸਿੱਖ ਇਕ ਵੱਖਰੀ ਕੌਮ ਹੈ । ਸਿੱਖ ਕੌਮ ਦੀਆਂ ਪਰੰਪਰਾਵਾਂ , ਰਸਮਾਂ, ਤਿਉਹਾਰ, ਰਵਾਇਤਾਂ ਆਦਿ ਸਭ ਕੁਝ ਵੱਖਰਾ ਹੈ। ਇਸ ਲਈ ਸਿਰਫ ਯੂਸੀਸੀ ਦਾ ਸਿੱਖਾਂ ਵੱਲੋਂ ਵਿਰੋਧ ਮਹਿਜ਼ ਇਕ ਵੱਖਰੇ ਆਨੰਦ ਮੈਰਿਜ ਐਕਟ ਤੱਕ ਸੀਮਤ ਨਹੀ । ਸਿੱਖ ਸਮੁੱਚੇ ਤੌਰ ਤੇ ਆਪਣਾ ਇੱਕ ਵੱਖਰਾ ਸੱਭਿਆਚਾਰ ਰੱਖਦੇ ਹਨ । ਇਸ ਲਈ ਜਿਵੇਂ ਭਾਰਤ ਸਰਕਾਰ ਆਦਿਵਾਸੀਆਂ ਨੂੰ ਇਸ ਪ੍ਰਸਤਾਵਿਤ ਬਿੱਲ ‘ਚੋਂ ਬਾਹਰ ਰੱਖਣ ਬਾਰੇ ਵਿਚਾਰ ਕਰ ਰਹੀ ਹੈ । ਇਸੇ ਤਰ੍ਹਾਂ ਸਿੱਖ ਕੌਮ ਨੂੰ ਇਹ ਬਿੱਲ ਤੋਂ ਬਾਹਰ ਰੱਖਿਆ ਜਾਣਾ ਚਾਹੀਦਾ ਹੈ ਕਿਉਂਕਿ ਸਿੱਖ ਹਰ ਪੱਖ ਤੋਂ ਆਪਣੀ ਵੱਖਰੀ ਹਸਤੀ ਰੱਖਦੇ ਹਨ ।
ਦੂਸਰਾ ਤੱਥ ਇਹ ਹੈ ਕਿ ਸਿੱਖਾਂ ਸੰਬੰਧੀ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਕੇਂਦਰ ਸਰਕਾਰ ਨੂੰ ਸਿੱਖਾਂ ਦੀ ਪਾਰਲੀਮੈਂਟ ਮੰਨੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਨੁਮਾਇੰਦਾ ਸਿਆਸੀ ਜਮਾਤ ਸ਼੍ਰੋਮਣੀ ਅਕਾਲੀ ਦਲ ਤੇ ਹੋਰ ਪ੍ਰਮੁਖ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਆਗੂਆਂ ਨਾਲ ਰਾਇ ਮਸ਼ਵਰਾਂ ਜ਼ਰੂਰ ਕਰਨਾ ਚਾਹੀਦਾ ਹੈ । ਕਿਉਂਕਿ ਸਿੱਖਾਂ ਦੇ ਰਾਇ ਮਸ਼ਵਰੇ ਤੇ ਪ੍ਰਵਾਨਗੀ ਤੋਂ ਬਿਨਾ ਲਿਆ ਗਿਆ ਕੋਈ ਵੀ ਫੈਸਲਾ ਨਾ ਤੇ ਨੈਤਿਕ ਤੌਰ ਤੇ ਸਹੀ ਰਹੇਗਾ ਤੇ ਨਾ ਹੀ ਸਿੱਖ ਕੌਮ ਇਸਨੂੰ ਮੰਨੇਗੀ ।
ਇਸ ਮੌਕੇ ਇਕ ਸੁਆਲ ਮਨਜਿੰਦਰ ਸਿੰਘ ਸਿਰਸਾ, ਹਰਮੀਤ ਸਿੰਘ ਕਾਲਕਾ ਤੇ ਤਰਲੋਚਨ ਸਿੰਘ ਵਰਗਿਆਂ ਨੂੰ ਵੀ ਕਰਨਾ ਬਣਦਾ ਹੈ ਜੋ ਆਪਣੀ ਹਿੱਤਾਂ ਲਈ ਕੌਮ ਦੀ ਵੱਖਰੀ ਪਹਿਚਾਣ ਨੂੰ ਰੱਦ ਕਰਦਿਆਂ ਅੰਨ੍ਹੇਵਾਹ ਯੂਸੀਸੀ ਦੀ ਹਿਮਾਇਤ ਕਰਦਿਆਂ ਆਨੰਦ ਮੈਰਿਜ ਐਕਟ ਬਾਰੇ ਵੀ ਹੋਛੇ ਬਿਆਨ ਦੇ ਰਹੇ ਸਨ । ਹੁਣ ਜਦੋਂ ਕੇਂਦਰ ਸਿੱਖਾਂ ਬਾਰੇ ਵਿਚਾਰ ਕਰ ਰਹੀ ਹੈ ਤੇ ਆਨੰਦ ਮੈਰਿਜ ਐਕਟ ਦੇ ਮੁੱਦੇ ਨੂੰ ਦੇਖ ਰਹੀ ਹੈ ਤਾਂ ਕੀ ਉਹ ਵੀ ਆਪਣੀਆਂ ਕਹੀਆਂ ਗੱਲਾਂ ਤੋਂ ਯੂ ਟਰਨ ਮਾਰਨਗੇ ?
ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਦਿੱਲੀ ਤੋਂ ਪ੍ਰਧਾਨ ਤੇ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੇ ਪ੍ਰੈਸ ਨੂੰ ਜਾਰੀ ਇਕ ਬਿਆਨ ਰਾਹੀਂ ਕੀਤਾ ।