You are here

ਸੁਖਦੇਵ ਮਾਦਪੁਰੀ ਨੂੰ ਯਾਦ ਕਰਦਿਆਂ ✍️ ਸ. ਸੁਖਚੈਨ ਸਿੰਘ ਕੁਰੜ

12 ਜੂਨ 1935 ਨੂੰ ਪਿੰਡ ਮਾਦਪੁਰ, ਤਹਿਸੀਲ ਸਮਰਾਲਾ, ਜ਼ਿਲ੍ਹਾ ਲੁਧਿਆਣਾ ਵਿਖੇ ਪਿਤਾ ਸ. ਦਿਆ ਸਿੰਘ ਅਤੇ ਮਾਤਾ ਸੁਰਜੀਤ ਕੌਰ ਦੇ ਘਰ ਸੁਖਦੇਵ ਮਾਦਪੁਰੀ ਦਾ ਜਨਮ ਹੋਇਆ। ਆਪਣੇ ਪਿੰਡ ਤੋਂ ਪ੍ਰਾਇਮਰੀ ਦੀ ਪੜ੍ਹਾਈ ਕੀਤੀ,ਮੈਟ੍ਰਿਕ ਜਸਪਾਲੋਂ ਤੋਂ ਅਤੇ ਜੇ.ਬੀ.ਟੀ ਕੁਰਾਲੀ ਤੋਂ ਕਰਕੇ‌ ਮਾਦਪੁਰੀ ਪਿੰਡ ਢਿੱਲਵਾਂ, ਜ਼ਿਲ੍ਹਾ ਲੁਧਿਆਣਾ 'ਚ ਪ੍ਰਾਇਮਰੀ ਸਕੂਲ ‘ਚ 19 ਮਈ 1954 ਨੂੰ ਅਧਿਆਪਕ ਵੱਜੋਂ ਲੱਗ ਗਏ ਤੇ 1978 ਤੱਕ ਆਪਣੀ ਡਿਊਟੀ ਨਿਭਾਉਂਦੇ ਰਹੇ। ਇਸ ਸਮੇਂ ਦੌਰਾਨ ਹੀ ਉਨ੍ਹਾਂ ਦਾ ਸਾਹਿਤਕ ਸਫ਼ਰ ਸ਼ੁਰੂ ਹੋਇਆ ਮੰਨਿਆ ਜਾਂਦਾ ਹੈ। ਇਸ ਦੌਰਾਨ ਨਾਲ਼ ਨਾਲ਼ ਹੀ ਉਹਨਾਂ ਨੇ ਪ੍ਰਾਈਵੇਟ ਤੌਰ ਤੇ ਆਪਣੀ ਪੜ੍ਹਾਈ ਜਾਰੀ ਰੱਖੀ ਅਤੇ ਪੰਜਾਬੀ ਦੀ ਐੱਮ.ਏ. ਕਰ ਲਈ।
1978 ਤੋਂ 80 ਤਕ 'ਪੰਜਾਬ ਸਕੂਲ ਸਿੱਖਿਆ ਬੋਰਡ' ਵਿਚ ਬਤੌਰ ਵਿਸ਼ਾ ਮਾਹਿਰ ਸੇਵਾ ਨਿਭਾਈ। 1980 ਤੋਂ 1993 ਤਕ ਸਿੱਖਿਆ ਬੋਰਡ ਦੇ ਬੱਚਿਆਂ ਲਈ ਨਿਕਲਦੇ ਪਰਚਿਆਂ 'ਪੰਖੜੀਆਂ' ਅਤੇ 'ਪ੍ਰਾਇਮਰੀ ਸਿੱਖਿਆ' ਦਾ ਸੰਪਾਦਨ ਕੀਤਾ। 'ਪੰਜਾਬ ਸਕੂਲ ਸਿੱਖਿਆ ਬੋਰਡ' ਮੋਹਾਲੀ ਤੋਂ ਹੀ ਉਹ ਬਤੌਰ ਸਹਾਇਕ ਡਾਇਰੈਕਟਰ ਸੇਵਾ ਨਿਵਰਿਤ ਹੋਇਆ ਅਤੇ 1993 ਤੋਂ 1996 ਤਕ 'ਪੰਜਾਬੀ ਬਾਲ ਸਾਹਿਤ ਪ੍ਰਾਜੈਕਟ' ਦੇ ਸੰਚਾਲਕ ਵਜੋਂ ਕਾਰਜ ਕੀਤਾ। ਉਹ ਬਹੁਪੱਖੀ ਸਾਹਿਤਕਾਰ ਸਨ, ਕਵੀ ਸਨ, ਕਹਾਣੀਕਾਰ ਸਨ, ਵਾਰਤਕਕਾਰ ਸਨ, ਸੰਪਾਦਕ ਸਨ, ਅਨੁਵਾਦਕ ਸਨ, ਖੋਜਾਰਥੀ ਸਨ। ਇਹ ਕਲਮ ਦੀ ਮਿਹਰਬਾਨੀ ਸਦਕਾ ਉਹ ਸੁਭਾਅ ਪੱਖੋਂ ਨੇਕ, ਨਿੱਘੇ ਤੇ ਮਿਲਾਪੜੇ ਵੀ ਸਨ।
ਉਹਨਾਂ ਨੇ ਆਪਣੇ ਮੁੱਢਲੇ ਸ਼ੌਕ, ਲੋਕ ਸੱਭਿਆਚਾਰ ਦੀ ਸਾਂਭ ਸੰਭਾਲ ਨੂੰ ਲੈਕੇ ਆਪਣੀ ਜ਼ਿੰਦਗੀ ਵਿੱਚ ਲੋਕ ਖੇਡਾਂ, ਲੋਕ ਗੀਤ, ਲੋਕ ਕਹਾਣੀਆਂ, ਲੋਕ ਬੁਝਾਰਤਾਂ, ਪੰਜਾਬੀ ਸਭਿਆਚਾਰ, ਬਾਲ ਸਾਹਿਤ ਬਾਰੇ ਤੀਹ ਦੇ ਕਰੀਬ ਕਿਤਾਬਾਂ ਲਿਖੀਆਂ।
ਮਾਦਪੁਰੀ ਖੁਦ ਦੱਸਦੇ ਹਨ ਕਿ ਲੋਕ ਗੀਤਾਂ ਨੂੰ ਇਕੱਠੇ ਕਰਨ ਦਾ ਫੁਰਨਾ ਉਹਨਾਂ ਦੇ ਮਨ 1954 'ਚ ਅਚਾਨਕ ਹੀ ਆਇਆ ਸੀ। ਸੋਚਿਆ  'ਮਨਾਂ ਬਾਪੂ, ਬੇਬੇ ਤੇ ਤਾਈ ਨੇ ਆਖ਼ਰ ਮਰ ਜਾਣੈ ਨਾਲ ਹੀ ਇਹ ਗੀਤ ਵੀ ਮੁੱਕ ਜਾਣਗੇ। ਕਿਉਂ ਨਾ ਇਨ੍ਹਾਂ ਨੂੰ ਕਿਸੇ ਕਾਪੀ ਤੇ ਲਿਖ ਲਵਾਂ।' ਉਸ ਵੇਲੇ ਦੀ ਮਨ ਦੀ ਆਵਾਜ਼ ਨੇ ਕਾਪੀ ਤੇ ਕਲਮ ਨਾਲ਼ ਸਾਂਝ ਬਣਾ ਦਿੱਤੀ।
ਮਾਦਪੁਰੀ ਨੇ ਇੱਕ ਸਾਲ ਵਿਚ ਵੱਡੇ ਅਕਾਰ ਦੀ ਕਾਪੀ ਉੱਤੇ 1231 ਲੋਕ-ਗੀਤ ਉਤਾਰ ਲਏ। ਸਫ਼ਰ ਫਿਰ ਵੀ ਜਾਰੀ, ਅਗਲੀ ਕਾਪੀ ਸ਼ੁਰੂ ਹੋਈ, ਭਰ ਗਈ, ਸਫ਼ਰ ਫਿਰ ਵੀ ਜਾਰੀ।
ਉਹ ਕਹਿੰਦੇ ਇਹ ਗੌਣ ਸਦੀਆਂ ਪੁਰਾਣੇ ਪੰਜਾਬ ਦੇ ਸਮਾਜਿਕ ਇਤਿਹਾਸ ਦੀਆਂ ਬਾਤਾਂ ਪਾਉਂਦੇ ਨੇ। ਜਿਹੜੀ ਦੁੱਖਾਂ ਭਰੀ ਤੇ ਔੜਾਂ ਮਾਰੀ ਜ਼ਿੰਦਗੀ ਪੰਜਾਬ ਦੀ ਔਰਤ ਨੇ ਭੋਗੀ ਹੈ, ਇਹ ਉਸ ਦਾ ਇਤਿਹਾਸਕ ਦਸਤਾਵੇਜ਼ ਹਨ। ਆਪਣੀ ਵੇਦਨਾ ਨੂੰ ਬਿਆਨ ਕਰਦੇ ਇਨ੍ਹਾਂ ਗੀਤਾਂ ਨੂੰ ਔਰਤ ਨੇ ਖ਼ੁਦ ਸਿਰਜਿਆ ਹੈ। ਜਦੋਂ ਉਹ ਇਨ੍ਹਾਂ ਨੂੰ ਸੁਰ ਵਿਚ ਗਾਉਂਦੀਆਂ ਹਨ ਤਾਂ ਚਾਰੇ ਬੰਨੇ ਸਿਸਕੀਆਂ ਤੇ ਹਉਕੇ ਸੁਣਾਈ ਦਿੰਦੇ ਹਨ।
ਮਾਦਪੁਰੀ ਦਾ ਪਹਿਲਾ ਲੇਖ ਨਵੰਬਰ-ਦਸੰਬਰ 1954 ਦੇ 'ਪੰਜਾਬੀ ਦੁਨੀਆਂ' ਵਿਚ ਛਪਿਆ। ਪਿਆਰਾ ਸਿੰਘ ਪਦਮ ਦਾ ਪਹਿਲਾਂ ਥਾਪੜਾ ਕੰਧੇ 'ਤੇ ਆਣ ਟਿਕਿਆ। ਉਦੋਂ ਇਸ ਸਿਰੜੀ ਦੀ ਉਮਰ ਮਸਾਂ 20 ਸਾਲ ਦੀ ਸੀ। ਫਿਰ ਇਕ ਗੀਤ ਬਾਰੇ ਤਬਸਰਾ 'ਜਾਗ੍ਰਿਤੀ' ਵਿਚ ਛਪਿਆ। ਦੂਜਾ ਥਾਪੜਾ ਕੁਲਵੰਤ ਸਿੰਘ ਵਿਰਕ ਨੇ ਜਨਵਰੀ 1955 ਵਿਚ ਦਿੱਤਾ। ਇਹੋ ਜਿਹੇ ਥਾਪੜਿਆਂ ਦੀ ਹੱਲਾਸ਼ੇਰੀ ਸਦਕਾ ਤਾਂ ਮਾਦਪੁਰੀ ਫਿਰ ਬਸ ਵਗਦੇ ਪਾਣੀ ਵਾਂਗ ਅੱਗੇ ਹੀ ਅੱਗੇ ਵਧਦਾ ਲੋਕ ਧਾਰਾ ਦਾ ਆਪ ਇੱਕ ਵੱਡਾ ਦਰਿਆ  ਹੋ ਨਿੱਬੜਿਆ।
ਮਾਦਪੁਰੀ ਨੇ ਪੰਜਾਬ ਦੀਆਂ ਲੋਕ ਕਹਾਣੀਆਂ, ਲੋਕ ਬੁਝਾਰਤਾਂ, ਅਖੌਤਾਂ ਅਤੇ ਲੋਕ ਬੋਲੀਆਂ ਨੂੰ ਪਿੰਡ-ਪਿੰਡ ਜਾ ਕੇ ਇਕੱਤਰ ਕੀਤਾ। ਗਾਉਂਦਾ ਪੰਜਾਬ, ਫੁੱਲਾਂ ਭਰੀ ਚੰਗੇਰ,ਖੰਡ ਮਿਸ਼ਰੀ ਦੀਆਂ ਡਲੀਆਂ, ਲੋਕ ਗੀਤਾਂ ਦੀ ਸਮਾਜਿਕ ਵਿਆਖਿਆ, ਨੈਂਣੀ ਨੀਂਦ ਨਾ ਆਵੇ,ਕਿੱਕਲੀ ਕਲੀਰ ਦੀ, ਸ਼ਾਵਾ ਨੀ ਬੰਬੀਹਾ ਬੋਲੇ, ਬੋਲੀਆਂ ਦਾ ਪਾਵਾਂ ਬੰਗਲਾ, ਕੱਲਰ ਦੀਵਾ ਮੱਚਦਾ, ਬੁਝਾਰਤਾਂ,ਜ਼ਰੀ ਦਾ ਟੋਟਾ,ਪਰਾਇਆ ਧਨ (ਨਾਟਕ),ਗਾਉਂਦਾ ਪੰਜਾਬ (ਮਾਲਵੇ ਦੇ ਲੋਕ-ਗੀਤ),ਪੰਜਾਬ ਦੀਆਂ ਵਿਰਾਸਤੀ ਖੇਡਾਂ,ਕਿੱਕਲੀ ਕਲੀਰ ਦੀ,ਫੁੱਲਾਂ ਭਰੀ ਚੰਗੇਰ,ਪੰਜਾਬ ਦੇ ਲੋਕ ਨਾਇਕ,ਪੰਜਾਬ ਦੀਆਂ ਲੋਕ ਖੇਡਾਂ,ਬਾਤਾਂ ਦੇਸ ਪੰਜਾਬ ਦੀਆਂ,ਨੈਣਾ ਦੇ ਵਣਜਾਰੇ,ਮਹਿਕ ਪੰਜਾਬ ਦੀ: ਪੰਜਾਬ ਦੇ ਜੱਟਾਂ ਦੀ ਲੋਕਧਾਰਾ,ਖੰਡ ਮਿਸ਼ਰੀ ਦੀਆਂ ਡਲੀਆਂ,,ਲੋਕਗੀਤਾਂ ਦੀਆਂ ਕੂਲ੍ਹਾਂ: ਸ਼ਗਨਾਂ ਦੇ ਗੀਤ, ਲੋਕ ਦੋਹੇ ਤੇ ਮਾਹੀਆ, ਪੰਜਾਬੀ ਸਭਿਆਚਾਰ ਦੀ ਆਰਸੀ: ਸੋਮੇ ਤੇ ਪਰੰਪਰਾ ਆਦਿ ਢੇਰ ਸਾਰੀਆਂ ਕਿਤਾਬਾਂ ਪੰਜਾਬੀ ਸਾਹਿਤ ਤੇ ਲੋਕਧਾਰਾ ਦੀ ਝੋਲੀ ਪਾਈਆਂ।
ਭਾਸ਼ਾ ਵਿਭਾਗ ਪੰਜਾਬ ਵੱਲੋਂ ਉਨ੍ਹਾਂ ਨੂੰ ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਤੇ ਸਾਹਿਤ ਅਕਾਦਮੀ ਦਿੱਲੀ ਨੇ ਵੀ ਉਸ ਨੂੰ ਵੱਕਾਰੀ ਐਵਾਰਡ ਸਾਹਿਤ ਅਕਾਦਮੀ ਪੁਰਸਕਾਰ 2015 ਦੇ ਕੇ ਮਾਣ ਦਿੱਤਾ।
26 ਅਪਰੈਲ 2020 ਦਾ ਦਿਨ ਪੰਜਾਬੀ ਸਾਹਿਤ ਦੀ ਦੁਨੀਆਂ ਵਿੱਚ ਸੁਖਦੇਵ ਮਾਦਪੁਰੀ ਦਾ ਸਰੀਰਕ ਤੌਰ ਤੇ ਆਖਰੀ ਦਿਨ ਸੀ। ਉਸ ਦੀ ਰੂਹ ਪਰਮਾਤਮਾ ਦੇ ਹੁਕਮ ਅਨੁਸਾਰ ਆਪਣੇ ਹਿੱਸੇ ਦੇ ਕਾਰਜ ਨਿਭਾ ਕੇ ਵਾਪਸ ਚਲੀ ਗਈ। ਸੁਖਦੇਵ ਮਾਦਪੁਰੀ ਦਾ ਨਾਂ ਲੋਕਧਾਰਾ ਦੀ ਇੱਕ ਸੰਸਥਾ ਵਜੋਂ ਪੰਜਾਬੀ ਸਾਹਿਤ ਵਿੱਚ ਹਮੇਸ਼ਾ ਜਿਉਂਦਾ ਰਹੇਗਾ।
ਸ. ਸੁਖਚੈਨ ਸਿੰਘ ਕੁਰੜ
(ਪੰਜਾਬੀ ਅਧਿਆਪਕ ਤੇ ਭਾਸ਼ਾ ਮੰਚ ਸਰਪ੍ਰਸਤ)
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਨਾ ਸਿੰਘ ਵਾਲ਼ਾ (ਫ਼ਿਰੋਜ਼ਪੁਰ)