ਪਿੰਡ ਗਾਲਬ ਕਲਾਂ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਵਰਕਰਾਂ ਨੇ ਪਾਵਰਕਾਮ ਵਲੋਂ ਸਥਾਨਕ ਚਿੰਤਪੁਰਨੀ ਮੰਦਰ ਚ ਲਗਾਇਆ ਚਿੱਪ ਵਾਲਾ ਮੀਟਰ ਉਤਾਰ ਕੇ ਸਬਅਰਬਨ ਦਫਤਰ ਜਗਰਾਂਓ ਨੂੰ ਸੌਂਪਿਆ
ਜਗਰਾਓਂ, 25 ਜੂਨ ( ਗੁਰਕਿਰਤ ਜਗਰਾਓਂ/ਮਨਜਿੰਦਰ ਗਿੱਲ)ਇਲਾਕੇ ਦੇ ਵੱਡੇ ਪਿੰਡ ਗਾਲਬ ਕਲਾਂ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਵਰਕਰਾਂ ਨੇ ਪਾਵਰਕਾਮ ਵਲੋਂ ਸਥਾਨਕ ਚਿੰਤਪੁਰਨੀ ਮੰਦਰ ਚ ਲਗਾਇਆ ਚਿੱਪ ਵਾਲਾ ਮੀਟਰ ਉਤਾਰ ਕੇ ਸਬਅਰਬਨ ਦਫਤਰ ਜਗਰਾਂਓ ਨੂੰ ਮੋੜ ਦਿੱਤਾ। ਜਿਲਾ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ ਬਲਾਕ ਪ੍ਰਧਾਨ ਜਗਜੀਤ ਸਿੰਘ ਕਲੇਰ ਦੀ ਅਗਵਾਈ ਚ ਇਕੱਤਰ ਪਿੰਡ ਵਾਸੀਆਂ ਨੇ ਜਥੇਬੰਦੀ ਦੇ ਫੈਸਲੇ ਮੁਤਾਬਿਕ ਇਹ ਮੀਟਰ ਉਤਾਰ ਕੇ ਮਹਿਕਮੇ ਨੂੰ ਭਲਕੇ ਮੋੜ ਦਿੱਤਾ ਜਾਵੇਗਾ। ਇਸ ਸਮੇਂ ਇਕਤਰ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆ ਬਲਾਕ ਮੀਤ ਪ੍ਰਧਾਨ ਪਰਮਿੰਦਰ ਸਿੰਘ ਪਿੱਕਾ ਨੇ ਪਾਵਰਕਾਮ ਨੂੰ ਚਿਤਾਵਨੀ ਦਿੱਤੀ ਕਿ ਲੋਕਾਂ ਤੋਂ ਚੋਰੀ ਧਾਰਮਿਕ ਸਥਾਨ ਤੇ ਚਿੱਪ ਵਾਲਾ ਮੀਟਰ ਲਗਾ ਕੇ ਪੰਜਾਬ ਸਰਕਾਰ ਨੇ ਵੱਡਾ ਫਰੇਬ ਕੀਤਾ ਹੈ । ਉਨਾਂ ਕਿਹਾ ਕਿ ਹੁਣ ਪਿੰਡ ਚ ਆਉਣ ਤੇ ਪਾਵਰਕਾਮ ਕਰਮਚਾਰੀਆਂ ਦਾ ਘਿਰਾਓ ਕੀਤਾ ਜਾਵੇਗਾ। ਪੇਸ਼ਗੀ ਰਕਮ ਦਾ ਕਾਰਡ ਪਵਾ ਕੇ ਚੱਲਣ ਵਾਲੇ ਇਨਾਂ ਮੀਟਰਾਂ ਰਾਹੀਂ ਗਰੀਬ ਲੋਕਾਂ ਨੂੰ ਬਿਜਲੀ ਬਾਲਣ ਦੇ ਹੱਕ ਤੋਂ ਵਿਰਵਾ ਕੀਤਾ ਜਾ ਰਿਹਾ ਹੈ। ਇਸ ਤਰਾਂ ਚਿੱਪ ਵਾਲੇ ਮੀਟਰ ਲਗਾ ਕੇ ਨਵੀਂ ਉਰਜਾ ਨੀਤੀ ਤਹਿਤ ਪਾਵਰਕਾਮ ਮਹਿਕਮਾ ਨਿਜੀ ਕਾਰਪੋਰੇਟਾਂ ਨੂੰ ਵੇਚਣ ਦਾ ਅਮਲ ਹੈ। ਉਨਾਂ ਕਿਹਾ ਕਿ ਇਕ ਪਾਸੇ ਬਿਜਲੀ ਮੁਫਤ ਦਿੱਤੀ ਜਾ ਰਹੀ ਹੈ ਤੇ ਦੂਜੇ ਪਾਸੇ ਕਾਰਪੋਰੇਟਾਂ ਦਾ ਪਾਵਰਕਾਮ ਤੇ ਕਬਜਾ ਕਰਾਉਣ ਲਈ ਇਹ ਚਿੱਪ ਵਾਲੇ ਮੀਟਰ ਲਗਾਏ ਜਾ ਰਹੇ ਹਨ । ਉਨਾਂ ਭਗਵੰਤ ਮਾਨ ਸਰਕਾਰ ਤੋਂ ਇਹ ਦੋਗਲੀ ਨੀਤੀ ਤੁਰੰਤ ਰੱਦ ਕਰਨ ਦੀ ਮੰਗ ਕੀਤੀ ਹੈ। ਇਸ ਸਮੇਂ ਕਾ ਜਗਨ ਨਾਥ ਸੰਘਰਾਉ, ਇੰਦਰਜੀਤ ਸਿੰਘ, ਸ਼ੇਰ ਸਿੰਘ, ਕਾਮਰੇਡ ਰਣਜੀਤ ਸਿੰਘ, ਗੁਰਬਾਜ ਸਿੰਘ, ਅਮਰਜੀਤ ਸਿੰਘ ਆਦਿ ਪਿੰਡ ਵਾਸੀ ਹਾਜ਼ਰ ਸਨ।