You are here

ਭ੍ਰਿਸ਼ਟਾਚਾਰ ਦੀ ਮਾਰ ✍️ ਮਨਜੀਤ ਕੌਰ ਧੀਮਾਨ

ਜੇਕਰ ਕਿਸੇ ਨੂੰ ਪੁੱਛਿਆ ਜਾਵੇ ਕਿ ਦੇਸ਼ ਦਾ ਸੱਭ ਤੋਂ ਵੱਡਾ, ਸਸਤਾ ਤੇ ਭਰੋਸੇਯੋਗ ਹਸਪਤਾਲ਼ ਕਿਹੜਾ ਹੈ ਤਾਂ ਜਵਾਬ ਮਿਲ਼ੇਗਾ ਪੀ.ਜੀ.ਆਈ.ਚੰਡੀਗੜ੍ਹ।ਵਾਕਿਆ ਹੀ ਬਹੁਤ ਵੱਡਾ, ਨਵੀਆਂ ਤਕਨੀਕਾਂ ਤੇ ਹਰ ਤਰ੍ਹਾਂ ਦੀਆਂ ਸੁਵਿਧਾਵਾਂ ਨਾਲ਼ ਭਰਪੂਰ ਹੈ ਇਹ ਹਸਪਤਾਲ਼।ਇੱਥੇ ਹਰ ਤਰ੍ਹਾਂ ਦੀ ਬੀਮਾਰੀ ਲਈ ਅਲੱਗ-ਅਲੱਗ ਹਸਪਤਾਲ਼ ਹਨ।ਇਥੇ ਹਰ ਬੀਮਾਰੀ ਦਾ ਇਲਾਜ਼ ਸੰਭਵ ਹੈ।ਦੂਜੀ ਗੱਲ ਹੈ ਡਾਕਟਰਾਂ ਦੀ ਮਿਹਨਤ ਤੇ ਲਗਨ ਕਿ ਵਾਹ ਲਗਦਿਆਂ ਕਿਸੇ ਨੂੰ ਮਰਨ ਨਹੀਂ ਦਿੰਦੇ।

                  ਹੁਣ ਗੱਲ ਇਹ ਹੈ ਕਿ ਦੁਨੀਆਂ ਭਰ ਤੋਂ ਲੋਕ ਇਸ ਹਸਪਤਾਲ਼ ਵਿੱਚ ਆ ਕੇ ਇਲਾਜ਼ ਕਰਵਾਉਂਦੇ ਹਨ।ਪਰ ਏਥੇ ਜਾ ਕੇ ਹੋਣ ਵਾਲੀ ਖੇਚਲ਼ ਤੇ ਖੱਜਲ ਖੁਆਰੀ ਕਰਕੇ ਬਹੁਤ ਸਾਰੇ ਲੋਕ ਇਸ ਤੋਂ ਕੰਨੀਂ ਕਤਰਾਉਂਦੇ ਹਨ। ਕਈ ਵਾਰੀ ਲੋਕ ਧੱਕੇ ਖਾ ਖਾ ਕੇ ਇੰਨਾ ਥੱਕ ਜਾਂਦੇ ਹਨ ਕਿ ਇਲਾਜ਼ ਪੂਰਾ ਹੀ ਨਹੀਂ ਕਰਵਾਉਂਦੇ।

                     ਵੈਸੇ ਆਮ ਤੌਰ ਤੇ ਅਸੀਂ ਦੇਖਦੇ ਹਾਂ ਕਿ ਅਜਿਹੇ ਬਹੁਤ ਸਾਰੇ ਕਾਰਨ ਹਨ ਜਿਹਨਾਂ ਕਰਕੇ ਆਮ ਲੋਕ ਅਤੇ ਡਾਕਟਰ ਜਾਂ ਸਟਾਫ਼ ਨੂੰ ਬਹੁਤ ਪਰੇਸ਼ਾਨੀ ਹੁੰਦੀ ਹੈ। ਅੱਜਕਲ ਹਰ ਚੀਜ਼ ਅੱਪਡੇਟ ਹੁੰਦੀ ਹੈ ਤੇ ਕੀ ਪੀ.ਜੀ. ਆਈ. ਹਸਪਤਾਲ਼ ਨੂੰ ਅੱਪਡੇਟ ਨਹੀਂ ਕੀਤਾ ਜਾ ਸਕਦਾ? ਬੇਸ਼ੱਕ ਹੁਣ ਫ਼ੋਨ ਤੇ ਮਿਲਣ ਦਾ ਸਮਾਂ ਮਿਲ਼ ਜਾਂਦਾ ਹੈ, ਰਜਿਸਟ੍ਰੇਸ਼ਨ ਹੋ ਜਾਂਦੀ ਹੈ। ਪਰ ਆਮ ਲੋਕਾਂ ਨੂੰ ਇਹਨਾਂ ਸਹੂਲਤਾਂ ਦਾ ਪਤਾ ਹੀ ਨਹੀਂ ਤੇ ਨਾ ਹੀ ਉਹਨਾਂ ਨੂੰ ਫ਼ੋਨ ਜਾਂ ਕੰਪਿਊਟਰ ਚਲਾਉਣਾ ਆਉਂਦਾ ਹੈ।

                     ਸੱਭ ਤੋਂ ਪਹਿਲਾਂ ਮੈਂ ਆਪਣਾ ਤਜ਼ੁਰਬਾ ਸਾਂਝਾ ਕਰਨਾ ਚਾਹਾਂਗੀ ਤੇ ਉਸ ਤੋਂ ਬਾਅਦ ਹੋਰ ਵੀ ਵਿਚਾਰ ਵਟਾਂਦਰਾ ਕਰਾਂਗੇ।

                     ਮੇਰੀ ਮੰਮੀ ਜੋ ਬੀਮਾਰ ਹਨ,2019 ਵਿੱਚ ਟੈਸਟ ਕਰਾਉਣ ਤੇ ਪਤਾ ਲਗਿਆ ਕਿ ਉਹਨਾਂ ਦੇ ਦਿਲ ਦਾ ਇੱਕ ਵਾਲਵ ਖ਼ਰਾਬ ਹੈ, ਉਸਦਾ ਅਪਰੇਸ਼ਨ ਹੋਵੇਗਾ। ਮੈਂ ਬਹੁਤ ਘਬਰਾ ਗਈ ਕਿਉਂਕਿ ਮੇਰੇ ਪੇਕਿਆਂ ਵਿੱਚ ਸਿਰਫ਼ ਮੰਮੀ ਡੈਡੀ ਹੀ ਹਨ, ਉਹਨਾਂ ਦੀ ਦੇਖਭਾਲ ਕਰਨ ਵਾਲ਼ਾ ਕੋਈ ਨਹੀਂ ਹੈ। ਮੇਰੇ ਦੋ ਭਰਾ,ਜੋ ਜਵਾਨ ਸਨ ਉਹ ਰੱਬ ਨੂੰ ਪਿਆਰੇ ਹੋ ਗਏ ਸਨ। ਹੁਣ ਸਿਰਫ਼ ਮੈਂ ਹੀ ਉਹਨਾਂ ਦੀ ਸੰਭਾਲ਼ ਕਰ ਰਹੀ ਹਾਂ।ਪਰ ਮੈਂ ਵੀ ਨੌਕਰੀਪੇਸ਼ਾ ਹਾਂ ਤੇ ਪ੍ਰਾਈਵੇਟ ਨੌਕਰੀ ਕਰਕੇ ਜ਼ਿਆਦਾ ਵਕਤ ਨਹੀਂ ਕੱਢ ਸਕਦੀ। ਇਸ ਤੋਂ ਇਲਾਵਾ ਆਪਣੇ ਸਹੁਰੇ ਘਰ ਆਪਣੇ ਦੂਜੇ ਪਰਿਵਾਰ ਦੀ ਵੀ ਜਿੰਮੇਵਾਰੀ ਹੈ।ਪਰ ਮਾਂ ਤਾਂ ਆਖ਼ਰ ਮਾਂ ਹੁੰਦੀ ਹੈ ਤੇ ਮੈਂ ਪਤੀ ਨਾਲ਼ ਸਲਾਹ ਕਰਕੇ ਫ਼ੈਸਲਾ ਕੀਤਾ ਕਿ ਮੈਂ ਆਪਣੀ ਮੰਮੀ ਦਾ ਇਲਾਜ਼ ਪੀ.ਜੀ.ਆਈ ਵਿਖੇ ਹੀ ਕਰਵਾਵਾਂਗੀ। ਇਹ ਸੋਚ ਕੇ ਮੈਂ ਇਲਾਜ਼ ਸ਼ੁਰੂ ਕਰਵਾ ਦਿੱਤਾ। ਬਹੁਤ ਧੱਕੇ ਖਾਧੇ, ਬਹੁਤ ਛੁੱਟੀਆਂ ਵੀ ਲਈਆਂ ਕਿਸੇ ਤਰ੍ਹਾਂ ਇਲਾਜ਼ ਚਲਦਾ ਰਿਹਾ ਪਰ ਮਾੜੀ ਕਿਸਮਤ ਨੂੰ ਇਲਾਜ਼ ਦੌਰਾਨ ਹੀ ਉਦੋਂ ਕਰੋਨਾ ਦਾ ਕਹਿਰ ਟੁੱਟ ਪਿਆ। ਖ਼ੈਰ ਦੋ ਸਾਲ ਘਰਾਂ ਵਿੱਚ ਹੀ ਕੈਦ ਹੋ ਗਏ। ਉਸ ਵੇਲ਼ੇ ਡਰਦਿਆਂ ਨੇ ਮਾਂ ਨੂੰ ਕਦੇ ਬਾਹਰ ਹੀ ਨਹੀਂ ਕੱਢਿਆ ਕਿ ਕਿਤੇ ਉਹਨਾਂ ਦੀ ਤਕਲੀਫ ਹੋਰ ਨਾ ਵੱਧ ਜਾਵੇ। ਜਦੋਂ ਉਹਨਾਂ ਦੇ ਦਰਦ ਹੁੰਦਾ ਤਾਂ ਗੋਲੀ ਖਵਾ ਦਿੰਦੇ ਸਾਂ।

                   ਉਸ ਤੋਂ ਬਾਅਦ ਇਲਾਜ਼ ਫ਼ੇਰ ਸ਼ੁਰੂ ਕਰਵਾਇਆ। ਪੈਸੇ ਦੀ ਪਰੇਸ਼ਾਨੀ ਤਾਂ ਹਰੇਕ ਨੂੰ ਹੋਈ ਤੇ ਸਾਨੂੰ ਵੀ ਹੋਣੀ ਹੀ ਸੀ। ਕਿਸੇ ਤਰ੍ਹਾਂ ਉਹਨਾਂ ਦਾ ਆਇਉਸ਼ਮਾਨ ਦਾ ਕਾਰਡ ਬਣ ਗਿਆ। ਚਲੋ ਦਿਲ ਨੂੰ ਤਸੱਲੀ ਹੋ ਗਈ ਕਿ ਹੁਣ ਮੈਂ ਆਪਣੀ ਮਾਂ ਦਾ ਇਲਾਜ਼ ਕਰਵਾ ਲਵਾਂਗੀ।ਡਾਕਟਰ ਸਾਹਿਬ ਨੇ ਵੀ ਖ਼ਰਚੇ ਦੇ ਪ੍ਰਬੰਧ ਬਾਰੇ ਪੁੱਛਿਆ। ਜਦੋਂ ਮੈਂ ਕਾਰਡ ਬਾਰੇ ਜਾਣਕਾਰੀ ਦਿੱਤੀ ਤਾਂ ਉਹਨਾਂ ਕਿਹਾ ਕਿ ਠੀਕ ਹੈ। ਇਸ ਕਾਰਡ ਤੋਂ ਇਲਾਜ਼ ਹੋ ਜਾਵੇਗਾ। ਬੱਸ ਕੁੱਝ ਟੈਸਟਾਂ ਦੇ ਪੈਸੇ ਲੱਗਣਗੇ। ਮੈਂ ਉਹ ਪੈਸੇ ਭਰ ਦਿੱਤੇ ਤੇ ਟੈਸਟ ਵੀ ਹੋ ਗਏ। ਉਸਤੋਂ ਬਾਅਦ ਅਪਰੇਸ਼ਨ ਦੀ ਤਾਰੀਕ ਦੇ ਦਿੱਤੀ ਗਈ ਅਤੇ ਵਿੱਚ ਵਿੱਚ ਆਉਂਦੇ ਰਹਿਣ ਲਈ ਕਿਹਾ ਗਿਆ ਕਿਉਂਕਿ ਤਾਰੀਕ ਕਾਫ਼ੀ ਲੰਬੀ ਮਿਲ਼ੀ ਸੀ। ਮੈਂ ਮੰਮੀ ਨੂੰ ਤਸੱਲੀ ਦਿੱਤੀ ਕਿ ਚਲੋ ਕੋਈ ਨਹੀਂ ਜਿੱਥੇ ਪਹਿਲਾਂ ਐਨਾ ਇੰਤਜ਼ਾਰ ਕੀਤਾ ਹੁਣ ਇੰਨਾ ਕੁ ਹੋਰ ਸਹੀ।

                ਮੈਨੂੰ ਪੂਰਾ ਯਕੀਨ ਵੀ ਸੀ ਕਿ ਏਥੇ ਤਾਂ ਰੱਬ ਵਰਗੇ ਡਾਕਟਰ ਹਨ। ਮੇਰੀ ਮਾਂ ਦਾ ਇਲਾਜ਼ ਬਹੁਤ ਹੀ ਵਧੀਆ ਹੋਵੇਗਾ।ਪਰ ਮੇਰੀਆਂ ਉਮੀਦਾਂ ਤੇ ਓਦੋਂ ਪਾਣੀ ਫ਼ਿਰ ਗਿਆ ਜਦੋਂ ਜਿਸ ਤਰੀਕ ਨੂੰ ਦਾਖ਼ਲ ਹੋਣਾ ਸੀ  ਉਹਨਾਂ ਨੂੰ ਦਾਖ਼ਲ ਨਹੀਂ ਕੀਤਾ ਗਿਆ। ਸਗੋਂ ਬੈੱਡ ਨਹੀਂ ਹੈ, ਕਹਿ ਕੇ ਵਾਪਸ ਭੇਜ ਦਿੱਤਾ ਗਿਆ। ਫ਼ਿਰ ਸ਼ੁਰੂ ਹੋਇਆ ਹੋਰ ਵੀ ਭੱਜਦੌੜ ਦਾ ਸਿਲਸਿਲਾ। ਕਈ ਵਾਰ ਗਏ, ਮਜਬੂਰੀਆਂ ਦੱਸੀਆਂ। ਪਰ ਮਿਲ਼ਿਆ ਕੀ....? ਬੱਸ ਤਰੀਕ ਤੇ ਤਰੀਕ। ਫ਼ਿਰ ਕਿਸੇ ਨੇ ਕਿਹਾ ਕਿ ਤੁਸੀਂ ਸਿਫਾਰਸ਼ ਪਵਾਓ ਤਾਂ ਗੱਲ ਬਣਨੀ ਹੈ। ਹੁਣ ਸਿਫਾਰਸ਼ ਕਿੱਥੋਂ ਲਿਆਵਾਂ! ਚਲੋ ਕਿਸੇ ਤਰ੍ਹਾਂ ਡੀਨ ਸਾਹਿਬ ਦੇ ਨਾਲ਼ ਤੇ ਡਾਕਟਰ ਸਾਹਿਬ ਨਾਲ਼ ਗੱਲਬਾਤ ਕਰਵਾਈ ਕਿਸੇ ਨੇ। ਪਰ ਨਤੀਜਾ ਕੋਈ ਵੀ ਨਹੀਂ ਨਿਕਲਿਆ। ਫ਼ਿਰ ਮੈਨੂੰ ਇੱਕ ਫ਼ੋਨ ਆਇਆ ਕਿ ਪੀ.ਜੀ.ਆਈ ਤਾਂ ਬੈਡ ਨਹੀਂ ਮਿਲ਼ ਰਿਹਾ ਕਿਉਂਕਿ ਤੁਸੀਂ ਕਾਰਡ ਤੋਂ ਇਲਾਜ਼ ਕਰਵਾਉਣਾ ਹੈ ਤੇ ਇਸ ਸਮੇਂ ਕਾਰਡ ਵਾਲਿਆਂ ਦਾ ਉਹ ਇਲਾਜ਼ ਨਹੀਂ ਕਰ ਰਹੇ। ਪਰ 34 ਸੈਕਟਰ ਵਿੱਚ ਇੱਕ ਹਸਪਤਾਲ਼ ਹੈ ਜਿੱਥੇ ਤੁਹਾਡਾ ਕਾਰਡ ਚੱਲ ਜਾਵੇਗਾ ਤੇ ਉੱਥੇ ਪੀ.ਜੀ.ਆਈ ਦੇ ਡਾਕਟਰ ਹੀ ਇਲਾਜ਼ ਕਰਨਗੇ ਤੇ ਕਾਰਡ ਵਿੱਚੋਂ ਸਾਢੇ ਚਾਰ ਲੱਖ ਰੁਪਏ (ਜੋ ਕਿ ਪੀ.ਜੀ.ਆਈ. 'ਚ ਡੇਢ ਲੱਖ ਦੱਸੇ ਗਏ ਸਨ) ਕੱਟ ਜਾਣਗੇ ਤੇ ਇਸ ਤੋਂ ਇਲਾਵਾ 70-80 ਹਜ਼ਾਰ ਰੁਪਏ ਨਗਦ ਲੱਗਣਗੇ। ਮੇਰੀ ਹੈਰਾਨੀ ਦੀ ਕੋਈ ਹੱਦ ਨਾ ਰਹੀ।ਜਿਸ ਹਸਪਤਾਲ਼ 'ਚ ਲੋਕਾਂ ਨੂੰ ਰੱਬ ਦਿੱਖਦੇ ਹਨ ,ਉਸ ਦੀ ਆੜ੍ਹ ਵਿੱਚ ਐਡਾ ਵੱਡਾ ਭ੍ਰਿਸ਼ਟਾਚਾਰ ਵੀ ਚੱਲ ਰਿਹਾ ਹੈ। ਸੋਚ ਰਹੀ ਹਾਂ ਮੈਂ ਕਿੰਨਾ ਭਰੋਸਾ ਕਰਕੇ ਇੱਥੇ ਇਲਾਜ਼ ਸ਼ੁਰੂ ਕਰਵਾਇਆ ਸੀ। ਆਪਣੀ ਮਜ਼ਬੂਰੀ ਤੇ ਬੇਵਸੀ ਦੱਸਣ ਦੇ ਬਾਵਜੂਦ ਵੀ ਕਿਸੇ ਨੇ ਸਾਥ ਨਹੀਂ ਦਿੱਤਾ।

                ਹੁਣ ਗੱਲ ਕਰਦੇ ਹਾਂ,ਪੰਜਾਬ ਦੇ ਵਿੱਚ ਫੈਲੇ ਭ੍ਰਿਸ਼ਟਾਚਾਰ ਦੀ।

      ਹਰ ਜਗ੍ਹਾ ਬੱਸ ਇੱਕੋ ਮਾਰ,

     ਭ੍ਰਿਸ਼ਟਾਚਾਰ, ਭ੍ਰਿਸ਼ਟਾਚਾਰ।

      ਕਿੰਝ ਭਲਾ ਫ਼ਿਰ ਮੁੜੇਗੀ,

       ਜੀਵਨ ਦੀ ਰੁੱਸੀ ਬਹਾਰ। 

                      ਸੋ ਇਹ ਸਾਡੇ ਦੇਸ਼ ਦਾ ਦੁਖਾਂਤ ਹੈ ਕਿ ਐਡੇ ਵੱਡੇ ਤੇ ਭਰੋਸੇਯੋਗ ਹਸਪਤਾਲ਼ ਦਾ ਇਹ ਹਾਲ ਹੈ। ਇਸ ਤੋਂ ਇਲਾਵਾ ਉੱਥੇ ਆਮ ਲੋਕ ਸਸਤਾ ਇਲਾਜ਼ ਕਰਵਾਉਣ ਲਈ ਜਾਂਦੇ ਹਨ ਪਰ ਉਹਨਾਂ ਨੂੰ ਬਹੁਤ ਪ੍ਰੇਸ਼ਾਨੀਆਂ ਝੱਲਣੀਆਂ ਪੈਂਦੀਆਂ ਹਨ। ਵੈਸੇ ਜੇ ਸਾਡੇ ਦੇਸ਼ ਵਿੱਚ ਵੀ ਬਾਹਰਲੇ ਦੇਸ਼ਾਂ ਵਾਂਗ ਹਰ ਚੀਜ਼ ਦਾ ਕੋਈ ਸਿਸਟਮ ਬਣਾਇਆ ਜਾਵੇ ਤਾਂ ਇਹਨਾਂ ਮੁਸ਼ਕਲਾਂ ਦਾ ਹੱਲ ਹੋ ਸਕਦਾ ਹੈ। ਇਸ ਨਾਲ਼ ਸਮਾਂ ਵੀ ਬੱਚ ਸਕਦਾ ਹੈ ਤੇ ਪੈਸੇ ਦੀ ਬੇਵਜ੍ਹਾ ਹੁੰਦੀ ਬਰਬਾਦੀ ਵੀ ਰੋਕੀ ਜਾ ਸਕਦੀ ਹੈ। ਨਿੱਜੀ ਹਸਪਤਾਲਾਂ ਵਿੱਚ ਐਡੀ ਭੀੜ ਨਹੀਂ ਹੁੰਦੀ ਪਰ ਸਰਕਾਰੀ ਹਸਪਤਾਲ਼ ਵਿੱਚ ਪੈਰ ਰੱਖਣਾ ਔਖਾ ਹੁੰਦਾ ਹੈ। ਮੰਨਿਆਂ ਕਿ ਸਰਕਾਰੀ ਹਸਪਤਾਲਾਂ ਵਿੱਚ ਲੋਕ ਜ਼ਿਆਦਾ ਜਾਂਦੇ ਹਨ ਪਰ ਸਿਸਟਮ ਤਾਂ ਬਣਾਏ ਜਾ ਹੀ ਸਕਦੇ ਹਨ। ਇਹ ਜ਼ਰੂਰੀ ਨਹੀਂ ਕਿ ਗ਼ਰੀਬ ਬੰਦੇ ਨੂੰ ਇਲਾਜ਼ ਲਈ ਠੋਕਰਾਂ ਹੀ ਖਾਣੀਆਂ ਪੈਣ। ਆਪਣਾ ਕੰਮ ਕਾਰ ਛੱਡ ਹਸਪਤਾਲਾਂ ਦੇ ਧੱਕੇ ਖਾਣੇ ਪੈਣ। ਅੱਜ ਸਾਡਾ ਦੇਸ਼ ਬਹੁਤ ਸਾਰੇ ਬੇਫਜੂਲ ਮੁੱਦਿਆਂ ਵਿੱਚ ਉਲਝਿਆ ਹੋਇਆ ਹੈ। ਸੁਧਾਰ ਵੱਲ ਕੋਈ ਵੱਧਣਾ ਹੀ ਨਹੀਂ ਚਾਹੁੰਦਾ। ਮੈਂ ਦਾਅਵਾ ਕਰਦੀ ਹਾਂ ਕਿ ਜੇ ਐਹੋ ਜਿਹੇ ਭ੍ਰਿਸਟਾਚਾਰ ਜੜ੍ਹ ਤੋਂ ਮੁੱਕ ਜਾਣ ਤਾਂ ਸਾਡਾ ਇਹ ਦੇਸ਼ ਤੇ ਸਾਡਾ ਪੰਜਾਬ ਮੁੜ ਗੁਲਾਬ ਦੇ ਫੁੱਲ ਵਾਂਗ ਖਿੜ ਜਾਣਗੇ।

                ਮੇਰਾ ਮਕਸਦ ਕਿਸੇ ਨੂੰ ਬਦਨਾਮ ਕਰਨਾ ਨਹੀਂ ਸਗੋਂ ਸੱਚਾਈ ਸਾਹਮਣੇ ਰੱਖਣੀ ਹੈ। ਅੱਗੇ ਸੱਭ ਦੇ ਆਪੋ ਆਪਣੇ ਵਿਚਾਰ ਤੇ ਆਪੋ ਆਪਣੀ ਸੋਚ।

 

ਮਨਜੀਤ ਕੌਰ ਧੀਮਾਨ, ਸ਼ੇਰਪੁਰ, ਲੁਧਿਆਣਾ  ਸੰ:9464633059