You are here

ਜ਼ਿਲ੍ਹਾ ਲੁਧਿਆਣਾ ਵਿੱਚ ਹੁਣ ਹੜ੍ਹ ਦਾ ਕੋਈ ਖ਼ਤਰਾ ਨਹੀਂ - ਭਾਰਤ ਭੂਸ਼ਣ ਆਸ਼ੂ

ਪਿੰਡ ਭੋਲੇਵਾਲ ਕਦੀਮ ਵਿਖੇ ਪਾੜ ਦੀ ਸਥਿਤੀ ਦਾ ਲਿਆ ਜਾਇਜਾ

ਲੁਧਿਆਣਾ, ਅਗਸਤ 2019( ਮਨਜਿੰਦਰ ਗਿੱਲ )-ਪਿੰਡ ਭੋਲੇਵਾਲ ਕਦੀਮ ਵਿਖੇ ਸਤਲੁਜ ਦਰਿਆ ਵਿੱਚ ਪਏ ਪਾੜ ਦੀ ਸਥਿਤੀ ਦਾ ਅੱਜ ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲੇ ਵਿਭਾਗ ਦੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਅਤੇ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਸਮੇਂ ਸਿਰ ਸ਼ੁਰੂ ਕੀਤੇ ਰਾਹਤ ਕਾਰਜ਼ਾਂ ਦੇ ਚੱਲਦਿਆਂ ਹੁਣ ਜ਼ਿਲ੍ਹਾ ਲੁਧਿਆਣਾ ਵਿੱਚ ਹੜ੍ਹ ਦਾ ਖ਼ਤਰਾ ਟਲ ਗਿਆ ਹੈ। ਪਿੰਡ ਭੋਲੇਵਾਲ ਕਦੀਮ ਵਿਖੇ ਪਾੜ ਵਾਲੇ ਸਥਾਨ 'ਤੇ ਸਥਾਨਕ ਲੋਕਾਂ ਨਾਲ ਗੱਲਬਾਤ ਕਰਦਿਆਂ ਆਸ਼ੂ ਤੇ ਬਿੱਟੂ ਨੇ ਕਿਹਾ ਕਿ ਇਸ ਜਗ੍ਹਾ 'ਤੇ ਕਰੀਬ 150 ਫੁੱਟ ਦਾ ਪਾੜ ਪੈ ਗਿਆ ਸੀ ਜਿਸ ਬਾਰੇ ਜਿਉਂ ਹੀ ਪਤਾ ਲੱਗਾ ਤਾਂ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੇ ਸਥਾਨਕ ਲੋਕਾਂ ਦੀ ਸਹਾਇਤਾ ਨਾਲ ਇਸ ਪਾੜ ਨੂੰ ਪੂਰਨ ਦਾ ਕੰਮ ਸੁ਼ਰੂ ਕਰ ਦਿੱਤਾ। ਇਹ ਪਾੜ ਸੱਭ ਤੋਂ ਖ਼ਤਰਨਾਕ ਪਾੜ ਸੀ ਜਿਸ ਦੀ ਡੁੰਘਾਈ ਕਰੀਬ 45 ਫੁੱਟ ਤੋਂ ਵੀ ਜ਼ਿਆਦਾ ਸੀ। ਜਿਸ ਨੂੰ ਪੂਰਨ ਲਈ ਜ਼ਿਲ੍ਹਾ ਪ੍ਰਸਾ਼ਸ਼ਨ ਨੂੰ ਕਾਫੀ ਮਸ਼ੱਕਤ ਕਰਨੀ ਪਈ। ਉਨ੍ਹਾਂ ਕਿਹਾ ਕਿ ਇਸ ਪਾੜ ਦਾ 90 ਫੀਸਦੀ ਕੰਮ ਮੁਕੰਮਲ ਹੋ ਚੁੱਕਾ ਹੈ ਜਦਕਿ 10 ਫੀਸਦੀ ਰਹਿੰਦਾ ਕੰਮ ਵੀ ਜਲਦ ਮੁਕੰਮਲ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਲੁਧਿਆਣਾ ਦੇ ਮੱਤੇਵਾੜਾ ਖੇਤਰ ਵਿੱਚ ਵੀ ਪਿੰਡ ਗੜ੍ਹੀ ਫਾਜਲ ਕੋਲ ਸਤਲੁਜ ਦਰਿਆ ਵਿੱਚ ਪਾੜ ਪੈਣ ਲੱਗਾ ਸੀ ਪਰ ਓਥੇ ਵੀ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋ ਸਮੇਂ ਸਿਰ ਦਿਖਾਈ ਫੁਰਤੀ ਦੇ ਨਾਲ ਸਥਿਤੀ 'ਤੇ ਕਾਬੂ ਪਾ ਲਿਆ ਗਿਆ ਹੈ। ਇਸ ਮੌਕੇ ਉਨ੍ਹਾ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਨ੍ਹਾਂ ਬੰਨ੍ਹਾਂ ਦੀ 24 ਘੰਟੇ ਨਿਗਰਾਨੀ ਕੀਤੀ ਜਾਵੇ ਤਾਂ ਜੋ ਸਤਲੁਜ ਦੇ ਕਿਸੇ ਵੀ ਹਿੱਸੇ ਵਿੱਚ ਪਾੜ ਨਾ ਪੈ ਸਕੇ। ਉਨ੍ਹਾਂ ਕਿਹਾ ਕਿ ਬੰਨ ਪੂਰਨ ਦੇ ਨਾਲ-ਨਾਲ ਲੋਕਾਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਮੈਡੀਕਲ ਕੈਂਪ ਅਤੇ ਪਸ਼ੂਆਂ ਦੀ ਜਾਂਚ ਲਈ ਕੈਂਪ ਲਗਾਏ ਜਾ ਰਹੇ ਹਨ। ਇਸ ਤੋਂ ਇਲਾਵਾ ਹੜ੍ਹ ਪ੍ਰਭਾਵਿਤ ਲੋਕਾਂ ਤੱਕ ਉਨ੍ਹਾਂ ਦੇ ਵਿਭਾਗ ਵੱਲੋਂ ਰਾਸ਼ਨ, ਤਿਆਰ ਭੋਜਨ, ਦਵਾਈਆਂ, ਪਸ਼ੂਆਂ ਲਈ ਚਾਰਾ ਅਤੇ ਲੋੜੀਂਦੀ ਰਾਹਤ ਸਮੱਗਰੀ ਭੇਜੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਸ ਸਥਿਤੀ ਨੂੰ ਕੁਦਰਤੀ ਆਫਤ ਐਲਾਨ ਦਿੱਤਾ ਗਿਆ ਹੈ ਇਸ ਤੋਂ ਇਲਾਵਾ ਰਾਹਤ ਕਾਰਜ਼ਾਂ ਲਈ ਫੌਰੀ ਤੌਰ 'ਤੇ 100 ਕਰੋੜ ਰੁਪਏ ਵੀ ਜਾਰੀ ਕੀਤੇ ਜਾ ਚੁੱਕੇ ਹਨ। ਉਨ੍ਹਾਂ ਮੁੜ ਦੁਹਰਾਇਆ ਕਿ ਪੰਜਾਬ ਸਰਕਾਰ ਇਸ ਮੁਸੀਬਤ ਦੀ ਘੜੀ ਵਿੱਚ ਲੋਕਾਂ ਦੇ ਨਾਲ ਖੜੀ ਹੈ। ਇਸ ਮੌਕੇ ਐਮ.ਐਲ.ਏ. ਸੰਜੀਵ ਤਲਵਾੜ, ਐਮ.ਐਲ.ਏ. ਕੁਲਦੀਪ ਸਿੰਘ ਵੈਦ, ਐਸ.ਡੀ.ਐਮ. ਅਮਰਿੰਦਰ ਸਿੰਘ ਮੱਲੀ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗੁਰਦੇਵ ਸਿੰਘ ਲਾਪਰਾਂ, ਕੌਸਲਰ ਹਰਕਰਨ ਸਿੰਘ ਵੈਦ, ਗੁਰਦੀਪ ਸਿੰਘ ਸਰਪੰਚ, ਗੋਲਡੀ, ਕਈ ਅਧਿਕਾਰੀ ਅਤੇ ਵੱਡੀ ਗਿਣਤੀ ਵਿੱਚ ਸਥਾਨਕ ਲੋਕ ਹਾਜ਼ਰ ਸਨ।