ਜ਼ਿੰਦਗੀ ਸੋਹਣੀ ਲੰਘ ਰਹੀ ਸੀ। ਉਹ ਪਤਾ ਨਹੀਂ ਕਿੱਥੋਂ ਇੱਕ ਵਾ ਵਰੋਲੇ ਵਾਂਗ ਆਇਆ ਤੇ ਸਭ ਕੁਝ ਖਲਾਰ ਕੇ ਚਲਾ ਗਿਆ। ਇਹ ਅਕਸਰ ਵਾਪਰਦਾ ਹੈ ਕਹਿਣਾ ਸੌਖਾ ਹੈ ਪਰ ਸਭ ਕੁਝ ਨੂੰ ਫੇਰ ਤੋਂ ਥਾਂ ਸਿਰ ਕਰਨਾ ਇਨ੍ਹਾਂ ਆਸਾਨ ਨਹੀਂ। ਜ਼ਿੰਦਗੀ ਵਿੱਚ ਸਭ ਤੋਂ ਸੌਖਾ ਹੈ ਕਿਸੇ ਦੀ ਆਦਤ ਪੈ ਲੈਣਾ ਤੇ ਸਭ ਤੋਂ ਔਖਾ ਹੈ ਕਿਸੇ ਦੀ ਆਦਤ ਚੋ ਨਿਕਲਣਾ। ਹਾਂ! ਉਹ ਆਦਤ ਹੀ ਤਾਂ ਬਣ ਗਿਆ ਸੀ। ਵੇਲੇ ਕੁਵੇਲੇ ਉਸ ਦਾ ਫੋਨ ਆਉਣਾ ਤੇ ਲੰਬਾ ਸਮਾਂ ਗੱਲ ਬਾਤ ਕਰਨੀ। ਦੁਨੀਆ ਦੇ ਹਰ ਮਸਲੇ ਤੇ ਬਹਿਸ ਤੇ ਅਜੀਬ ਜਿਹੀ ਕੈਫ਼ੀਅਤ ਨਾਲ ਦਿਲ ਦਿਮਾਗ ਦੀਆਂ ਗੱਲਾਂ। ਕੋਈ ਕੁਝ ਵੀ ਕਹੇ ਗੱਲਾਂ ਰੂਹ ਦੀ ਖੁਰਾਕ ਹੁੰਦਿਆਂ। ਗੱਲਾਂ ਰਾਹੀ ਲੋਕ ਦਿਲ ਤੱਕ ਪਹੁੰਚ ਜਾਂਦੇ।ਆਦਤ ਜਿਹੀ ਪੈ ਜਾਂਦੀ ਗੱਲ ਕਰਨ ਦੀ। ਫਿਰ ਜਿਸ ਦਿਨ ਗੱਲ ਨਾ ਹੋਵੇ ਕੁਝ ਖਾਲੀ ਜਿਹਾ ਲੱਗਦਾ। ਜਿਵੇਂ ਰੋਟੀ ਖਾ ਕੇ ਵੀ ਭੁੱਖ ਮਹਿਸੂਸ ਹੋਣਾ। ਅਸਲ ਵਿੱਚ ਸਾਨੂੰ ਪਿਆਰ ਤੇ ਆਦਤ ਇੱਕੋ ਜਿਹੇ ਲੱਗਦੇ। ਕਈ ਵਾਰ ਕਿਸੇ ਦੀ ਆਦਤ ਪੈ ਜਾਂਦੀ ਤੇ ਅਸੀਂ ਉਸ ਨੂੰ ਪਿਆਰ ਸਮਝ ਲੈਂਦੇ। ਇਹੀ ਤਾਂ ਹੋਇਆ ਕਿ ਉਸ ਦੀ ਆਦਤ ਪੈ ਗਈ ਸੀ। ਜਿਸ ਦਿਨ ਗੱਲ ਨਾ ਹੁੰਦੀ ਭੁੱਖ ਜਿਹੀ ਮਹਿਸੂਸ ਹੁੰਦੀ ਰਹਿੰਦੀ। ਕਹਿੰਦੇ ਨੇ ਬੰਦੇ ਨੂੰ ਅਫ਼ੀਮ ਦਾ ਨਸ਼ਾ ਲੱਗ ਜਾਵੇ ਤਾਂ ਅਫ਼ੀਮ ਨਾ ਮਿਲਣ ਤੇ ਤੋਟ ਲੱਗ ਜਾਂਦੀ ਇਹ ਗੱਲਾਂ ਤੇ ਆਦਤ ਤੇ ਵੀ ਲਾਗੂ ਹੁੰਦੀ। ਉਸਦਾ ਕਸੂਰ ਸਿਰਫ ਇਹ ਹੈ ਕਿ ਉਹ ਆਦਤ ਬਣ ਗਿਆ। ਹੁਣ ਜਦੋਂ ਉਹ ਨਹੀਂ ਹੈ ਤਾਂ ਮਨ ਤੋ ਇਹ ਤੋਟ ਸਹਿ ਨਹੀਂ ਹੁੰਦੀ। ਬਿਨਾਂ ਕਦੀ ਮਿਲੇ ਵੀ ਕੋਈ ਤੁਹਾਡੇ ਕਿੰਨਾ ਨਜ਼ਦੀਕ ਆ ਜਾਂਦਾ ਹੈ ਕਿ ਤੁਹਾਡੀ ਜ਼ਿੰਦਗੀ ਉਸ ਨੂੰ ਧੂਰੀ ਸਮਝ ਉਸ ਦੁਆਲੇ ਘੁੰਮਣ ਲੱਗਦੀ ਹੈ। ਉਸਦੀ ਅਣਹੋਂਦ ਵਿੱਚ ਸਭ ਖਾਲੀ ਜਿਹਾ ਮਹਿਸੂਸ ਹੁੰਦਾ। ਸ਼ਾਇਦ ਉਹ ਜਿੱਥੇ ਵੀ ਹੈ ਇਹੀ ਮਹਿਸੂਸ ਕਰਦਾ ਹੋਵੇ। ਦੁਨੀਆਂ ਵਿੱਚ ਬਹੁਤ ਲੋਕ ਮਿਲਦੇ ਹਨ ਤੇ ਕੋਈ ਇੱਕ ਦੂਜੇ ਵਰਗਾ ਨਹੀਂ ਹੁੰਦਾ। ਹਰ ਕੋਈ ਆਪਣੇ ਆਪ ਵਿੱਚ ਖਾਸ ਹੁੰਦਾ ਹੈ। ਅਜਿਹੇ ਸ਼ਖਸ਼ ਭੁੱਲ ਕੇ ਵੀ ਨਹੀਂ ਭੁੱਲਦੇ।
(ਕੁਝ ਅਜਿਹੇ ਆਪਣਿਆ ਨੂੰ ਸਮਰਪਿਤ ਜੋ ਇਸ ਦੁੱਖ ਵਿੱਚੋ ਗੁਜ਼ਰੇ ਹਨ)
ਹਰਪ੍ਰੀਤ ਕੌਰ ਸੰਧੂ