ਸੰਤ ਬਾਬਾ ਨਰੈਣ ਸਿੰਘ ਜੀ ਚੈਰੀਟੇਬਲ ਟਰੱਸਟ ਰੌਲੀ ਵੱਲੋਂ ਲਗਵਾਏ ਖੂਨਦਾਨ ਕੈਂਪ ਵਿੱਚ 75 ਯੂਨਿਟ ਖੂਨਦਾਨ
ਮੋਗਾ, 09 ਅਪ੍ਰੈਲ ( ਜਸਵਿੰਦਰ ਸਿੰਘ ਰੱਖਰਾ) : ਖੂਨਦਾਨ ਸਭ ਤੋਂ ਉਤਮ ਦਾਨ ਹੈ, ਜੋ ਇਨਸਾਨ ਨੂੰ ਕਿਸੇ ਅਨਜਾਣ ਜਾਂ ਆਪਣੇ ਦੀ ਜਿੰਦਗੀ ਬਚਾਉਣ ਦਾ ਵਿਲੱਖਣ ਅਹਿਸਾਸ ਅਤੇ ਮਾਨਸਿਕ ਤਸੱਲੀ ਦਾ ਅਹਿਸਾਸ ਕਰਵਾਉਂਦਾ ਹੈ। ਖੂਨ ਕਿਸੇ ਫੈਕਟਰੀ ਵਿੱਚ ਨਹੀਂ ਤਿਆਰ ਹੁੰਦਾ ਬਲਕਿ ਲੋੜ ਪੈਣ ਤੇ ਮਨੁੱਖ ਹੀ ਇਸਦੀ ਪੂਰਤੀ ਕਰ ਸਕਦਾ ਹੈ। ਸਭ ਦੇ ਖੂਨ ਦਾ ਰੰਗ ਇੱਕੋ ਜਿਹਾ ਹੈ, ਫਿਰ ਊਚ ਨੀਚ ਜਾਂ ਧਰਮ ਦੇ ਆਧਾਰ ਤੇ ਕਿਸੇ ਨਾਲ ਭੇਦਭਾਵ ਕਰਨਾ ਸਾਡੀ ਨਾਸਮਝੀ ਤੋਂ ਵੱਧ ਕੁੱਝ ਨਹੀਂ ਹੈ। ਇਨਸਾਨੀਅਤ ਦਾ ਪਾਠ ਸਿੱਖਣ ਲਈ ਅਤੇ ਖੁਦ ਨੂੰ ਵਾਹਿਗੁਰੂ ਦੇ ਨਜਦੀਕ ਲੈ ਕੇ ਜਾਣ ਲਈ ਖੂਨਦਾਨ ਦੇ ਰਸਤਿਓੰ ਲੰਘਣਾ ਅਤਿ ਜਰੂਰੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸੰਤ ਬਾਬਾ ਹਰਵਿੰਦਰ ਸਿੰਘ ਖਾਲਸਾ ਜੀ ਨੇ ਸੰਤ ਬਾਬਾ ਨਰੈਣ ਸਿੰਘ ਜੀ ਦੇ ਬਰਸੀ ਸਮਾਗਮ ਮੌਕੇ ਗੁਰਦੁਆਰਾ ਅੰਗੀਠਾ ਸਾਹਿਬ ਰੌਲੀ ਵਿਖੇ ਸੰਗਤਾਂ ਨੂੰ ਸੰਬੋਧਨ ਦੌਰਾਨ ਕੀਤਾ। ਉਨ੍ਹਾਂ ਇਸ ਮੌਕੇ ਰੂਰਲ ਐਨ ਜੀ ਓ ਮੋਗਾ ਦੇ ਸਹਿਯੋਗ ਨਾਲ ਲਗਾਏ ਗਏ ਖੂਨਦਾਨ ਕੈਂਪ ਵਿੱਚ ਸੰਗਤਾਂ ਨੂੰ ਖੂਨਦਾਨ ਕਰਨ ਲਈ ਪ੍ਰੇਰਿਤ ਵੀ ਕੀਤਾ ਅਤੇ ਇਹ ਐਲਾਨ ਕੀਤਾ ਕਿ ਸੰਗਤ ਦੇ ਸਹਿਯੋਗ ਨਾਲ ਹਰ ਸਾਲ ਬਰਸੀ ਸਮਾਗਮਾਂ ਮੌਕੇ ਖੂਨਦਾਨ ਕੈਂਪ ਲਗਾਇਆ ਜਾਵੇਗਾ ਤਾਂ ਜੋ ਸੰਗਤ ਨੂੰ ਇਸ ਲਹਿਰ ਨਾਲ ਜੋੜਿਆ ਜਾ ਸਕੇ। ਉਨ੍ਹਾਂ ਬੀਬੀਆਂ ਨੂੰ ਵੀ ਖੂਨਦਾਨ ਕਰਨ ਲਈ ਅੱਗੇ ਆਉਣ ਅਤੇ ਘਰ ਦੇ ਮਰਦਾਂ ਨੂੰ ਖੂਨਦਾਨ ਤੋਂ ਨਾ ਰੋਕਣ ਦੀ ਅਪੀਲ ਕੀਤੀ। ਇਸ ਮੌਕੇ ਮੋਗਾ ਦੇ ਸਾਬਕਾ ਵਿਧਾਇਕ ਡਾ ਹਰਜੋਤ ਕਮਲ ਨੇ ਵੀ ਖੂਨਦਾਨੀਆਂ ਦੀ ਹੌਸਲਾ ਅਫਜਾਈ ਕੀਤੀ ਅਤੇ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ। ਇਸ ਮੌਕੇ ਰੂਰਲ ਐਨ ਜੀ ਓ ਮੋਗਾ ਦੇ ਚੀਫ ਪੈਟਰਨ ਮਹਿੰਦਰ ਪਾਲ ਲੂੰਬਾ ਨੇ ਆਪਣੇ ਪ੍ਰਭਾਵਸ਼ਾਲੀ ਸੰਬੋਧਨ ਦੌਰਾਨ ਨੌਜਵਾਨਾਂ ਨੂੰ ਖੂਨਦਾਨ ਕਰਨ ਲਈ ਪ੍ਰੇਰਿਤ ਕਰਦਿਆਂ ਖੂਨਦਾਨ ਦੇ ਫਾਇਦਿਆਂ ਅਤੇ ਜਰੂਰਤ ਬਾਰੇ ਜਾਣੂ ਕਰਵਾਉਦਿਆਂ ਦੱਸਿਆ ਕਿ ਖੂਨਦਾਨ ਕਰਨ ਨਾਲ ਸਰੀਰ ਵਿਚ ਕੋਈ ਕਮਜੋਰੀ ਨਹੀਂ ਆਉਂਦੀ। ਇੱਕ 18 ਤੋਂ 65 ਸਾਲ ਦੀ ਉਮਰ ਦਾ ਹਰ ਤੰਦਰੁਸਤ ਇਨਸਾਨ, ਜਿਸਦਾ ਭਾਰ 45 ਕਿਲੋ ਤੋਂ ਉਪਰ ਹੈ, ਹਰ ਤਿੰਨ ਮਹੀਨੇ ਬਾਅਦ ਖੂਨਦਾਨ ਕਰ ਸਕਦਾ ਹੈ। ਇਸ ਲਈ ਸਾਨੂੰ ਕਦੇ ਵੀ ਮੌਕਾ ਮਿਲਣ ਤੇ ਖੂਨਦਾਨ ਤੋਂ ਟਾਲਾ ਨਹੀਂ ਵੱਟਣਾ ਚਾਹੀਦਾ। ਇਸ ਕੈਂਪ ਵਿੱਚ 75 ਨੌਜਵਾਨਾਂ ਨੇ ਖੂਨਦਾਨ ਕੀਤਾ, ਜਿਨ੍ਹਾਂ ਨੂੰ ਸੰਤ ਬਾਬਾ ਹਰਵਿੰਦਰ ਸਿੰਘ ਖਾਲਸਾ ਅਤੇ ਉਨ੍ਹਾਂ ਦੇ ਸੇਵਾਦਾਰਾਂ ਅਤੇ ਐਨ ਜੀ ਓ ਮੈਂਬਰਾਂ ਵੱਲੋਂ ਬੈਜ ਲਗਾ ਕੇ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਚੇਅਰਮੈਨ ਹਰਜਿੰਦਰ ਸਿੰਘ ਚੁਗਾਵਾਂ ਅਤੇ ਜਿਲ੍ਹਾ ਪ੍ਰਧਾਨ ਹਰਭਿੰਦਰ ਸਿੰਘ ਜਾਨੀਆਂ ਨੇ ਸਫਲ ਖੂਨਦਾਨ ਕੈਂਪ ਦੇ ਆਯੋਜਨ ਅਤੇ ਸੰਗਤਾਂ ਨੂੰ ਖੂਨਦਾਨ ਮੁਹਿੰਮ ਨਾਲ ਜੋੜਨ ਲਈ ਸੰਤ ਹਰਵਿੰਦਰ ਸਿੰਘ ਖਾਲਸਾ ਜੀ ਦਾ ਅਤੇ ਸਮੂਹ ਖੂਨਦਾਨੀਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਅਤੇ ਇਹ ਆਸ ਪ੍ਰਗਟ ਕੀਤੀ ਕਿ ਸੰਤ ਹਰਵਿੰਦਰ ਸਿੰਘ ਖਾਲਸਾ ਜੀ ਦੀ ਪ੍ਰੇਰਨਾ ਅਤੇ ਯੋਗ ਅਗਵਾਈ ਵਿੱਚ ਇਹ ਕੈਂਪ ਹਰ ਸਾਲ ਆਯੋਜਿਤ ਕੀਤਾ ਜਾਵੇਗਾ । ਇਸ ਮੌਕੇ ਟਰੱਸਟ ਵੱਲੋਂ ਖੂਨਦਾਨੀਆਂ ਲਈ ਰਿਫਰੈਸ਼ਮੈਂਟ ਦਾ ਵੀ ਬਹੁਤ ਵਧੀਆ ਪ੍ਰਬੰਧ ਕੀਤਾ ਗਿਆ। ਇਸ ਮੌਕੇ ਉਕਤ ਤੋਂ ਇਲਾਵਾ ਸਮਾਜ ਸੇਵਾ ਸੁਸਾਇਟੀ ਮੋਗਾ ਦੇ ਪ੍ਰਧਾਨ ਗੁਰਸੇਵਕ ਸਿੰਘ ਸੰਨਿਆਸੀ, ਸਰਪ੍ਰਸਤ ਗੁਰਬਚਨ ਸਿੰਘ ਗਗੜਾ, ਸਕੱਤਰ ਗੁਰਚਰਨ ਸਿੰਘ ਰਾਜੂ ਪੱਤੋ, ਬਲਾਕ ਮੋਗਾ-1 ਦੇ ਪ੍ਰਧਾਨ ਕੁਲਵਿੰਦਰ ਸਿੰਘ ਗਿੱਲ ਰਾਮੂਵਾਲਾ, ਹਰਜਿੰਦਰ ਸਿੰਘ ਚੁਗਾਵਾਂ, ਬਲੱਡ ਬੈਂਕ ਮੋਗਾ ਦੇ ਇੰਚਾਰਜ ਡਾ ਸੁਮੀਤ ਗੁਪਤਾ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਹਾਜ਼ਰ ਸੀ ।