ਜਗਰਾਉ , 23 ਮਾਰਚ (ਅਮਿਤ ਖੰਨਾ )ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਗਰੀਨ ਪੰਜਾਬ ਮਿਸ਼ਨ ਵੱਲੋਂ ਸਿਵਲ ਹਸਪਤਾਲ ਜਗਰਾਉਂ ਵਿਖੇ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ। ਬਲੱਡ ਬੈਂਕ ਜਗਰਾਉਂ ਦੇ ਮੁਖੀ ਡਾ: ਸੁਖਵਿੰਦਰ ਸਿੰਘ ਅਤੇ ਉਨ੍ਹਾਂ ਦੀ ਟੀਮ ਦੀ ਅਗਵਾਈ ਹੇਠ ਸੰਸਥਾ ਦੇ ਮੈਂਬਰਾਂ ਸਮੇਤ 26 ਵਲੰਟੀਅਰਾਂ ਨੇ ਖੂਨਦਾਨ ਕੀਤਾ | ਇਸ ਮੌਕੇ ਦਿ ਗਰੀਨ ਪੰਜਾਬ ਮਿਸ਼ਨ ਸੰਸਥਾ ਦੇ ਮੁੱਖ ਸੇਵਾਦਾਰ ਵਾਤਾਵਰਣ ਪ੍ਰੇਮੀ ਸਤਪਾਲ ਸਿੰਘ ਦੇਹੜਕਾ ਅਤੇ ਦਿ ਗ੍ਰੀਨ ਲੇਡੀ ਕੰਚਨ ਗੁਪਤਾ ਨੇ ਵਲੰਟੀਅਰਾਂ ਨੂੰ ਬੂਟੇ ਅਤੇ ਸਰਟੀਫਿਕੇਟ ਵੰਡੇ। ਇਸ ਦੌਰਾਨ ਗਰੀਨ ਪੰਜਾਬ ਮਿਸ਼ਨ ਸੰਸਥਾ ਵੱਲੋਂ ਜੱਚਾ ਬੱਚਾ ਹਸਪਤਾਲ ਨੇੜੇ ਫਲਾਂ ਦਾ ਬਾਗ ਲਗਾਇਆ ਗਿਆ, ਜਿਸ ਵਿੱਚ ਉਨ੍ਹਾਂ ਨੇ ਅੰਬ, ਅਮਰੂਦ, ਅਨਾਰ, ਪਪੀਤਾ ਅਤੇ ਕੇਲੇ ਦੇ ਪੌਦੇ ਲਗਾਏ। ਤਾਂ ਜੋ ਸਮਾਂ ਆਉਣ 'ਤੇ ਲੋਕ ਇਨ੍ਹਾਂ ਫਲਦਾਰ ਰੁੱਖਾਂ ਤੋਂ ਮਿੱਠੇ ਫਲਾਂ ਦਾ ਸੇਵਨ ਕਰ ਸਕਣ। ਸੇਵਾਦਾਰ ਸਤਪਾਲ ਦੇਹੜਕਾ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਆਪਣੇ ਆਲੇ-ਦੁਆਲੇ ਨੂੰ ਸਾਫ਼ ਸੁਥਰਾ ਬਣਾਉਣ ਲਈ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ। ਤਾਂ ਜੋ ਅਸੀਂ ਅਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਸ਼ੁੱਧ ਹਵਾ ਵਿੱਚ ਸਾਹ ਲੈ ਸਕਣ। ਸਤਪਾਲ ਨੇ ਦੱਸਿਆ ਕਿ ਜਗਰਾਉਂ ਬਲੱਡ ਬੈਂਕ ਵਿੱਚ ਖੂਨਦਾਨ ਕਰਨ ਵਾਲੇ ਹਰੇਕ ਵਿਅਕਤੀ ਨੂੰ ਉਨ੍ਹਾਂ ਵੱਲੋਂ ਮੁਫਤ ਹਾਈਬ੍ਰਿਡ ਫਲਾਂ ਦੇ ਬੂਟੇ ਦਿੱਤੇ ਜਾਣਗੇ। ਇਸ ਮੌਕੇ ਗਰੀਨ ਲੇਡੀ ਕੰਚਨ ਗੁਪਤਾ, ਗੁਰਬਾਜ ਸਿੰਘ ਭੁੱਲਰ, ਡਾ.ਸੁਖਵਿੰਦਰ ਸਿੰਘ, ਇੰਦਰਾ ਢੋਲਣ ਖੂਨਦਾਨੀ ਪਰਿਵਾਰ ਦੇ ਮੈਂਬਰ ਹਾਜ਼ਰ ਸਨ। ਇਸ ਮੌਕੇ ਐਸ.ਐਮ.ਓ ਡਾ.ਪੁਨੀਤ ਸਿੱਧੂ ਨੇ ਦਿ ਗਰੀਨ ਪੰਜਾਬ ਮਿਸ਼ਨ ਸੰਸਥਾ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਮਹਾਨ ਸ਼ਹੀਦਾਂ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀਆਂ ਕੁਰਬਾਨੀਆਂ ਤੋਂ ਪ੍ਰੇਰਨਾ ਲੈ ਕੇ ਸਮਾਜ ਦੀ ਭਲਾਈ ਲਈ ਨਿਰਸਵਾਰਥ ਸੇਵਾ ਕਰਨੀ ਚਾਹੀਦੀ ਹੈ।