ਮੱਥੇ 'ਚ ਚਿਣਗ ਆਉਣੀ, ਵਿੱਦਿਆ ਦਾ ਪਾ ਕੇ ਗਹਿਣਾ।
ਮੱਸਿਆ ਦੀ ਰਾਤ ਵੇਲੇ, ਜਗਦਾ ਹੈ ਜਿਉਂ ਟਟਹਿਣਾ।
ਆਈ ਹੈ ਜੇ ਖ਼ਿਜ਼ਾਂ ਤਾਂ, ਮਾਤਮ ਮਨਾਉਣਾ ਛੱਡੀਏ
ਮੁੜ ਕੇ ਬਹਾਰ ਆਉਣੀ, ਚਿੜੀਆਂ ਬਰੋਟੇ ਬਹਿਣਾ।
ਕੱਖਾਂ ਦੀ ਕੁੱਲੀ ਬਹਿ ਕੇ, ਦਾਤੇ ਦਾ ਸ਼ੁਕਰ ਕਰੀਏ
ਮਿਟ ਜਾਣਾ ਸਲਤਨਤ ਨੇ, ਤੇ ਬੁਰਜੀਆਂ ਨੇ ਢਹਿਣਾ।
ਸਾਦਾ ਜੇ ਹੋਵੇ ਰਹਿਣੀ, ਕਥਨੀ ਤੇ ਉੱਠਣੀ-ਬਹਿਣੀ
ਆਏ ਕਦੇ ਜਾਂ ਮੁਸ਼ਕਿਲ, ਅਸੀਂ ਜਾਣਦੇ ਹਾਂ ਖਹਿਣਾ।
ਨਾ ਚਿਤਵੀਏ ਬੁਰਾਈ, ਸਰਬੱਤ ਦੀ ਖ਼ੈਰ ਮੰਗੋ
ਦੱਸਿਆ ਗੁਰਾਂ ਨੇ ਸਾਨੂੰ : ਚੜ੍ਹਦੀ ਕਲਾ 'ਚ ਰਹਿਣਾ।
ਕਰਜ਼ੇ ਦਾ ਖਹਿੜਾ ਛੱਡੋ, ਪੰਜੇ ਵਿਕਾਰ ਕੱਢੋ
'ਇੱਕੋ' ਤੇ ਟੇਕ ਰੱਖੀਏ, 'ਇੱਕੋ' ਦਾ ਮੰਨੀਏ ਕਹਿਣਾ।
ਵਿਰਸਾ ਮਹਾਨ ਸਾਡਾ, ਜੁੜ ਨਾਲ ਇਹਦੇ ਰਹੀਏ
ਨਾਨਕ ਦੇ ਅੰਗ ਲੱਗ ਕੇ, ਅੰਗਦ ਬਣੇ ਸੀ ਲਹਿਣਾ।
ਚੱਲਣਾ ਹੈ ਕੰਮ ਸਮੇਂ ਦਾ, ਚੱਲਦਾ ਹੈ ਇਹ ਨਿਰੰਤਰ
ਦਰਿਆ ਕਦੇ ਨਾ ਰੁਕਿਆ, ਹੈ ਕੰਮ ਇਹਦਾ ਵਹਿਣਾ।
ਸਾਜ਼ਿਸ਼ ਰਚੇ ਹਕੂਮਤ, ਜਾਂ ਤੋੜ ਦੇਵੇ ਕਸਮਾਂ
ਹੈ ਅਣਖ ਨਾਲ ਜੀਣਾ, ਜ਼ੁਲਮੋ-ਸਿਤਮ ਨਾ ਸਹਿਣਾ।
ਖੇਡੇ ਕੋਈ ਸਿਆਸਤ, ਕਰਦੈ ਕੋਈ ਸ਼ਰਾਰਤ
ਝੂਠੀ ਹੈ ਦੁਨੀਆਂ 'ਰੂਹੀ', ਸੱਚੇ ਦਾ ਤਖ਼ਤ ਡਹਿਣਾ।
******
ਪ੍ਰੋ. ਨਵ ਸੰਗੀਤ ਸਿੰਘ
ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ-151302 (ਬਠਿੰਡਾ) 9417692015.