ਪੰਜਾਬ ਸਰਕਾਰ ਵੱਲੋਂ ਧਰਤੀ ਹੇਠਲੇ ਪਾਣੀ ਦੀ ਸੰਭਾਲ ਲਈ ਨਿੱਗਰ ਯਤਨ ਜਾਰੀ
ਕੈਬਨਿਟ ਮੰਤਰੀ ਵੱਲੋਂ ਸਰਕਾਰੀ ਪੌਲੀਟੈਕਨਿਕ ਖੂਨੀਮਾਜਰਾ ਵਿਖੇ ਆਈ.ਸੀ.ਆਈ.ਸੀ.ਆਈ. ਅਕੈਡਮੀ ਫ਼ਾਰ ਸਕਿਲਜ਼ ਵੱਲੋਂ ਸਥਾਪਤ ਰੇਨ ਵਾਟਰ ਹਾਰਵੈਸਟਿੰਗ ਸਿਸਟਮ ਲੋਕ ਅਰਪਣ
ਐੱਸ.ਏ.ਐੱਸ. ਨਗਰ/ ਖਰੜ,15 ਫਰਵਰੀ (ਜਨ ਸ਼ਕਤੀ ਨਿਊਜ਼ ਬਿਊਰੋ )
ਚੰਗੇ ਵਾਤਾਵਰਨ ਬਿਨਾਂ ਚੰਗੇ ਭਵਿੱਖ ਦੀ ਆਸ ਨਹੀਂ ਕੀਤੀ ਜਾ ਸਕਦੀ ਇਸ ਲਈ ਵਾਤਾਵਰਨ ਦੀ ਸੰਭਾਲ ਸਮੇਂ ਦੀ ਮੁੱਖ ਲੋੜ ਹੈ। ਇਸੇ ਤਹਿਤ ਜਿੱਥੇ ਪੰਜਾਬ ਸਰਕਾਰ ਵਲੋਂ ਧਰਤੀ ਹੇਠਲੇ ਪਾਣੀ ਸਮੇਤ ਸਮੁੱਚੇ ਵਾਤਾਵਰਨ ਦੀ ਸੰਭਾਲ ਲਈ ਨਿੱਗਰ ਯਤਨ ਕੀਤੇ ਜਾ ਰਹੇ ਹਨ, ਓਥੇ ਵੱਖੋ-ਵੱਖ ਸੰਸਥਾਵਾਂ ਵੀ ਇਸ ਪੱਖ ਸਬੰਧੀ ਚੰਗਾ ਕੰਮ ਕਰ ਰਹੀਆਂ ਹਨ, ਜਿਹੜੀਆਂ ਸਭਨਾਂ ਲਈ ਪ੍ਰੇਰਨਾ ਸਰੋਤ ਹਨ।
ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਦੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ, ਸੂਚਨਾ ਤੇ ਲੋਕ ਸੰਪਰਕ, ਨਵੀਂ ਤੇ ਨਵਿਆਉਣਯੋਗ ਊਰਜਾ ਸਰੋਤ ਅਤੇ ਪ੍ਰਿਟਿੰਗ ਤੇ ਸਟੇਸ਼ਨਰੀ ਮੰਤਰੀ ਸ੍ਰੀ ਅਮਨ ਅਰੋੜਾ ਨੇ ਸਰਕਾਰੀ ਪੌਲੀਟੈਕਨਿਕ ਖੂਨੀਮਾਜਰਾ, ਖਰੜ ਵਿਖੇ ਆਈ.ਸੀ.ਆਈ.ਸੀ.ਆਈ. ਅਕੈਡਮੀ ਫਾਰ ਸਕਿਲਜ਼ ਤੇ ਆਈ.ਸੀ.ਆਈ.ਸੀ.ਆਈ ਫਾਊਂਡੇਸ਼ਨ ਵੱਲੋਂ ਸਥਾਪਤ 8.07 ਲੱਖ ਲਿਟਰ ਸਲਾਨਾ ਸਮਰੱਥਾ ਵਾਲੇ ਰੇਨ ਵਾਟਰ ਹਾਰਵੈਸਟਿੰਗ ਸਿਸਟਮ ਨੂੰ ਲੋਕ ਅਰਪਣ ਕਰਨ ਮੌਕੇ ਕੀਤਾ।
ਇਸ ਮੌਕੇ ਸ਼੍ਰੀ ਅਰੋੜਾ ਨੇ ਆਈ.ਸੀ.ਆਈ.ਸੀ.ਆਈ. ਅਕੈਡਮੀ ਫਾਰ ਸਕਿਲਜ਼ ਤੇ ਆਈ.ਸੀ.ਆਈ.ਸੀ.ਆਈ ਫਾਊਂਡੇਸ਼ਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜਿੱਥੇ ਇਹਨਾਂ ਸੰਸਥਾਵਾਂ ਵਲੋਂ ਨੌਜਵਾਨਾਂ ਨੂੰ ਹੁਨਰਮੰਦ ਬਣਾ ਕੇ ਉਹਨਾਂ ਨੂੰ ਰੁਜ਼ਗਾਰ ਪ੍ਰਾਪਤੀ ਲਈ ਤਿਆਰ ਕੀਤਾ ਜਾ ਰਿਹਾ ਹੈ, ਓਥੇ ਸੂਬੇ ਵਿਚ ਵੱਖੋ-ਵੱਖ ਥਾਂ ਵਾਤਾਵਰਨ ਸੰਭਾਲ ਲਈ ਵੱਡੀ ਗਿਣਤੀ ਪ੍ਰੋਜੈਕਟ ਸਫਲਤਾਪੂਰਵਕ ਚਲਾਏ ਜਾ ਰਹੇ ਹਨ। ਉਹਨਾਂ ਕਿਹਾ ਕਿ ਅਸਲ ਰੂਪ ਵਿੱਚ ਇਹੀ ਕਾਰਪੋਰੇਟ ਸੋਸ਼ਲ ਰਿਸਪੌਂਸੇਬਿਲਟੀ ਹੈ। ਉਹਨਾਂ ਕਿਹਾ ਕਿ ਇਹਨਾਂ ਸੰਸਥਾਵਾਂ ਤੋਂ ਪ੍ਰੇਰਨਾਂ ਲੈਕੇ ਹੋਰਨਾਂ ਸੰਸਥਾਵਾਂ ਨੂੰ ਵੀ ਅਜਿਹੇ ਉਪਰਾਲੇ ਕਰਨੇ ਚਾਹੀਦੇ ਹਨ।
ਇਸ ਮੌਕੇ ਕੈਬਨਿਟ ਮੰਤਰੀ ਵੱਲੋਂ ਆਈ.ਸੀ.ਆਈ.ਸੀ.ਆਈ. ਅਕੈਡਮੀ ਫਾਰ ਸਕਿਲਜ਼ ਦਾ ਦੌਰਾ ਕੀਤਾ ਗਿਆ ਤੇ ਵਿਦਿਆਰਥੀਆਂ ਨਾਲ ਗੱਲਬਾਤ ਵੀ ਕੀਤੀ ਗਈ।
ਆਈ.ਸੀ.ਆਈ.ਸੀ.ਆਈ. ਅਕੈਡਮੀ ਫਾਰ ਸਕਿਲਜ਼ ਤੇ ਆਈ.ਸੀ.ਆਈ.ਸੀ.ਆਈ ਫਾਊਂਡੇਸ਼ਨ ਦੇ ਨੁਮਾਇੰਦਿਆਂ ਨੇ ਦੱਸਿਆ ਕਿ ਸੰਸਥਾਂ ਵੱਲੋਂ 440 ਰੇਨ ਵਾਟਰ ਹਾਰਵੈਸਟਿੰਗ ਸਿਸਟਮ ਲਾਏ ਗਏ ਹਨ ਤੇ ਸਰਕਾਰੀ ਸਕੂਲਾਂ ਦੀਆਂ ਛੱਤਾਂ ਉੱਤੇ 208 ਸੋਲਰ ਯੂਨਿਟਸ ਸਥਾਪਤ ਕੀਤੇ ਗਏ ਹਨ। ਇਸ ਦੇ ਨਾਲ-ਨਾਲ ਨੌਜਵਾਨਾਂ ਨੂੰ ਹੁਨਰਮੰਦ ਬਨਾਉਣ ਲਈ 08 ਕਿੱਤਾ ਮੁਖੀ ਕੋਰਸ ਕਰਵਾਏ ਜਾ ਰਹੇ ਹਨ।
ਸੰਸਥਾ ਨੇ ਆਪਣੇ ਪੇਂਡੂ ਆਜੀਵਿਕਾ ਪ੍ਰੋਗਰਾਮਾਂ ਨਾਲ ਕਰੀਬ 35,000 ਲੋਕਾਂ ਦੀਆਂ ਜ਼ਿੰਦਗੀਆਂ ਵਿਚ ਸਕਾਰਾਤਮਕ ਬਦਲਾਅ ਲਿਆਂਦਾ ਹੈ, ਜਿਨ੍ਹਾਂ ਵਿਚ 52 ਫ਼ੀਸਦ ਔਰਤਾਂ ਅਤੇ 42 ਫ਼ੀਸਦ ਐੱਸ.ਸੀ. ਸ਼੍ਰੇਣੀ ਨਾਲ ਸਬੰਧਤ ਲੋਕ ਸ਼ਾਮਲ ਹਨ। ਇਹਨਾਂ ਪ੍ਰੋਗਰਾਮਾਂ ਤੇ ਪ੍ਰੋਜੈਕਟਾਂ ਵਿਚ ਤੇਲ ਕੱਢਣ ਦੇ 16 ਯੂਨਿਟ ਤੇ 05 ਹੈਚਰੀਜ਼, 440 ਰੇਨ ਵਾਟਰ ਹਾਰਵੈਸਟਿੰਗ ਸਿਸਟਮ, 208 ਸੋਲਰ ਪਾਵਰ ਯੂਨਿਟ, 09 ਮੀਆਂਵਾਕੀ ਜੰਗਲ ਅਤੇ ਵੱਖੋ ਵੱਖ ਪਿੰਡਾਂ ਵਿਚ 01,50,000 ਬੂਟੇ ਲਾਉਣਾ ਸ਼ਾਮਲ ਹਨ।
ਇਸ ਮੌਕੇ ਐੱਸ.ਡੀ.ਐਮ. ਖਰੜ ਰਵਿੰਦਰ ਸਿੰਘ, ਚਿਰਾਗ ਲਖਨਪਾਲ ਜ਼ੋਨਲ ਹੈੱਡ ਉਤਰੀ ਆਈ.ਸੀ.ਆਈ.ਸੀ.ਆਈ.ਬੈਂਕ, ਅਭੈ ਸਿੰਘ ਜ਼ੋਨਲ ਹੈੱਡ ਆਈ.ਸੀ.ਆਈ.ਸੀ.ਆਈ. ਫਾਊਂਡੇਸ਼ਨ, ਮਾਨਵਪ੍ਰੀਤ ਸਿੰਘ ਖੇਤਰੀ ਹੈੱਡ ਆਈ.ਸੀ.ਆਈ.ਸੀ.ਆਈ. ਬੈਂਕ, ਦੀਪਕ ਕੁਮਾਰ ਸੈਂਟਰ ਇੰਚਾਰਜ ਆਈ.ਸੀ.ਆਈ.ਸੀ.ਆਈ. ਅਕੈਡਮੀ ਸਮੇਤ ਵੱਖੋ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਵੱਡੀ ਗਿਣਤੀ ਵਿਦਿਆਰਥੀ ਹਾਜ਼ਰ ਸਨ।