You are here

ਆਰੀਆ ਗਰਲਜ਼ ਕਾਲਜ  ਵਿੱਚ ਵਿਰਾਸਤੀ ਕਲਾਵਾਂ ਦੀ ਅੰਤਰ ਕਾਲਜ ਮੁਕਾਬਲੇ ਵਿਚ ਵਿਦਿਆਰਥੀਆਂ ਨੇ ਦਿਖਾਏ ਜੌਹਰ 

 ਲੁਧਿਆਣਾ, 12 ਫਰਵਰੀ ( ਗੁਰਕਿਰਤ ਜਗਰਾਓ/ਮਨਜਿੰਦਰ ਗਿੱਲ) ਆਰੀਆ ਗਰਲਜ਼ ਕਾਲਜ ਵਿੱਚ ਪੁਰਾਤਨ ਅਤੇ ਵਿਰਾਸਤੀ ਕਲਾਵਾਂ ਅਧਾਰਿਤ ਅੰਤਰ ਕਾਲਜ ਮੁਕਾਬਲੇ ਕਰਵਾਏ ਗਏ । ਇਨ੍ਹਾਂ ਮੁਕਾਬਲਿਆਂ ਦਾ ਮੁੱਖ ਉਦੇਸ਼ ਨੌਜਵਾਨ ਵਰਗ ਨੂੰ ਆਪਣੀ ਸੱਭਿਅਤਾ ਅਤੇ ਸੰਸਕ੍ਰਿਤੀ ਨਾਲ ਜੋੜਨਾ ਸੀ।ਇਸ ਮੌਕੇ ਸਭਿਆਚਾਰ ਨਾਲ ਜੁੜੀਆਂ ਕਲਾਵਾਂ ਜਿਵੇਂ ਪੀੜ੍ਹੀ ਬਣਾਉਣਾ, ਮਹਿੰਦੀ ਲਗਾਉਣਾ, ਗੁੱਡੀਆਂ ਪਟੋਲੇ ਬਣਾਉਣਾ, ਇਨੂੰ, ਛਿੱਕੂ ਬਣਾਉਣਾ,ਬਾਗ ,ਫੁਲਕਾਰੀ ਕੱਢਣਾ, ਕਰੋਸ਼ੀਆ,ਸਲਾਈਆਂ ਬੁਣਨਾ, ਪਰਾਂਦਾ ਬਣਾਉਣਾ,ਪੱਖੀ  ਡਿਜ਼ਾਇਨਿੰਗ,ਨਾਲਾ ਬਣਾਉਣਾ, ਰੰਗੋਲੀ ਆਦਿ ਦੇ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚ ਲਗਭਗ 17 ਕਾਲਜਾਂ ਦੇ ਵਿਦਿਆਰਥੀਆਂ ਨੇ ਉਤਸ਼ਾਹ ਪੂਰਵਕ  ਭਾਗ ਲਿਆ ਅਤੇ ਆਪਣੀ ਕਲਾ ਦੇ ਜੌਹਰ ਦਿਖਾਏ।ਇਸ ਮੌਕੇ  ਏ. ਸੀ. ਐਮ. ਸੀ. ਦੇ ਸਕੱਤਰ ਡਾ. ਐਸ.ਐਮ.ਸ਼ਰਮਾ ਨੇ ਕਿਹਾ ਕਿ ਅਜਿਹੇ ਮੁਕਾਬਲੇ ਨੌਜਵਾਨ ਵਰਗ ਨੂੰ ਅਪਣੀ ਸੱਭਿਅਤਾ ਨਾਲ ਜੋੜਨ ਦਾ  ਵਧੀਆ ਉਪਰਾਲਾ ਹਨ ਅਤੇ  ਅਜਿਹੇ ਉਪਰਾਲੇ ਭਵਿੱਖ ਵਿੱਚ ਵੀ ਜਾਰੀ ਰੱਖਣ ਦੀ ਕੋਸ਼ਿਸ਼ ਕੀਤੀ ਜਾਵੇਗੀ ।ਇਸ ਮੌਕੇ ਪ੍ਰਿੰਸੀਪਲ ਡਾ ਸੂਕਸ਼ਮ ਆਹਲੂਵਾਲੀਆ ਨੇ ਕਿਹਾ ਕਿ ਪੰਜਾਬ ਦੀ ਅਮੀਰ ਵਿਰਾਸਤ ਪ੍ਰਤੀ ਨੌਜਵਾਨ ਵਰਗ ਨੂੰ ਜਾਗਰੂਕ ਕਰਨਾ ਸਮੇਂ ਦੀ ਲੋੜ ਹੈ। ਜੇਕਰ ਨੌਜਵਾਨ ਵਰਗ ਇਨ੍ਹਾਂ ਕਲਾਵਾਂ ਨਾਲ ਜੁੜਿਆ ਰਹੇਗਾ ਤਾਂ ਹੀ ਅਲੋਪ ਹੋ ਰਹੇ ਸੱਭਿਆਚਾਰ ਨੂੰ ਸੰਭਾਲਿਆ ਜਾ ਸਕਦਾ ਹੈ।ਇਸ ਮੌਕੇ ਇੰਚਾਰਜ ਸ਼੍ਰੀਮਤੀ ਕੁਮੂਦ ਚਾਵਲਾ ਨੇ ਕਿਹਾ ਕਿ ਆਪਣੇ ਸਭਿਆਚਾਰ ਨਾਲ ਜੁੜੀਆਂ ਵਸਤਾਂ ਅਤੇ ਕਲਾਵਾਂ ਨੂੰ ਨੌਜਵਾਨ ਵਰਗ ਦੇ ਹੱਥਾਂ ਵਿਚ ਨਵੇਂ ਰੰਗਾਂ ਵਿਚ ਵੇਖਣਾ ਸਾਡੇ ਸਾਰਿਆਂ ਲਈ ਮਾਣ ਵਾਲੀ ਗੱਲ ਹੈ।

ਪ੍ਰੋਗਰਾਮ ਦੇ ਅੰਤ ਵਿਚ ਮੁਕਾਬਲੇ ਵਿਚ ਪਹਿਲੇ, ਦੂਜੇ, ਤੀਜੇ ਸਥਾਨ ਦੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਹੌਸਲਾ ਅਫਜ਼ਾਈ ਕੀਤੀ ਗਈ।