You are here

ਮੈਂ ਪੰਜਾਬੀ, ਬੋਲੀ ਪੰਜਾਬੀ' ਮੁਹਿੰਮ ਦੇ ਗਿਆਰਵੇਂ ਦਿਨ ਕੱਢੀ ਸਾਈਕਲ ਰੈਲੀ

ਬਠਿੰਡਾ/ਤਲਵੰਡੀ ਸਾਬੋ, 11 ਫ਼ਰਵਰੀ (ਗੁਰਜੰਟ ਸਿੰਘ ਨਥੇਹਾ)- ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਦੇ ਦਿਸ਼ਾ-ਨਿਰਦੇਸ਼ਾਂ ਹੇਠ ਜ਼ਿਲ੍ਹਾ ਭਾਸ਼ਾ ਵਿਭਾਗ ਵੱਲੋਂ ਪੰਜਾਬੀ ਮਾਂ-ਬੋਲੀ ਦੀ ਪ੍ਰਫੁੱਲਤਾ ਲਈ 'ਮੈਂ ਪੰਜਾਬੀ, ਬੋਲੀ ਪੰਜਾਬੀ' ਨਾਮ ਹੇਠ 21 ਫ਼ਰਵਰੀ ਤੱਕ ਚਲਾਈ ਜਾ ਰਹੀ ਮੁਹਿੰਮ ਦੇ ਗਿਆਰਵੇਂ ਦਿਨ ਸ਼ਹਿਰ 'ਚ ਸਾਈਕਲ ਰੈਲੀ ਕੱਢੀ ਗਈ, ਜਿਸ ਵਿੱਚ ਦਿੱਲੀ ਪਬਲਿਕ ਸਕੂਲ ਦੇ 100 ਵਿਦਿਆਰਥੀਆਂ ਸਮੇਤ 'ਆੜੀ-ਆੜੀ ਸਾਈਕਲਿੰਗ ਅਤੇ ਫਿਟਨੈਸ ਕਲੱਬ' ਦੇ ਮੈਂਬਰਾਂ ਨੇ ਭਾਗ ਲਿਆ। ਇਸ ਰੈਲੀ ਨੂੰ ਐਮ.ਡੀ. ਪ੍ਰੈਗਮਾ ਹਸਪਤਾਲ ਡਾ. ਗੁਰਸੇਵਕ ਗਿੱਲ, ਆਈ.ਏ.ਐੱਸ ਕੋਚਿੰਗ ਅਧਿਆਪਕ ਸ. ਮਨਿੰਦਰ ਸਿੰਘ, ਜ਼ਿਲ੍ਹਾ ਭਾਸ਼ਾ ਅਫ਼ਸਰ ਕੀਰਤੀ ਕਿਰਪਾਲ ਅਤੇ ਦਿੱਲੀ ਪਬਲਿਕ ਸਕੂਲ ਦੇ ਪ੍ਰਿੰਸੀਪਲ ਸ਼੍ਰੀ ਜਤਿੰਦਰ ਸੈਣੀ ਨੇ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ। ਇਸ ਸਮੇਂ ਸਕੂਲ ਦੇ ਵਾਈਸ ਪ੍ਰਿੰਸੀਪਲ ਸ਼੍ਰੀਮਤੀ ਪਰਮਜੀਤ ਕੌਰ ਕਿੰਗਰਾ, ਖੋਜ ਅਫ਼ਸਰ ਨਵਪ੍ਰੀਤ ਸਿੰਘ ਅਤੇ 'ਆੜੀ-ਆੜੀ' ਕਲੱਬ ਤੋਂ ਸ਼੍ਰੀ ਹਰਦਵਿੰਦਰ ਸਿੰਘ ਅਤੇ ਗੁਰਮੀਤ ਸਿੰਘ ਮੌਜੂਦ ਸਨ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਡਾ. ਗੁਰਸੇਵਕ ਗਿੱਲ ਨੇ ਕਿਹਾ ਕਿ ਮਾਂ-ਬੋਲੀ ਨੂੰ ਭੁੱਲਣ ਵਾਲ਼ੀਆਂ ਕੌਮਾਂ ਖ਼ਤਮ ਹੋ ਜਾਂਦੀਆਂ ਹਨ। ਸਾਨੂੰ ਅਜਿਹੇ ਹੋਰ ਉਪਰਾਲੇ ਕਰਕੇ ਇਸ ਨੂੰ ਸਾਂਭਣ ਦੀ ਲੋੜ ਹੈ। ਭਾਸ਼ਾ ਵਿਭਾਗ ਜ਼ਿਲ੍ਹਾ ਬਠਿੰਡਾ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਚਲਾਈ ਜਾ ਰਹੀ ਇਸ ਮੁਹਿੰਮ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਭਾਸ਼ਾ ਅਫ਼ਸਰ ਕੀਰਤੀ ਕਿਰਪਾਲ ਨੇ ਦੱਸਿਆ ਕਿ ਪੰਜਾਬੀ ਬੋਲੀ ਨੂੰ ਸਮਰਪਿਤ ਇਹ 21 ਦਿਨਾਂ ਮੁਹਿੰਮ ਅੱਜ ਗਿਆਰਵੇਂ ਦਿਨ 'ਚ ਦਾਖ਼ਲ ਹੋ ਚੁੱਕੀ ਹੈ ਅਤੇ ਇਸਦਾ ਅਸਰ ਵੀ ਦਿਸਣਾ ਸ਼ੁਰੂ ਹੋ ਗਿਆ ਹੈ। ਆਉਣ ਵਾਲ਼ੇ ਦਿਨਾਂ ਵਿੱਚ ਇਸ ਮੁਹਿੰਮ ਅਧੀਨ ਹੋਰ ਵੀ ਬਹੁਤ ਨਿਵੇਕਲੇ ਉਪਰਾਲੇ ਕਰਨ ਦੀ ਯੋਜਨਾ ਹੈ। ਅੱਜ ਦੀ ਇਹ ਰੈਲੀ ਦਿੱਲੀ ਪਬਲਿਕ ਸਕੂਲ ਨੇੜੇ ਸਟੇਡੀਅਮ ਤੋਂ ਸ਼ੁਰੂ ਹੋ ਕੇ 100 ਫੁੱਟੀ ਰੋਡ, ਮਾਡਲ ਟਾਊਨ ਫ਼ੇਜ਼ ਤਿੰਨ, ਪਾਵਰ ਹਾਊਸ ਰੋਡ, ਸਾਹਿਬਜ਼ਾਦਾ ਅਜੀਤ ਸਿੰਘ ਰੋਡ ਹੁੰਦੀ ਹੋਈ ਵਾਪਸ ਪਹੁੰਚੀ। ਰੈਲੀ ਦੌਰਾਨ ਸਾਈਕਲ ਚਾਲਕਾਂ ਨੇ ਰਸਤੇ ਵਿੱਚ ਆਉਂਦੀਆ ਦੁਕਾਨਾਂ ਤੇ ਸੰਸਥਾਵਾਂ ਨੂੰ ਮਾਂ-ਬੋਲੀ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ ਅਤੇ ਸ਼ਨਾਖਤੀ ਬੋਰਡਾਂ ਨੂੰ ਪਹਿਲਾਂ ਪੰਜਾਬੀ ਅਤੇ ਬਾਅਦ ਵਿੱਚ ਹੋਰ ਭਾਸ਼ਾਵਾਂ ਵਿੱਚ ਲਿਖਣ ਲਈ ਕਿਹਾ। ਇਸੇ ਤਰ੍ਹਾਂ ਹੀ ਕੱਲ੍ਹ ਬਾਰਵੇਂ ਦਿਨ ਮਿੰਨੀ ਸਕੱਤਰੇਤ ਤੋਂ ਸ਼ੁਰੂ ਕਰਕੇ ਪੂਰੇ ਸ਼ਹਿਰ ਵਿੱਚ ਬਾਈਕ ਰੈਲੀ ਕੱਢੀ ਜਾਵੇਗੀ। ਅੱਜ ਦੀ ਇਸ ਸਾਈਕਲ ਰੈਲੀ ਵਿੱਚ ਦਿੱਲੀ ਪਬਲਿਕ ਸਕੂਲ ਦੇ ਸੀਨੀਅਰ ਵਿੰਗ ਕੋਆਰਡੀਨੇਟਰ ਮੈਡਮ ਮੀਨਾਕਸ਼ੀ, ਜੂਨੀਅਰ ਵਿੰਗ ਇੰਚਾਰਜ ਜਸਪ੍ਰੀਤ ਕੌਰ, ਅਧਿਆਪਕ ਗੁਰਮੀਤ ਧੀਮਾਨ, ਕੁਲਦੀਪ ਸਿੰਘ, ਮਹਾਂਵੀਰ, ਮਹਿਤਾਬ ਸਿੰਘ ਤੋਂ ਇਲਾਵਾ ਹੋਰ ਸਟਾਫ਼ ਮੈਂਬਰ ਅਤੇ ਵਿਦਿਆਰਥੀ ਮੌਜੂਦ ਸਨ।