You are here

ਭਾਰਤੀ ਸੱਭਿਅਤਾ ਅਤੇ ਲੋਕ-ਤੰਤਰ ਦੀਆਂ ਸਿਫ਼ਤਾਂ ਕਰਨ ਵਾਲ਼ਿਓ ...!!ਚੱਪਣੀ ਵਿੱਚ ਨੱਕ ਡੋਬ ਕੇ ਮਰ ਜਾਓ ...!!

 

ਭਾਰਤੀ ਸੱਭਿਅਤਾ ਅਤੇ ਲੋਕ-ਤੰਤਰ ਦੀਆਂ ਸਿਫ਼ਤਾਂ ਕਰਨ ਵਾਲ਼ਿਓ ...!!ਚੱਪਣੀ ਵਿੱਚ ਨੱਕ ਡੋਬ ਕੇ ਮਰ ਜਾਓ ...!!-(ਜਰਨਲਲਿਸਟ ਅਮਰਜੀਤ ਸਿੰਘ ਗਰੇਵਾਲ ਇੰਗਲੈਂਡ)

ਮਿਠਿਆਈਆਂ ਵੰਡੀਆਂ ਜਾ ਰਹੀਆਂ ਹਨ......!!

ਢੋਲ ਵੱਜ ਰਹੇ ਹਨ...........!!

ਨਾਚ ਹੋ ਰਹੇ ਹਨ .....!!

ਲੀਡਰ ਇੱਕ ਦੂਸਰੇ ਤੋਂ ਮੂਹਰੇ ਪੱਬਾਂ ਭਾਰ ਹੋਕੇ ਬਿਆਨ ਦੇ ਰਹੇ ਹਨ..... !! ਕੁਝ ਹੱਕ ਵਿੱਚ ਤੇ ਕੁਝ ਖ਼ਿਲਾਫ਼ ........!!

ਦਰਅਸਲ ਮਾਜਰਾ ਕੀ ਹੈ ?

ਆਖਰ ਕਿਸ ਚੀਜ਼ ਦੀ ਖ਼ੁਸ਼ੀ ਮਨਾਈ ਜਾ ਰਹੀ ਹੈ ?

ਦਰਅਸਲ ਇੱਕ ਡੰਗਰਾਂ ਦੀ ਡਾਕਟਰ ਕੁੜੀ ਦੇ ਘਿਨਾਉਣੇ ਬਲਾਤਕਾਰ ਅਤੇ ਕਤਲ ਤੋਂ ਬਾਅਦ ਹੈਦਰਾਬਾਦ ਪੁਲੀਸ ਨੇ ਚਾਰ ਕਥਿਤ ਦੋਸ਼ੀਆਂ ਨੂੰ ਫੜਨ ਤੋਂ ਬਾਅਦ ਮੁਕਾਬਲੇ ਵਿੱਚ ਮਾਰ ਮੁਕਾਇਆ ਹੈ.....!!

ਜਾਣੀ ਕਿ ਕੇਸ ਖਤਮ ...!! ਝੱਟ ਪੱਟ ਇਨਸਾਫ ....!!

ਲੀਡਰਾਂ ਲਈ ਸੁਖਾਲਾ ਰਾਹ...!! ਜ਼ੁੰਮੇਵਾਰੀ ਖਤਮ ..!!

ਪਰ ਕੀ ਇਹ ਸੁਲਝਿਆ ਹੋਇਆ ਲੋਕ-ਤੰਤਰ ਹੈ ਜਾਂ ਪੁੱਠੇ ਰਾਹ ਪਿਆ ਭੀੜਤੰਤਰ...??

ਕੀ ਇਹ ਸੱਭਿਅਕ ਸਮਾਜ ਦੀ ਨਿਸ਼ਾਨੀ ਹੈ ਜਾਂ ਬਿਮਾਰ ਸਮਾਜ ਦੀ...??

 

ਹੈਦਰਾਬਾਦ 'ਚ ਮਹਿਲਾ ਡਾਕਟਰ ਨਾਲ ਗੈਂਗਰੇਪ ਮਗਰੋਂ ਕਤਲ ਕੀਤੇ ਜਾਣ ਦੀ ਘਟਨਾ ਤੋਂ ਦੇਸ਼ ਗੁੱਸੇ ਵਿਚ ਸੀ। ਸੰਸਦ ਤੋਂ ਲੈ ਕੇ ਸੜਕ ਤਕ ਲੋਕਾਂ ਦਾ ਗੁੱਸਾ ਨਜ਼ਰ ਆ ਰਿਹਾ ਸੀ।ਲੋਕਾਂ ਦਾ ਗੁੱਸਾ ਜਾਇਜ਼ ਵੀ ਸੀ ਕਿਉਂਕਿ ਇਸ ਘਟਨਾ ਨੇ ਹਰ ਕਿਸੇ ਨੂੰ ਝੰਜੋੜ ਕੇ ਰੱਖ ਦਿੱਤਾ ਸੀ ।ਆਮ ਲੋਕ ਹੀ ਨਹੀਂ ਸੰਸਦ ਮੈਂਬਰ ਵੀ ਪੀੜਤਾ ਲਈ ਇਨਸਾਫ ਦੀ ਮੰਗ ਕਰ ਰਹੇ ਸਨ। ਕੁਝ ਨੇ ਤਾਂ ਲੋਕਾਂ ਨੂੰ ਕਾਨੂੰਨ ਨੂੰ ਆਪਣੇ ਹੱਥਾਂ ਵਿੱਚ ਲੈਣ ਲਈ ਉਕਸਾਇਆ।ਜਿੱਥੇ ਇਕ ਪਾਸੇ ਲੋਕਾਂ 'ਚ ਇਸ ਘਟਨਾ ਨੂੰ ਲੈ ਕੇ ਗੁੱਸਾ ਸੀ ਉੱਥੇ ਹੀ ਸਮਾਜ ਦੀ ਬਿਮਾਰ ਮਾਨਸਿਕਤਾ ਨੂੰ ਦਰਸਾਉਣ ਵਾਲੀ ਇੱਕ ਖ਼ਬਰ ਕੁਝ ਸੋਚਣ ਲਈ ਮਜਬੂਰ ਵੀ ਕਰਦੀ ਹੈ। ਸਿਰਫ ਇਕ ਹੀ ਅਸ਼ਲੀਲ ਵੈਬਸਾਈਟ 'ਤੇ ਦੋ ਦਿਨਾਂ 'ਚ ਅੱਸੀ ਲੱਖ ਲੋਕਾਂ ਨੇ 'ਹੈਦਰਾਬਾਦ ਰੇਪ' ਦੇ ਨਾਮ ਤੋਂ ਵੀਡੀਓ ਸਰਚ ਕੀਤੀ। ਭਾਰਤ 'ਚ ਪਾਬੰਦੀ ਦੇ ਬਾਵਜੂਦ ਚੱਲ ਰਹੀ ਸਾਈਟ 'ਚ ਹੈਦਰਾਬਾਦ ਦੀ ਪੀੜਤਾ ਦਾ ਨਾਮ ਸਰਚ ਵਿੱਚ ਟੌਪ ਤੇ ਰਿਹਾ। ਭਾਰਤ ਵਿਚ ਸੈਂਕੜਿਆਂ ਦੀ ਗਿਣਤੀ 'ਚ ਅਸ਼ਲੀਲ ਵੈਬਸਾਈਟਾਂ ਹਨ ਜਿਨ੍ਹਾਂ 'ਤੇ ਪਾਬੰਦੀ ਲੱਗੀ ਹੋਈ ਹੈ। ਇਸ ਦੇ ਬਾਵਜੂਦ ਵੀ ਇਹ ਸਾਈਟਾਂ ਚੱਲ ਰਹੀਆਂ ਹਨ। ਸਵਾਲ ਇਹ ਹੈ ਕਿ ਜੇਕਰ ਇਕ ਵੈਬਸਾਈਟ 'ਤੇ ਪੀੜਤਾ ਨਾਲ ਹੋਈ ਦਰਿੰਦਗੀ ਨੂੰ ਇਸ ਤਰ੍ਹਾਂ ਇੰਨੀ ਵਾਰ ਸਰਚ ਕੀਤਾ ਗਿਆ ਹੈ ਤਾਂ ਸੈਂਕੜੇ ਵੈਬਸਾਈਟਾਂ 'ਤੇ ਕਿੰਨੀ ਵਾਰ ਸਰਚ ਕੀਤਾ ਗਿਆ ਹੋਵੇਗਾ? ਇਸ ਦਾ ਅੰਦਾਜ਼ਾ ਲਾਉਣਾ ਸ਼ਾਇਦ ਮੁਸ਼ਕਲ ਹੈ। ਇਹ ਸਭ ਇਕ ਬਿਮਾਰ ਮਾਨਸਿਕਤਾ ਵਾਲੇ ਸਮਾਜ ਦੀ ਚਿੰਤਾਜਨਕ ਨਿਸ਼ਾਨੀ ਹੈ। ਇਹ ਉਸ ਦੇਸ਼ ਵਿੱਚ ਹੈ ਜਿੱਥੇ ਹਰ ਰੋਜ਼ 95 ਰੇਪ ਰਿਪੋਰਟ ਕੀਤੇ ਜਾ ਰਹੇ ਹਨ। ਇਹ ਉਹ ਦੇਸ਼ ਹੈ ਜਿੱਥੇ ਚੋਣਾਂ ਵਿੱਚ ਪਿਛਲੇ ਪੰਜ ਸਾਲਾਂ ਵਿੱਚ 327 ਅਜਿਹੇ ਉਮੀਦਵਾਰਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਜਿੰਨਾ ਖ਼ਿਲਾਫ਼ ਔਰਤਾਂ ਵਿਰੁੱਧ ਹਿੰਸਾ ਦੇ ਕੇਸ ਸਨ। ਇਹਨਾ ਵਿੱਚੋਂ 47 ਅਜਿਹੇ ਸਨ ਜੋ ਰੇਪ ਦੇ ਕੇਸਾਂ ਵਿੱਚ ਵੀ ਉਲਝੇ ਹੋਏ ਸਨ। ਜੇ ਕਾਨੂੰਨ ਦੇ ਘਾੜੇ ਅਤੇ ਰਖਵਾਲੇ ਹੀ ਅਜਿਹੇ ਹੋਣ ਤਾਂ ਆਸ ਕਿਸ ਤੋਂ ਰੱਖੀ ਜਾ ਸਕਦੀ ਹੈ ?

 

ਇਸ ਦੇ ਨਾਲ ਹੀ ਯੂ.ਪੀ. ਦੇ ਉਨਾਓ ਵਿੱਚ ਰੇਪ ਪੀੜਤ ਇੱਕ ਕੁੜੀ ਨੂੰ ਮੁਲਜ਼ਮਾਂ ਨੇ ਜ਼ਿੰਦਾ ਸਾੜਨ ਦੀ ਕੋਸ਼ਿਸ਼ ਕੀਤੀ ਹੈ। ਗੰਭੀਰ ਹਾਲਤ ਵਿੱਚ ਕੁੜੀ ਨੂੰ ਲਖਨਊ ਦੇ ਸਿਵਿਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ ਜਿੱਥੇ ਉਹ ਜ਼ਿੰਦਗੀ ਅਤੇ ਮੌਤ ਵਿਚਾਲੇ ਸੰਘਰਸ਼ ਕਰ ਰਹੀ ਹੈ।ਪੁਲਿਸ ਨੇ ਇਸ ਮਾਮਲੇ ਵਿੱਚ ਨਾਮਜ਼ਦ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦਕਿ ਦੋ ਹੋਰ ਮੁਲਜ਼ਮ ਅਜੇ ਵੀ ਫ਼ਰਾਰ ਦੱਸੇ ਜਾ ਰਹੇ ਹਨ। ਕੁੜੀ ਨੇ ਇਸੇ ਸਾਲ ਮਾਰਚ ਵਿੱਚ ਦੋ ਲੋਕਾਂ ਦੇ ਖ਼ਿਲਾਫ਼ ਰੇਪ ਦਾ ਮਾਮਲਾ ਦਰਜ ਕਰਵਾਇਆ ਸੀ ਅਤੇ ਉਸੇ ਮਾਮਲੇ ਵਿੱਚ ਮੁਕੱਦਮੇ ਲਈ ਉਹ ਰਾਇਬਰੇਲੀ ਜਾ ਰਹੀ ਸੀ। ਪੰਜ ਲੋਕਾਂ ਨੇ ਰਸਤੇ ਵਿੱਚ ਉਸ ਨੂੰ ਫੜ੍ਹ ਲਿਆ ਅਤੇ ਪੈਟਰੇਲ ਸੁੱਟ ਕੇ ਜ਼ਿੰਦਾ ਸਾੜਨ ਦੀ ਕੋਸ਼ਿਸ਼ ਕੀਤੀ।ਡਾਕਟਰਾਂ ਦੇ ਮੁਤਾਬਿਕ ਕੁੜੀ 90 ਫੀਸਦੀ ਤੋਂ ਵੱਧ ਸੜ ਚੁੱਕੀ ਹੈ ਅਤੇ ਉਸ ਦੀ ਹਾਲਤ ਬੇਹੱਦ ਗੰਭੀਰ ਹੈ ।ਉਨਾਓ ਵਿੱਚ ਇਸ ਤੋਂ ਪਹਿਲਾਂ ਵੀ ਰੇਪ ਪੀੜਤ ਇੱਕ ਕੁੜੀ ਨੂੰ ਟਰੱਕ ਹੇਠਾਂ ਕੁਚਲਣ ਦੀ ਕੋਸ਼ਿਸ਼ ਕੀਤੀ ਜਾ ਚੁੱਕੀ ਹੈ। ਇਸ ਮਾਮਲੇ ਵਿੱਚ ਸਥਾਨਕ ਵਿਧਾਇਕ ਕੁਲਦੀਪ ਸੇਂਗਰ ਸਣੇ ਕੁਝ ਹੋਰ ਲੋਕ ਜੇਲ੍ਹ ਵਿੱਚ ਬੰਦ ਹਨ। ਪੀੜਤ ਕੁੜੀ ਮਹੀਨਿਆਂ ਤੱਕ ਹਸਪਤਾਲ ਵਿੱਚ ਭਰਤੀ ਰਹਿਣ ਤੋਂ ਬਾਅਦ ਹੁਣ ਕੁਝ ਦਿਨ ਪਹਿਲਾਂ ਹੀ ਘਰ ਵਾਪਸ ਆਈ ਹੈ ।ਕੁਝ ਧਾਰਮਿਕ ਬਾਬੇ ਵੀ ਨਾਬਾਲਿਗ ਬੱਚੀਆਂ ਅਤੇ ਔਰਤਾਂ ਨਾਲ ਰੇਪ ਦੇ ਮਾਮਲਿਆਂ ਵਿੱਚ ਫਸੇ ਹਨ ।

 

ਇੱਕ ਪਾਸੇ ਸਮਾਜ ਦੀ ਔਰਤਾਂ ਪ੍ਰਤੀ ਬਿਮਾਰ ਮਾਨਸਿਕਤਾ ਜ਼ਾਹਰ ਹੋ ਰਹੀ ਹੈ ਪਰ ਦੂਸਰੇ ਪਾਸੇ ਅੱਜ ਦੇਸ਼ ਵਿੱਚ ਜੋ ਪ੍ਰਤਿਕਰਮ ਹੋ ਰਿਹਾ ਹੈ ਕੀ ਉਹ ਸੱਭਿਅਕ ਲੋਕ-ਤੰਤਰ ਦੀ ਨਿਸ਼ਾਨੀ ਹੈ ?ਪੁਲਿਸ ਜਿਸ 'ਤੇ ਕਦੇ ਕੋਈ ਭਰੋਸਾ ਨਹੀਂ ਕਰਦਾ ਨੇ ਰਾਤ ਦੇ ਨੇਰ੍ਹੇ ਵਿੱਚ ਚਾਰ ਨਿਹੱਥੇ ਬੰਦਿਆਂ ਨੂੰ ਮਾਰ ਦਿੱਤਾ। ਆਖਰ ਕਿਉਂ? ਕੀ ਉਹਨਾ ਕੋਲ ਪੂਰੇ ਸਬੂਤ ਵੀ ਸਨ ਕਿ ਉਨ੍ਹਾਂ ਨੇ ਜੁਰਮ ਕੀਤਾ ਸੀ? ਕਿਸੇ ਅਦਾਲਤ ਨੇ ਉਹ ਸਬੂਤ ਦੇਖੇ ਸਨ? ਕਿਸੇ ਅਦਾਲਤ ਨੇ ਉਹਨਾ ਨੂੰ ਮੁਜਰਮ ਕਰਾਰ ਦਿੱਤਾ ਸੀ? ਜੇ ਮੰਨ ਵੀ ਲਿਆ ਜਾਵੇ ਕਿ ਉਨ੍ਹਾਂ ਨੇ ਜੁਰਮ ਕੀਤਾ ਸੀ ਤਾਂ ਵੀ ਕਾਨੂੰਨ ਅਤੇ ਇਨਸਾਫ ਦੀ ਇੱਕ ਤੈਅ ਪ੍ਰਕਿਰਿਆ ਹੈ ਜੋ ਪੂਰੀ ਕਰਨੀ ਹੁੰਦੀ ਹੈ ।ਜੇ ਉਸ ਨੂੰ ਤਿਆਗਿਆ ਗਿਆ ਹੈ ਤਾਂ ਅਗਲੀ ਵਾਰੀ ਤੁਹਾਡੀ ਜਾਂ ਸਾਡੀ ਹੋ ਸਕਦੀ ਹੈ ।

 

ਪੰਜਾਬ ਅਤੇ ਦੇਸ਼ ਦੀਆਂ ਨਕਸਲੀ ਲਹਿਰਾਂ ਅਤੇ ਪੰਜਾਬ ਦੀ ਖਾੜਕੂ ਲਹਿਰ ਸਮੇਂ ਬਣਾਏ ਗਏ ਝੂਠੇ ਮੁਕਾਬਲੇ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਇਸ ਤਰਾਂ ਦਾ ਇਨਸਾਫ ਕਦੇ ਵੀ ਇੱਕ ਸੁਲਝੇ ਹੋਏ ਸਮਾਜ ਦੀ ਸਿਰਜਣਾ ਨਹੀਂ ਕਰ ਸਕਦਾ। ਸਾਰੇ ਚੁਣੇ ਹੋਏ ਨੁਮਾਇੰਦੇ ਅਤੇ ਸਿਆਸੀ ਪਾਰਟੀਆਂ ਤੇ ਕਾਰਕੁਨਾ ਲਈ ਇਸ ਤਰਾਂ ਦਾ ਇਨਸਾਫ਼ ਬਹੁਤ ਹੀ ਸੌਖਾ ਰਾਹ ਹੈ ਕਿਉਂਕਿ ਉਹਨਾ ਨੇ ਔਰਤਾਂ ਦੀ ਸੁਰੱਖਿਆ ਦੀ ਕਦੇ ਪ੍ਰਵਾਹ ਹੀ ਨਹੀਂ ਕੀਤੀ । ਜੇ ਕੀਤੀ ਹੁੰਦੀ ਤਾਂ ਬਲਾਤਕਾਰ ਦੀ ਸ਼ਿਕਾਇਤ ਕਰਨ ਵਾਲੀ ਔਰਤ 'ਤੇ ਉਨਾਉ ਵਿੱਚ ਹਮਲਾ ਨਾ ਹੁੰਦਾ। ਬਲਾਤਕਾਰ ਪੀੜਤਾਂ ਦੀ ਸਹਾਇਤਾ ਇੱਕ ਲੰਬਾ ਤੇ ਮੁਸ਼ਕਲ ਕੰਮ ਹੈ। ਸਾਡੇ ਲੀਡਰ ਕਦੇ ਉਨ੍ਹਾਂ ਨੂੰ ਨਹੀਂ ਮਿਲੇ ਅਤੇ ਉਹਨਾ ਨੇ ਕਦੇ ਕਿਸੇ ਪੀੜਤਾ ਨਾਲ ਗੱਲ ਨਹੀਂ ਕੀਤੀ। ਉਹਨਾ ਨੂੰ ਕੁਝ ਨਹੀਂ ਪਤਾ ਕਿ ਔਰਤਾਂ ਦੀ ਸੁਰੱਖਿਆ ਕਿੰਨ੍ਹਾਂ ਗੰਭੀਰ ਮਾਮਲਾ ਹੈ। ਔਰਤਾਂ ਕਿੰਨ੍ਹਾ ਗੱਲਾਂ ਦਾ ਸਾਹਮਣਾ ਕਰਦੀਆਂ ਹਨ ਤੇ ਉਨ੍ਹਾਂ ਨੂੰ ਕੀ ਚਾਹੀਦਾ ਹੈ । ਇੱਕ ਆਮ ਸ਼ਹਿਰੀ ਸੋਚਦਾ ਹੈ ਕਿ ਘਿਨਾਉਣਾ ਕੰਮ ਕਰਨ ਵਾਲਿਆਂ ਨੂੰ ਸਜ਼ਾ ਮਿਲ ਗਈ ਹੈ ਪਰ ਕੀ ਕਾਨੂੰਨ ਦੀ ਪਾਲਣਾ ਹੋਈ ਹੈ ?

 

ਜੇਕਰ ਇਸ ਪ੍ਰਕਾਰ ਅਸੀਂ ਖੁਸ਼ੀਆਂ ਮਨਾਉਣ ਲੱਗੇ ਤਾਂ ਸ਼ਾਇਦ ਆਮ ਲੋਕਾਂ ਦਾ ਕਾਨੂੰਨ ਤੋਂ ਭਰੋਸਾ ਉੱਠ ਜਾਵੇਗਾ ਅਤੇ ਜੰਗਲ਼ ਦਾ ਰਾਜ ਹੋ ਜਾਵੇਗਾ । ਸਜ਼ਾ ਦੇਣ ਦਾ ਹੱਕ ਸਿਰਫ ਅਦਾਲਤ ਨੂੰ ਹੈ।

'ਇਹ ਠੀਕ ਹੈ ਕਿ ਪੁਲਿਸ ਜਾਂ ਕਿਸੇ ਵਿਅਕਤੀ ਨੂੰ ਆਤਮ ਰੱਖਿਆ ਲਈ ਕਿਸੇ ਨੂੰ ਮਾਰਨ ਦਾ ਹੱਕ ਹੈ ਪਰ ਇਹ ਅਧਿਕਾਰ ਸੀਮਤ ਹੈ। ਜਿਵੇਂ ਹੈਦਰਾਬਾਦ ਪੁਲਿਸ ਨੇ ਕਿਹਾ ਹੈ ਕਿ ਉਹ ਮੁਲਜ਼ਮਾਂ ਨੂੰ ਵਾਰਦਾਤ ਵਾਲੀ ਥਾਂ ਉੱਤੇ ਘਟਨਾਕ੍ਰਮ ਦੀਆਂ ਕੜੀਆਂ ਜੋੜਨ ਲਈ ਲੈ ਗਏ ਸਨ ਅਤੇ ਉਨ੍ਹਾਂ ਦੀ ਪਿਸਟਲ ਖੋਹ ਕੇ ਹੀ ਮੁਲਜ਼ਮਾਂ ਨੇ ਫਾਇਰਿੰਗ ਕੀਤੀ। ਇਸ ਉੱਤੇ ਸਵਾਲ ਉੱਠਦਾ ਹੈ ਕਿ ਕੀ ਪੁਲਿਸ ਤਿਆਰੀ ਨਾਲ ਉੱਥੇ ਗਈ ਸੀ ..?? ਜੇਕਰ ਲੋਕ ਇਹ ਚਾਹੁਣ ਲੱਗ ਪਏ ਕਿ ਸਾਰੇ ਮੁਲਜ਼ਮਾਂ ਨਾਲ ਇਵੇਂ ਹੀ ਕੀਤਾ ਜਾਵੇ ਤੇ ਇੰਝ ਇਨਸਾਫ਼ ਦਿੱਤਾ ਜਾਵੇ ਤਾਂ ਲੋਕਾਂ ਦਾ ਨਿਆਂ ਤੋਂ ਭਰੋਸਾ ਉੱਠ ਜਾਵੇਗਾ।

 

ਅਸੀਂ ਆਪਣੀ ਸੰਸਕ੍ਰਿਤੀ ਅਤੇ ਲੋਕ-ਤੰਤਰ ਦੀਆਂ ਦੁਹਾਈਆਂ ਹਰਵਕਤ ਪਾਉਂਦੇ ਰਹਿੰਦੇ ਹਾਂ । ਕਈ ਵਾਰ ਤਾਂ ਪੱਛਮੀ ਦੇਸ਼ਾਂ ਦੀ ਸੱਭਿਅਤਾ ਨੂੰ ਕੋਸਦੇ ਹਾਂ ਅਤੇ ਆਪਣੇ ਆਪ ਨੂੰ ਉਹਨਾਂ ਤੋਂ ਉੱਚ ਕੋਟੀ ਦੇ ਸਾਬਤ ਕਰਦੇ ਹਾਂ ।

 

ਪਰ ਕੀ ਅਸੀਂ ਉਹਨਾਂ ਤੋਂ ਵਧੀਆਂ ਨਿਆਂ ਪ੍ਰਣਾਲੀ ਸਿਰਜ ਸਕੇ ਹਾਂ ..??

ਕੀ ਅਸੀਂ ਕਾਨੂੰਨ ਦਾ ਰਾਜ ਸਥਾਪਿਤ ਕਰ ਸਕੇ ਹਾਂ..??

ਕੀ ਅਸੀਂ ਤੰਦਰੁਸਤ ਮਾਨਸਿਕਤਾ ਵਾਲੇ ਸਮਾਜ ਦੀ ਸਿਰਜਣਾ ਕਰ ਸਕੇ ਹਾਂ...??

ਪਰ ਜੋ ਕੁਝ ਹਰ ਰੋਜ਼ ਹੋ ਰਿਹਾ ਹੈ ..... ਉਸ ਨੂੰ ਵੇਖ ਕੇ ਤਾਂ

ਇਹ ਕਹਿਣਾ ਬਣਦਾ ਹੈ ਕਿ.......

 

ਜਰਨਲਲਿਸਟ ਅਮਰਜੀਤ ਸਿੰਘ ਗਰੇਵਾਲ ਇੰਗਲੈਂਡ