ਕੀਹਨੂੰ ਮਿਲਦਾ ਹੈ ਇਨਸਾਫ਼?
ਗਰੀਬ ਦੇ ਸੱਭ ਹੀ ਨੇ ਖ਼ਿਲਾਫ਼।
ਸੰਘੀ ਘੁਟੀਦੀ ਕਾਮੇ ਦੀ ਇਥੇ,
ਬਾਹਰ ਨਿਕਲਦੀ ਨਹੀਂਓਂ ਭਾਫ਼।
ਜਰਵਾਣਿਆਂ ਦਾ ਕਾਨੂੰਨ ਗੁਲਾਮ,
ਗੱਲ ਸ਼ੀਸ਼ੇ ਵਾਂਗੂੰ ਹੈ ਇਹ ਸਾਫ਼।
ਮਜ਼ਦੂਰਾਂ ਦੀ ਮਜ਼ਦੂਰੀ ਨਪਦੇ,
ਪਰ ਜੋਰ ਜੇ ਪੈ ਜਾਏ ਦਿੰਦੇ ਹਾਫ।
ਸੱਭ ਕੁੱਝ ਇਥੇ ਵਿਕਾਊ ਹੋ ਗਿਆ,
ਦੇਸ਼ ਨੂੰ ਲੱਗਿਆ ਜਿਵੇਂ ਸਰਾਪ।
ਆਪੋ ਆਪਣੀ ਡਫ਼ਲੀ ਵੱਜਦੀ,
ਰਾਗ ਵੀ ਆਪਣਾ ਰਹੇ ਅਲਾਪ।
ਹੱਕ ਜੇ ਮੰਗੀਏ ਡਾਂਗਾਂ ਵੱਜਦੀਆਂ,
ਆਖਣ ਆਪਣਾ ਰਸਤਾ ਨਾਪ।
ਪ੍ਰਵਾਜ਼ ਬਾਹਰ ਦੀ ਸੱਭ ਨੇ ਭਰਦੇ,
ਭਾਰਤ ਜਾਪੇ ਹੋਇਆ ਫਲਾਪ।
ਕੀ ਹੋਵੇਗਾ ਕਦੇ ਇਉਂ ਫੈਸਲਾ ?
ਪੰਚਾਇਤ ਹਰਿਆਣੇ ਚ ਕਰੇ ਜੋ ਖਾਪ?
ਸੰਵਿਧਾਨ ਨੂੰ ਤੋੜਨ ਦੀ ਹੈ ਤਿਆਰੀ,
ਭਾਰਤ ਵਿੱਚ ਹੈ ਜਿਸਦੀ ਛਾਪ।
ਦੇਸ਼ ਮੇਰੇ ਨੂੰ ਨਜ਼ਰ ਲੱਗ ਗਈ,
ਹਰ ਕੋਈ ਕਰਦਾ ਹੈ ਵਿਰਲਾਪ।
ਦੱਦਾਹੂਰੀਆ ਦੱਸ ਕਿਉਂ ਤੂੰ ਝੁਰਦੈਂ,
ਹੋਣਾ ਹੁਣ ਨਹੀਂ ਕੋਈ ਵੀ ਲਾਭ।
ਜਸਵੀਰ ਸ਼ਰਮਾਂ ਦੱਦਾਹੂਰ
ਸ੍ਰੀ ਮੁਕਤਸਰ ਸਾਹਿਬ
95691-49556