ਮੁੱਲਾਂਪੁਰ ਦਾਖਾ, 10 ਫਰਵਰੀ (ਸਤਵਿੰਦਰ ਸਿੰਘ ਗਿੱਲ)ਕੌਮਾਗਾਟਾਮਾਰੂ ਯਾਦਗਾਰ ਕਮੇਟੀ ਜ਼ਿਲ੍ਹਾ ਲੁਧਿਆਣਾ ਦੀ ਕਾਰਜਕਾਰੀ ਕਮੇਟੀ ਦੀ ਇਕ ਅਹਿਮ ਮੀਟਿੰਗ ਅੱਜ ਏਥੇ ਮਾਸਟਰ ਜਸਦੇਵ ਸਿੰਘ ਲਲਤੋਂ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੀ ਮੁੱਖ ਸਰਪ੍ਰਸਤੀ ਤੇ ਕੌਮਾਗਾਟਾਮਾਰੂ ਯਾਦਗਾਰ ਕਮੇਟੀ ਦੀ ਸਰਪ੍ਰਸਤੀ ਹੇਠ ਇਲਾਕੇ ਦੇ ਇਤਿਹਾਸਿਕ ਪਿੰਡ ਲਲਤੋਂ ਖੁਰਦ ਵਿਖੇ ਗ਼ਦਰੀ ਬਾਬਾ ਗੁਰਮੁਖ ਸਿੰਘ ਲਲਤੋਂ ਯਾਦਗਾਰ ਕਮੇਟੀ ਵੱਲੋਂ ਮਹਾਨ ਇਨਕਲਾਬੀ ਦੇਸ਼ ਭਗਤ - ਗ਼ਦਰੀ ਬਾਬਾ ਗੁਰਮੁਖ ਸਿੰਘ ਲਲਤੋਂ ਜੀ ਦੀ 47 ਵੀਂ ਬਰਸੀ ਮੌਕੇ 13 ਤਰੀਕ ਦਿਨ ਸੋਮਵਾਰ 10 ਤੋਂ 3 ਵਜ਼ੇ ਤੱਕ ਲਗਾਏ ਜਾਣ ਵਾਲੇ ਵਿਸ਼ਾਲ ਦੇਸ਼ ਭਗਤ ਮੇਲੇ ਬਾਰੇ ਗੰਭੀਰ ਤੇ ਭਰਵੀਂ ਵਿਚਾਰ ਚਰਚਾ ਕੀਤੀ ਗਈ l
ਅੱਜ ਦੀ ਕਮੇਟੀ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਇਸਦੇ ਆਗੂਆਂ - ਉਜਾਗਰ ਸਿੰਘ ਬੱਦੋਵਾਲ, ਕੁਲਦੀਪ ਸਿੰਘ ਐਡਵੋਕੇਟ, ਜੋਗਿੰਦਰ ਸਿੰਘ ਸ਼ਹਿਜ਼ਾਦ,ਮਲਕੀਤ ਸਿੰਘ ਬੱਦੋਵਾਲ, ਸੁਖਦੇਵ ਸਿੰਘ ਕਿਲਾ ਰਾਏਪੁਰ, ਹਰਦੇਵ ਸਿੰਘ ਸੁਨੇਤ ਨੇ ਵਰਣਨ ਕੀਤਾ ਕਿ 18 ਸਾਲ ਦੇ ਕਰੀਬ ਕਾਲੇਪਾਣੀ (ਅੰਡੇਮਾਨ - ਨਿਕੋਬਾਰ) ਦੀਆਂ ਬਾਮੁਸ਼ੱਕਤ ਕੈਦਾਂ ਕੱਟਣ ਵਾਲੇ, ਚੱਲਦੀ ਰੇਲਗੱਡੀ 'ਚੋਂ ਸਣੇ ਬੇੜੀਆਂ ਛਾਲਾਂ ਮਰਨ ਵਾਲੇ, ਜਮੀਨਾਂ - ਜਾਇਦਾਦਾਂ ਤੇ ਘਰ - ਘਾਟ ਕੁਰਕ ਕਰਵਾਉਣ ਵਾਲੇ ਤੇ 20 ਸਾਲ ਤੋਂ ਉਪਰ ਗੁਪਤਵਾਸ ਹੰਢਾਉਣ ਵਾਲੇ ਮਹਾਨ ਇਨਕਲਾਬੀ ਦੇਸ਼ ਭਗਤ ਗ਼ਦਰੀ ਬਾਬਾ ਗੁਰਮੁਖ ਸਿੰਘ ਲਲਤੋਂ ਦੀ ਪਵਿੱਤਰ ਯਾਦ 'ਚ ਲੱਗਣ ਵਾਲੇ ਦੇਸ਼ ਭਗਤ ਮੇਲੇ ਲਈ ਜ਼ਿਲੇ ਦੇ ਅੱਡ - ਅੱਡ ਕੋਨਿਆਂ 'ਚੋਂ ਕਮੇਟੀ ਦੇ ਕਾਫ਼ਲੇ ਵੱਧ ਚੜ੍ਹ ਕੇ 13 ਫਰਵਰੀ ਨੂੰ ਲਲਤੋਂ ਖੁਰਦ ਨੂੰ ਰਵਾਨਾ ਹੋਣਗੇ l