ਸੰਗੀਤਾ, ਆਹ ਬਾਬਾ ਜੀ ਲਈ ਇੱਕ ਕੱਪ ਚਾਹ ਬਣਾਈਂ। ਪਤੀ ਸੰਜੀਵ ਨੇ ਆਵਾਜ਼ ਮਾਰੀ।
ਪਰ ਮੈਂ ਤਾਂ ਦਫ਼ਤਰ ਜਾ ਰਹੀ ਹਾਂ। ਕਿਰਪਾ ਕਰਕੇ ਤੁਸੀਂ ਆਪ ਹੀ ਬਣਾ ਲਓ। ਨਹੀਂ ਤਾਂ ਮੈਨੂੰ ਦੇਰ ਹੋ ਜਾਣੀ ਹੈ। ਸੰਗੀਤਾ ਨੇ ਸਕੂਟਰੀ ਚਾਲੂ ਕਰਦਿਆਂ ਕਿਹਾ।
ਤੇਰਾ ਦਫ਼ਤਰ ਮੇਰੀ ਗੱਲ ਨਾਲੋਂ ਜਿਆਦਾ ਜ਼ਰੂਰੀ ਹੈ! ਸੰਜੀਵ ਨੇ ਗੁੱਸੇ ਨਾਲ ਚਾਹ ਬਣਾਉਣ ਲਈ ਭਾਂਡਾ ਚੁੱਕਦਿਆਂ ਕਿਹਾ।
ਬਾਹਰ ਬੈਠਾ ਬਾਬਾ ਮੰਦ ਮੰਦ ਮੁਸਕਾਇਆ।
ਓ ਹੋ! ਐਵੇਂ ਨਾ ਗੁੱਸਾ ਕਰਿਆ ਕਰੋ। ਤੁਹਾਨੂੰ ਪਤਾ ਕਿ ਮੇਰੇ ਦਫ਼ਤਰ ਵਿੱਚ ਸਖ਼ਤੀ ਬਹੁਤ ਹੈ। ਦੋ ਮਿੰਟ ਦੇਰ ਹੋ ਜਾਵੇ ਤਾਂ ਛੱਤੀ ਗੱਲਾਂ ਸੁਣਨੀਆਂ ਪੈਂਦੀਆਂ ਤੇ ਉੱਤੋਂ ਗੱਲ-ਗੱਲ ਤੇ ਤਨਖ਼ਾਹ 'ਚੋਂ ਕਟੋਤੀ ਕਰ ਲੈਂਦੇ ਹਨ। ਕਹਿ ਕੇ ਸੰਗੀਤਾ ਚਲੀ ਗਈ।
ਅੱਜ ਤੁਸੀਂ ਘਰ ਹੀ ਹੋ? ਗਏ ਨੀਂ ਕੰਮ ਤੇ? ਸ਼ਾਮ ਨੂੰ ਸੰਗੀਤਾ ਆਈ ਤਾਂ ਸੰਜੀਵ ਨੂੰ ਘਰ ਦੇਖ਼ ਕੇ ਪੁੱਛਿਆ ,ਪਰ ਉਹਨੇ ਕੋਈ ਜਵਾਬ ਨਾ ਦਿੱਤਾ। ਸੰਗੀਤਾ ਨੇ ਕਈ ਵਾਰ ਬੁਲਾਇਆ ਪਰ ਉਹ ਨਾ ਬੋਲਿਆ। ਸੰਗੀਤਾ ਨੂੰ ਸਵੇਰ ਵਾਲ਼ੀ ਗੱਲ ਯਾਦ ਆਈ। ਉਹ ਹੈਰਾਨ ਹੋ ਗਈ ਕਿ ਇੰਨੀ ਛੋਟੀ ਜਿਹੀ ਗੱਲ ਦਾ ਉਹਨੇ ਐਡਾ ਗੁੱਸਾ ਕੀਤਾ ਹੋਇਆ। ਖ਼ੈਰ ਉਹ ਉੱਠ ਕੇ ਰਸੋਈ ਵਿੱਚ ਸਬਜ਼ੀ ਬਣਾਉਣ ਲੱਗ ਪਈ। ਸਬਜ਼ੀ ਬਣਾ ਕੇ ਓਹਨੇ ਚਾਹ ਬਣਾਈ ਤੇ ਲੈ ਕੇ ਅੰਦਰ ਸੰਜੀਵ ਕੋਲ਼ ਆ ਬੈਠੀ।
ਚਾਹ ਪੀ ਲਓ, ਓਹਨੇ ਕੱਪ ਸੰਜੀਵ ਵੱਲ ਵਧਾਇਆ। ਪਰ ਓਹਨੇ ਫੜਿਆ ਨਾ ਤੇ ਗੁੱਸੇ ਵਿੱਚ ਮੂੰਹ ਘੁੰਮਾ ਲਿਆ।
ਜਦੋਂ ਸੰਗੀਤਾ ਨੇ ਦੁਬਾਰਾ ਕਿਹਾ ਤਾਂ ਉਹ ਭੜਕ ਕੇ ਬੋਲਿਆ, ਸਵੇਰੇ ਤਾਂ ਚਾਹ ਬਣਾ ਨਹੀਂ ਹੋਈ ਤੈਥੋਂ। ਹੁਣ ਵੀ ਰਹਿਣ ਦਿੰਦੀ..........! ਹੂੰਅ......! ਮੇਰਾ ਕੰਮ ਮੰਦਾ ਚੱਲਦਾ ਤੇ ਮੈਨੂੰ ਕਿਸੇ ਪੰਡਿਤ ਨੇ ਕਿਹਾ ਕਿ ਗਰੀਬ-ਗੁਰਬੇ ਦੀ ਸੇਵਾ ਕਰਿਆ ਕਰ। ਏਸੇ ਲਈ ਉਸ ਬਾਬੇ ਨੂੰ ਚਾਹ ਪੀਣ ਲਈ ਬਿਠਾਇਆ ਸੀ। ਸੰਜੀਵ ਨੇ ਗੁੱਸੇ ਵਿੱਚ ਹੀ ਭੇਦ ਖੋਲਿਆ।
ਸੰਗੀਤਾ ਹਲਕਾ ਜਿਹਾ ਮੁਸਕਰਾਈ ਤੇ ਬੋਲੀ ਸੇਵਾ ਕਰਨੀ ਤਾਂ ਬਹੁਤ ਚੰਗੀ ਗੱਲ ਹੈ। ਪਰ ਇਸ ਤਰ੍ਹਾਂ ਦੀ ਸੇਵਾ ਆਪ ਕਰੀਦੀ ਹੈ। ਤੇ ਦੂਜੀ ਗੱਲ ਸੇਵਾ ਲਾਲਚ ਤੇ ਇੱਛਾ-ਮੁਕਤ ਹੋ ਕੇ ਕਰਨੀ ਚਾਹੀਦੀ ਹੈ। ਤੇ ਨਾਲ਼ੇ ਸੇਵਾ ਪਿੱਛੇ ਘਰ ਵਿੱਚ ਕਲੇਸ਼ ਵੀ ਨਹੀਂ ਪਾਉਣਾ ਚਾਹੀਦਾ।ਤੁਹਾਨੂੰ ਪਤਾ ਕਿ ਮੇਰੇ ਕੋਲ ਉਸ ਵਕਤ ਸਮਾਂ ਨਹੀਂ ਸੀ। ਜੇਕਰ ਤੁਸੀਂ ਚਾਹ ਬਣਾ ਕੇ ਪਿਲਾ ਦਿੱਤੀ ਤਾਂ ਕੀ ਹੋ ਗਿਆ? ਹਰ ਵੇਲ਼ੇ ਔਰਤ ਦੀ ਮਜ਼ਬੂਰੀ ਨੂੰ ਮਰਦ ਦੀ ਮਰਦਾਨਗੀ ਦਾ ਸਵਾਲ ਨਹੀਂ ਬਣਾ ਲਈਦਾ। ਕਹਿ ਕੇ ਸੰਗੀਤਾ ਖ਼ਾਲੀ ਕੱਪ ਚੁੱਕ ਕੇ ਰਸੋਈ ਵੱਲ ਤੁਰ ਗਈ ਤੇ ਸੰਜੀਵ ਵੀ ਉਹਦੇ ਮਗਰ-ਮਗਰ ਮਦਦ ਕਰਨ ਲਈ ਚੱਲ ਪਿਆ। ਉਹਦੀ ਮਰਦਾਂਨਗੀ ਹੁਣ ਕੁੱਝ ਢਿੱਲੀ ਜੋ ਪੈ ਗਈ ਸੀ।
ਮਨਜੀਤ ਕੌਰ ਧੀਮਾਨ,ਸ਼ੇਰਪੁਰ, ਲੁਧਿਆਣਾ -ਸੰ:9464633059