ਅਸੀਂ ਬਣੇ ਹਾਂ ਫਰਜ਼ ਨਿਭਾਉਣ ਲਈ
ਬਸ ਫਰਜ਼ ਨਿਭਾਉਂਦੇ ਜਾਵਾਂਗੇ
ਕੋਈ ਦਿਖਾਵੇ ਨੀਵਾਂ ਸਾਨੂੰ
ਬਿਲਕੁਲ ਨਾ ਘਬਰਾਵਾਂਗੇ
ਮੇਰਾ ਮੁਰਸ਼ਦ ਸਮਝੇ ਦਿਲ ਦੀਆਂ ਰਮਜ਼ਾਂ
ਓਸੇ ਦਾ ਨਾਮ ਧਿਆਵਾਂਗੇ
ਕਰ ਹੱਕ,ਸੱਚ ਮਿਹਨਤ ਦੀ ਕਮਾਈ
ਖਾ ਰੁੱਖੀ-ਮਿੱਸੀ ਮੁਸਕੁਰਾਵਾਂਗੇ।
ਹਰ ਇੱਕ ਨੂੰ ਖੁਸ਼ ਨੀ ਕਰ ਸਕਦੇ
ਪਰ ਦਿਲ ਨਾ ਕਿਸੇ ਦਾ ਦੁਖਾਵਾਂਗੇ
ਇੱਥੇ ਲੋਕ ਰੱਬ ਤੋਂ ਵੀ ਦੁਖੀ
ਅਸੀਂ ਕਿਵੇਂ ਸਭਦੇ ਚਿਹਰੇ ਖਿੜਾਵਾਂਗੇ
ਜਿੰਨਾ ਹੋ ਸਕਿਆ ਭਲਾ ਕਮਾ ਕੇ
ਦੁਖੀਆਂ ਦੇ ਦੁੱਖ ਮਿਟਾਵਾਂਗੇ
ਵਾਹਿਗੁਰੂ ਦਾ ਸ਼ੁਕਰਾਨਾ ਹਰਦਮ
ਖਾ ਰੁੱਖੀ-ਮਿੱਸੀ ਮੁਸਕੁਰਾਵਾਂਗੇ।
ਸੁੱਖ ਦੇ ਵਿੱਚ ਸਭ ਨਾਲ ਖੜ੍ਹਨ
ਅਸੀ ਦੁੱਖ ਵਿੱਚ ਦਰਦ ਵੰਡਾਵਾਂਗੇ
ਕਰਕੇ ਭਲਾ ਕਿਸੇ ਦਾ ਏਥੇ
ਖੂਹ ਦੇ ਵਿੱਚ ਸੁੱਟਦੇ ਜਾਵਾਂਗੇ
"ਕੰਮੋ" ਜਾਣੇ ਨਾਲ ਕਰਮ ਬਸ
ਇਹ ਕਮਾਈਆਂ ਕਰਦੇ ਜਾਵਾਂਗੇ
ਮੇਰੇ ਸਤਿਗੁਰੂ ਕਰਨਾ ਮਿਹਰ ਹਮੇਸ਼ਾਂ
ਖਾ ਰੁੱਖੀ-ਮਿੱਸੀ ਮੁਸਕੁਰਾਵਾਂਗੇ।
ਕਰਮਜੀਤ ਕੌਰ,ਸ਼ਹਿਰ-ਮਲੋਟ
ਜਿਲ੍ਹਾ-ਸ਼੍ਰੀ ਮੁਕਤਸਰ ਸਾਹਿਬ,ਪੰਜਾਬ