ਚੰਡੀਗੜ੍ਹ, 09 ਫਰਵਰੀ( ਗੁਰਕਿਰਤ ਜਗਰਾਓਂ/ਮਨਜਿੰਦਰ ਗਿੱਲ) ਬੀਤੇ ਕੱਲ ਚੰਡੀਗੜ੍ਹ ਪੁਲਿਸ ਨਾਲ ਕੌਮੀ ਇਨਸਾਫ ਮੋਰਚੇ ਦੀ ਹੋਈ ਝੜਪ ਤੋਂ ਬਾਅਦ ਚੰਡੀਗੜ੍ਹ ਪੁਲਿਸ ਨੇ ਐਫਆਈਆਰ ਦਰਜ ਕੀਤੀ ਹੈ। ਚੰਡੀਗੜ੍ਹ ਦੇ ਥਾਣਾ 39 ਵਿਚ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ। ਚੰਡੀਗੜ੍ਹ ਪੁਲਿਸ ਵੱਲੋਂ ਇਰਾਦਾ ਕਤਲ 307 ਦੀਆ ਧਾਰਾ ਸਮੇਤ ਵੱਖ ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਵੱਲੋਂ ਜਗਤਾਰ ਸਿੰਘ ਦੇ ਪਿਤਾ ਗੁਰਚਰਨ ਸਿੰਘ ਸਮੇਤ ਹੋਰ ਆਗੂਆਂ ਦੇ ਨਾਮ ਦਰਜ ਹਨ। ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਕੌਮੀ ਇਨਸਾਫ ਮੋਰਚੇ ਦੇ ਜੱਥੇ ਵਲੋਂ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਮਾਰਚ ਕੀਤਾ ਜਾ ਰਿਹਾ ਸੀ। ਇਸ ਦੌਰਾਨ ਪੁਲਿਸ ਨਾਲ ਝੜਪ ਹੋ ਗਈ ਸੀ। ਪੁਲਿਸ ਦੀ ਝੜਪ ਦੌਰਾਨ ਕਈ ਪੁਲਿਸ ਮੁਲਾਜ਼ਮਾਂ ਤੇ ਪ੍ਰਦਰਸ਼ਨਕਾਰੀਆਂ ਦੇ ਸੱਟਾਂ ਵੀ ਲੱਗੀਆਂ ਹਨ। ਜਿੱਥੇ ਕਈ ਵਾਹਨਾਂ ਦਾ ਨੁਕਸਾਨ ਹੋਇਆ ਓਥੇ ਹੀ ਪੁਲਿਸ ਗੱਡੀਆਂ ਨੂੰ ਵੀ ਨੁਕਸਾਨ ਪਹੁੰਚਿਆ ਸੀ। ਮਿਲੀ ਜਾਣਕਾਰੀ ਅਨੁਸਾਰ ਇਸ ਤਰਾਂ ਦਾ ਹੀ ਇਕ ਪਰਚਾ ਪੁਲਿਸ ਦੇ ਮਟੌਰ ਥਾਣੇ ਵਿੱਚ ਵੀ ਦਰਜ ਕੀਤਾ ਹੈ। ਦੂਜੇ ਪਾਸੇ ਕੌਮੀ ਇਨਸਾਫ ਮੋਰਚੇ ਵੱਲੋਂ ਅੱਜ ਇਕ ਹੋਰ ਜੱਥਾ ਭੇਜਣ ਦਾ ਐਲਾਨ ਕੀਤਾ ਗਿਆ ਹੈ। ਜਿਸ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਵੱਡੀ ਪੱਧਰ ਉਤੇ ਅੱਜ ਪੁਲਿਸ ਲਗਾਈ ਗਈ ਹੈ।ਜਾਨਕਾਰੀ ਲਈ ਦੱਸ ਦੇਈਏ ਕਿ ਕੌਮੀ ਇਨਸਾਫ ਮੋਰਚਾ ਪਿਛਲੇ ਇਕ ਮਹੀਨੇ ਤੋਂ ਚੰਡੀਗੜ੍ਹ ਮੋਹਾਲੀ ਬਾਰਡਰ ਉਤੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਸੰਘਰਸ਼ ਕਰ ਰਿਹਾ ਹੈ। ਪਿਛਲੇ ਕਈ ਦਿਨਾਂ ਤੋਂ ਕੌਮੀ ਇਨਸਾਫ ਮੋਰਚੇ ਵੱਲੋਂ ਆਪਣੇ ਜੱਥੇ ਚੰਡੀਗੜ੍ਹ ਭੇਜੇ ਜਾ ਰਹੇ ਸਨ ਜੋਂ ਕੇ ਬਾਣੀ ਦਾ ਜਾਪ ਕਰਦੇ ਹਨ ਅਤੇ ਬਿਨਾ ਕਿਸੇ ਖਤਰੇ ਤੋਂ ਪ੍ਰਦਰਸਨ ਕਰਦੇ ਹਨ।