You are here

ਪੁੰਗਰਦੇ ਲੇਖਕਾਂ ਦਾ ਕਵਿਤਾ ਸੰਗ੍ਰਹਿ ਸਿਰਜਕ ਗੁਰਭਜਨ ਗਿੱਲ ਨੂੰ ਲੁਧਿਆਣਾ ਚ ਭੇਂਟ

 


ਲੁਧਿਆਣਾਃ 28 ਜੂਨ (ਮਨਜਿੰਦਰ ਗਿੱਲ )ਨਾਭਾ ਵੱਸਦੇ ਪੰਜਾਬੀ ਕਵੀ ਤੇ ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ਪ੍ਰਕਾਸ਼ਨ ਘਰ ਪ੍ਰੀਤ ਪਬਲੀਕੇਸ਼ਨ ਦੇ ਮਾਲਕ ਸੁਰਿੰਦਰਜੀਤ ਚੌਹਾਨ ਵੱਲੋਂ ਸੰਪਾਦਿਤ ਪੁੰਗਰਦੇ ਪੰਜਾਬੀ ਕਵੀਆਂ ਦਾ ਸਾਂਝਾ ਕਾਵਿ ਸੰਗ੍ਰਹਿ ਸਿਰਜਕ ਦੀ ਅੱਜ ਸਵੇਰੇ ਲੁਧਿਆਣਾ ਵਿੱਚ ਸ਼ਹੀਦ ਭਗਤ ਸਿੰਘ ਨਗਰ ਵਿਖੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋਃ ਗੁਰਭਜਨ ਗਿੱਲ ਨੇ ਪਹਿਲੀ ਕਾਪੀ ਪ੍ਰਾਪਤ  ਕੀਤੀ। ਇਸ ਪੁਸਤਕ ਵਿੱਚ ਪੰਜਾਹ ਤੋਂ ਵੱਧ ਨਵੇਂ ਕਵੀਆਂ ਤੇ ਕਵਿੱਤਰੀਆਂ ਦਾ ਕਲਾਮ ਸ਼ਾਮਿਲ ਹੈ।
ਗੁਰਭਜਨ ਗਿੱਲ ਨੇ ਸੁਰਿੰਦਰਜੀਤ ਚੌਹਾਨ ਨੂੰ ਨਵੇਂ ਕਵੀਆਂ ਦੀਆਂ ਕਵਿਤਾਵਾਂ ਸੰਗ੍ਰਹਿਤ ਕਰਨ ਲਈ ਮੁਬਾਰਕਬਾਦ ਦਿੱਤੀ। ਉਨ੍ਹਾਂ ਕਿਹਾ ਕਿ ਪ੍ਰੀਤ ਪਬਲੀਕੇਸ਼ਨ ਵੱਲੋਂ ਨਵੀਆਂ ਕਰੂਬਲਾਂ ਨੂੰ ਸੰਭਾਲਣ ਦਾ ਮਹਾਨ ਕਾਰਜ ਕੀਤਾ ਜਾ ਰਿਹਾ ਹੈ ਜੋ ਕਿ ਸ਼ਲਾਘਾ ਯੋਗ ਹੈ। ਇਸ ਮੌਕੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਬਲਵਿੰਦਰ ਸਿੰਘ ਸੰਧੂ ਤੇ ਤ੍ਰੈਲੋਚਨ ਲੋਚੀ ਵੀ ਹਾਜ਼ਰ ਸਨ।