ਅੱਜ ਦੇ ਭਟਕੇ ਹੋਏ ਮਨੁੱਖ ਨੂੰ ਸਮਾਜਿਕ ਨੈਤਿਕਤਾ ਦੀ ਸੋਝੀ ਕਰਵਾਉਣ ਲਈ ਭਗਤ ਰਵਿਦਾਸ ਜੀ ਦੀ ਬਾਣੀ ਸਰਵ ਸਮਰੱਥ ਹੈ- ਸੰਤ ਬਾਬਾ ਅਮੀਰ ਸਿੰਘ ਜੀ
ਲੁਧਿਆਣਾ 5 ਫਰਵਰੀ (ਕਰਨੈਲ ਸਿੰਘ ਐੱਮ.ਏ.) -ਸੰਤ ਬਾਬਾ ਸੁਚਾ ਸਿੰਘ ਜੀ ਬਾਨੀ ਜਵੱਦੀ ਟਕਸਾਲ ਵਲੋਂ ਮਾਨਵਤਾ ਤੇ ਕੌਮੀ ਫਰਜ਼ਾਂ ਲਈ ਸਿਰਜੇ ਸੁਫ਼ਨਿਆਂ ਨੂੰ ਸਕਾਰ ਕਰਨ ਲਈ ਕਾਰਜਸ਼ੀਲ ਉਨ੍ਹਾਂ ਦੇ ਜਾਨਸ਼ੀਨ ਮੌਜੂਦਾ ਮੁਖੀ ਸੰਤ ਬਾਬਾ ਅਮੀਰ ਸਿੰਘ ਜੀ ਨੇ ਅੱਜ ਹਫਤਾਵਾਰੀ ਨਾਮ ਸਿਮਰਨ ਸਮਾਗਮ ਵਿਚ ਜਿਥੇ ਗੁਰਬਾਣੀ ਨਾਮ ਸਿਮਰਨ ਦੀ ਮਹਿਮਾਂ ਨੂੰ ਆਪਣੇ ਵਿਚਾਰਾਂ ਦਾ ਕੇਂਦਰੀ ਵਿਸ਼ੇ ਵਜੋਂ ਰੱਖਿਆ, ਉਥੇ ਭਗਤ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਸੰਗਤਾਂ ਨੂੰ ਵਧਾਈਆਂ ਦਿੰਦਿਆਂ ਉਨ੍ਹਾਂ ਦੇ ਜੀਵਨ, ਉਨ੍ਹਾਂ ਦੇ ਕਾਰਜ, ਉਨ੍ਹਾਂ ਦੇ ਸਿਧਾਂਤ ਆਦਿ ਵਿਸ਼ਿਆਂ ਤੇ ਵੀ ਵਿਚਾਰਾਂ ਦੀ ਸਾਂਝ ਪਾਈ। ਮਹਾਂਪੁਰਸ਼ਾਂ ਨੇ ਸਪੱਸ਼ਟ ਕੀਤਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚਲੀ ਭਗਤ ਰਵਿਦਾਸ ਜੀ ਦੀ ਬਾਣੀ ਵਿੱਚਲਾ ਅਨੁਭਵ ਅਤੇ ਚਿੰਤਨ ਅਜਿਹਾ ਦੀਪਕ ਹੈ, ਜੋ ਸਮਾਜ ਵਿਚ ਫੈਲੀ ਅਨੈਤਿਕਤਾ ਦੇ ਘੋਰ ਹਨੇਰੇ ਨੂੰ ਦੂਰ ਕਰਦਾ ਹੈ। ਭਗਤ ਜੀ ਨੇ ਆਪਣੇ ਵਕਤ ਦੇ ਸਮਾਜ ਵਿਚ ਫੈਲੀਆਂ ਕੁਰੀਤੀਆਂ ਨੂੰ ਦੂਰ ਕਰਨ ਲਈ ਕਿਸੇ ਕੱਟੜ ਸਿਧਾਂਤ ਨੂੰ ਨਹੀਂ ਅਪਣਾਇਆ ਸਗੋਂ ਨਿਮਰਤਾ, ਪਰਉਪਕਾਰ, ਤਿਆਗ, ਸੰਤੋਖ, ਉਦਾਰਤਾ, ਸਮਤਾ, ਸਦਾਚਾਰ, ਮਿਹਨਤ, ਪ੍ਰੇਮ, ਦਇਆ, ਵਰਗੇ ਨੈਤਿਕ ਗੁਣਾਂ ਦੀ ਸਥਾਪਨਾ ਕਰਕੇ ਆਪਣੀ ਮਧੁਰ ਬਾਣੀ ਨਾਲ ਲੋਕਾਂ ਦੇ ਤਪਦੇ ਹਿਰਦੇ ਠਰਨ ਦਾ ਸਫਲ ਯਤਨ ਕੀਤਾ। ਉਨ੍ਹਾ ਦਾ ਆਪਣਾ ਜੀਵਨ ਆਦਰਸ਼ ਅਤੇ ਨੈਤਿਕਤਾ ਪੂਰਨ ਸੀ। ਉਨ੍ਹਾ ਨੇ ਆਪਣੇ ਜੀਵਨ ਵਿੱਚ ਕਦੇ ਵੀ ਕਥਨੀ ਅਤੇ ਕਰਨੀ ਵਿੱਚ ਫਰਕ ਨਹੀਂ ਪੈਣ ਦਿੱਤਾ। ਉਨ੍ਹਾ ਦੀ ਬਾਣੀ ਵਿਚ ਸਥਾਪਿਤ ਸਮਾਜਿਕ ਨੈਤਿਕਤਾ ਅੱਜ ਵੀ ਉਨ੍ਹੀਂ ਹੀ ਮਹੱਤਵਪੂਰਨ ਹੈ, ਜਿਨ੍ਹੀ ਉਨ੍ਹਾਂ ਦੇ ਆਪਣੇ ਵੇਲੇ ਸੀ। ਮਹਾਂਪੁਰਸ਼ਾਂ ਨੇ ਜੋਰ ਦਿੰਦਿਆਂ ਫ਼ੁਰਮਾਇਆ ਅੱਜ ਦੇ ਭਟਕੇ ਹੋਏ ਮਨੁੱਖ ਨੂੰ ਸਮਾਜਿਕ ਨੈਤਿਕਤਾ ਦੀ ਸੋਝੀ ਕਰਵਾਉਣ ਲਈ ਭਗਤ ਰਵਿਦਾਸ ਜੀ ਦੀ ਬਾਣੀ ਸਰਵ ਸਮਰੱਥ ਹੈ। ਅਜੋਕੇ ਭ੍ਰਿਸ਼ਟਾਚਾਰ, ਜਾਤੀਵਾਦ, ਭਾਸ਼ਾਵਾਦ, ਸੰਪਰਦਾਇਕ ਅਤੇ ਹਿੰਸਾਵਾਦ ਦੇ ਯੁੱਗ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚਲੀ ਭਗਤ ਰਵਿਦਾਸ ਜੀ ਦੀ ਬਾਣੀ ਉਨ੍ਹਾ ਦੇ ਵੇਲਿਆਂ ਨਾਲੋਂ ਵੀ ਵਧੇਰੇ ਸਮਾਜਿਕ ਨੈਤਿਕਤਾ ਦੀ ਸਾਰਥਿਕਤਾ ਸਿੱਧ ਕਰਦੀ ਹੈ।