ਮਾਨਚੈਸਟਰ, ਮਈ 2020 -( ਗਿਆਨੀ ਅਮਰੀਕ ਸਿੰਘ ਰਾਠੌਰ)- ਯੂ.ਕੇ. ਵੱਸਦੇ ਸਿੱਖ ਭਾਈਚਾਰੇ ਵਲੋਂ ਮਾਰਚ 2021 ਦੀ ਮਰਦਮਸ਼ੁਮਾਰੀ ਲਈ ਸਿੱਖਾਂ ਦੇ ਵੱਖਰੇ ਖਾਨੇ ਨੂੰ ਲੈ ਕੇ ਸ਼ੰਘਰਸ਼ ਸ਼ੁਰੂ ਕੀਤਾ ਹੋਇਆ ਹੈ। ਸਕਾਟਲੈਂਡ ਦੀ ਸੰਸਦ ਤੇ ਯੂ.ਕੇ. ਦੀ ਸੰਸਦ ਵਲੋਂ ਜਨਗਣਨਾ ਖਰੜੇ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ ਪਰ ਇਸ ਖਰੜੇ 'ਚ ਸਿੱਖਾਂ ਨੂੰ ਨਸਲੀ ਕਾਲਮ (ਖਾਨੇ) 'ਚ ਸ਼ਾਮਿਲ ਨਹੀਂ ਕੀਤਾ ਗਿਆ ਸੀ, ਜਿਸ ਤੋਂ ਬਾਅਦ ਸਿੱਖਾਂ ਵਲੋਂ ਅਦਾਲਤ ਦਾ ਸਹਾਰਾ ਲੈਣ ਦਾ ਐਲਾਨ ਕੀਤਾ ਗਿਆ ਸੀ ਪਰ ਇਸ ਦੌਰਾਨ ਹੀ 7 ਮਈ ਨੂੰ ਸਕਾਟਲੈਂਡ ਸੰਸਦ 'ਚ ਮਰਦਮਸ਼ੁਮਾਰੀ (ਸਕਾਟਲੈਂਡ) ਰੈਗੂਲੇਸ਼ਨ 2020 ਪੇਸ਼ ਕੀਤਾ ਗਿਆ, ਜੋ ਅਗਲੇ ਮਹੀਨੇ 16 ਤਾਰੀਖ ਨੂੰ ਲਾਗੂ ਹੋਵੇਗਾ । ਇਸ ਰੈਗੂਲੇਸ਼ਨ 'ਚ ਸਿੱਖਾਂ ਨੂੰ ਅਸਿੱਧੇ ਢੰਗ ਨਾਲ ਨਸਲੀ ਖਾਨੇ (ਕਾਲਮ) ਵਿਚ ਸ਼ਾਮਿਲ ਕਰ ਲਿਆ ਗਿਆ ਹੈ। ਸਰਕਾਰ ਵਲੋਂ ਜਾਰੀ ਕੀਤੇ ਇਸ ਨਵੇਂ ਖਰੜੇ 'ਚ ਨਸਲੀ ਗਰੁੱਪ ਕਿਹੜਾ ਸਵਾਲ ਦੇ ਸਾਹਮਣੇ ਹੋਰ ਨਸਲੀ ਗਰੁੱਪ ਲਿਖਿਆ ਹੈ, ਜਿਸ 'ਚ ਅਰਬ, ਸਿੱਖ ਅਤੇ ਜਹੂਦੀ ਸ਼ਪਸ਼ਟ ਲਿਖ ਕੇ ਪੁੱਛਿਆ ਗਿਆ ਹੈ। ਜਿਸ ਨਾਲ ਬਰਤਾਨਿਆ ਚ ਵਸਣ ਵਾਲੇ ਸਿੱਖਾਂ ਵਿੱਚ ਖੁਸ਼ੀ ਦੀ ਲਹਿਰ ਹੈ।17 ਅਪ੍ਰੈਲ 2020 ਨੂੰ ਸਿੱਖ ਫੈਡਰੇਸ਼ਨ ਯੂ. ਕੇ. ਵਲੋਂ ਸਕਾਟਲੈਂਡ ਦੇ ਕਾਨੂੰਨੀ ਡਾਇਰੈਕਟੋਰੇਟ ਨੂੰ ਲਿਖੇ ਪੱਤਰ ਦੇ ਜਵਾਬ 'ਚ ਸਰਕਾਰ ਨੇ ਕਿਹਾ ਸੀ ਕਿ ਉਹ ਸਿੱਖਾਂ ਨੂੰ ਵੱਖਰਾ ਨਸਲੀ ਗਰੁੱਪ ਮੰਨਦੇ ਹਨ। ਭਾਈ ਅਮਰੀਕ ਸਿੰਘ ਗਿੱਲ ਨੇ ਕਿਹਾ ਕਿ ਸਿੱਖਾਂ ਨੂੰ ਸਕਾਟਲੈਂਡ ਸਰਕਾਰ ਵਲੋਂ ਵੱਖਰਾ ਨਸਲੀ ਗਰੁੱਪ ਮੰਨਣਾ ਤੇ ਸਰਕਾਰੀ ਅਤੇ ਕਾਨੂੰਨੀ ਤੌਰ 'ਤੇ ਮਾਨਤਾ ਦੇਣ 'ਤੇ ਧੰਨਵਾਦ ਕਰਦੇ ਹਾਂ ਪਰ ਇਸ ਨਾਲ ਸਿਰਫ ਅੱਧਾ ਸਫਰ ਹੀ ਤੈਅ ਹੋਇਆ ਹੈ, ਜਦਕਿ ਸਿੱਖਾਂ ਨੂੰ ਬਰਾਬਰ ਹੱਕ ਮਿਲਣ ਤੱਕ ਜੰਗ ਜਾਰੀ ਰਹੇਗੀ।