ਕੁਝ ਦਿਨ ਪਹਿਲਾਂ ਮੈਂ ਤੇ ਮੇਰਾ ਇੱਕ ਮਿੱਤਰ ਸਾਡੇ ਇੱਕ ਹੋਰ ਮਿੱਤਰ ਦੀ ਸੱਸ ਦੇ ਭੋਗ ਉੱਤੇ ਚੋਖਾ ਪੈਲੇਸ ਮੋਗਾ ਵਿਖੇ ਗਏ।ਅਸੀਂ ਪੁੱਛ-ਪੁਛਾ ਕੇ ਚੋਖਾ ਪੈਲੇਸ ਵਿੱਚ ਸਹੀ ਸਮੇਂ ਉੱਤੇ ਪਹੁੰਚ ਗਏ। ਮੱਥਾ ਟੇਕਣ ਵਾਲਿਆਂ ਦੀ ਲਾਇਨ ਲੱਗੀ ਹੋਈ ਹੋਣ ਕਰਕੇ ਅਸੀਂ ਵੀ ਲਾਇਨ ਵਿੱਚ ਲੱਗ ਗਏ।ਮੈਂ ਅੱਗੇ ਤੇ ਮੇਰੇ ਦੋਸਤ ਮੇਰੇ ਪਿੱਛੇ।
ਮੈਂ ਆਪਣੀ ਵਾਰੀ ਆਉਣ ਤੇ ਮੱਥਾ ਟੇਕਿਆ ਤੇ ਸਰਧਾ ਦੇ ਫੁੱਲ ਮਾਤਾ ਦੀ ਫੋਟੋ ਉੱਤੇ ਚੜ੍ਹਾਅ ਦਿੱਤੇ। ਮੈਂ ਬੈਠੇ ਹੋਏ ਬੰਦਿਆਂ ਦੇ ਪਿੱਛੇ ਜਾ ਕੇ ਖੜ੍ਹਾ ਹੋ ਗਿਆ ਤੇ ਆਪਣੇ ਦੋਸਤ ਨੂੰ ਦੇਖਣ ਲੱਗਿਆਂ ਪਰ ਉਹ ਮੈਨੂੰ ਕਿਤੇ ਵੀ ਨੀ ਨਜ਼ਰ ਨਹੀਂ ਆਇਆਂ। ਐਨੇ ਵਿੱਚ ਮੇਰਾ ਦੋਸਤ ਵੀ ਮੱਥਾ ਟੇਕ ਕੇ ਮੇਰੇ ਪਿੱਛੇ ਹੀ ਆ ਗਿਆ।
""ਸੰਦੀਪ ਮਾਤਾ ਜੀ ਨਹੀਂ ਹਨ। "
"ਮੈਨੂੰ ਵੀ ਪਤਾ ਮਾਤਾ ਜੀ ਨਹੀਂ ਹਨ ਤਾਂ ਹੀ ਤਾਂ ਆਪਾਂ ਇੱਥੇ ਉਹਨਾਂ ਦੇ ਭੋਗ ਉੱਤੇ ਆਏ ਹਾਂ।"
"ਤੁਸੀਂ ਮੇਰੀ ਗੱਲ ਨਹੀਂ ਸਮਝੇ ਇਹ ਉਹ ਮਾਤਾ ਜੀ ਨਹੀਂ ਹਨ। ਜਿੰਨਾਂ ਦੇ ਆਪਾਂ ਭੋਗ ਉੱਤੇ ਆਏ ਹਾਂ।" ਕਿਉਂਕਿ ਉਹ ਮਾਤਾ ਨੂੰ ਪਹਿਲਾਂ ਵੀ ਕਈ ਵਾਰ ਮਿਲੇ ਸਨ।
"ਕੀ ਆਖਿਆ ਇਹ ਉਹ ਮਾਤਾ ਜੀ ਨਹੀਂ ਹਨ? "
"ਹਾਂ ਜੀ ਫੋਟੋ ਵਾਲੇ ਮਾਤਾ ਜੀ ਉਹ ਮਾਤਾ ਨਹੀਂ ਹਨ ਜਿੰਨਾਂ ਦੇ ਆਪਾਂ ਭੋਗ ਉੱਤੇ ਆਏ ਹਾਂ....! "
" ਮੈਂ ਵੀ ਇਹ ਹੀ ਸੋਚ ਰਿਹਾ ਸੀ ਕਿ ਆਪਣੀ ਜਾਣ ਪਹਿਚਾਣ ਵਾਲਾ ਕੋਈ ਦਿਖਾਈ ਕਿਉਂ ਨਹੀਂ ਦੇ ਰਿਹਾ। ਇਸਦਾ ਮਤਲਬ ਆਪਾਂ ਗਲਤੀ ਨਾਲ ਇੱਥੇ ਆ ਗਏ। "
"ਜੀ ਏਹੀ ਗੱਲ ਤਾਂ ਕਹਿਣ ਦੀ ਤਾਂ ਮੈਂ ਕਦੋਂ ਤੋਂ ਕੋਸ਼ਿਸ਼ ਕਰ ਰਿਹਾ ਹਾਂ। "
ਅਸੀਂ ਦੋਨੋਂ ਇਕਦਮ ਹੀ ਹਾਲ ਵਿੱਚੋਂ ਬਾਹਰ ਆ ਗਏ।ਮੈਂ ਬਾਹਰ ਆਪਣੇ ਬੂਟ ਪਾਉਂਦੇ ਹੋਏ ਇੱਕ ਵੇਟਰ ਨੂੰ ਪੁੱਛਿਆ।
"ਕਾਕੇ ਇੱਥੇ ਕੋਈ ਹੋਰ ਵੀ ਚੋਖਾ ਪੈਲੇਸ। "
"ਹਾਂ ਜੀ ਸਰ ਹੈ। "
"ਕਿੱਥੇ ਹੈ? "
"ਸਰ ਬਸ ਤੁਸੀਂ ਇਹ ਗਲੀ ਮੁੜੋ ਤੇ ਨਾਲ ਹੀ ਚੋਖਾ ਪੈਲੇਸ ਨੰਬਰ ਦੋ ਹੈ। "
"ਹੂ........! "ਆਖ ਅਸੀਂ ਜਲਦੀ ਨਾਲ ਉੱਥੋ ਬਾਹਰ ਨਿਕਲੇ ਤੇ ਗਲੀ ਮੁੜ ਗਏ। ਬਸ ਵੀਹ ਕੁ ਕਦਮ ਚੱਲ ਕੇ ਸਾਡੇ ਵਾਲਾ ਪੈਲੇਸ ਸੀ। ਉਸ ਪੈਲੇਸ ਦੇ ਬਾਹਰ ਹੀ ਸਾਨੂੰ ਸਾਡਾ ਦੋਸਤ ਵੀ ਮਿਲ ਗਿਆ।
"ਤੁਹਾਨੂੰ ਪੈਲੇਸ ਲੱਭਣ ਵਿੱਚ ਕੋਈ ਮੁਸ਼ਕਿਲ ਤਾਂ ਨਹੀਂ ਆਈ।" ਸਾਨੂੰ ਦੇਖਦੇ ਹੀ ਉਹ ਬੋਲਿਆ।
"ਨਹੀਂ ਕੋਈ ਮੁਸ਼ਕਿਲ ਨਹੀਂ ਆਈ।" ਅਸੀਂ ਦੋਨਾਂ ਨੇ ਇਕੱਠੇ ਜਵਾਬ ਦਿੱਤਾ ਤੇ ਇੱਕ ਦੂਜੇ ਨੂੰ ਦੇਖ ਕੇ ਬੜੀ ਮੁਸ਼ਕਿਲ ਨਾਲ ਆਪਣਾ ਹਾਸਾ ਰੋਕਿਆ।
ਸੰਦੀਪ ਦਿਉੜਾ
8437556667