ਸੀਆਈਏ ਸਟਾਫ਼ ਜਗਰਾਉਂ ਵੱਲੋਂ ਚੋਰੀ ਦੇ ਚੋਲ਼ਾ ਦੇ 150 ਗੱਟੂਆਂ ਸਮੇਤ ਇੱਕ ਕਾਬੂ
ਜਗਰਾਉਂ 24 ਜਨਵਰੀ (ਰਣਜੀਤ ਸਿੱਧਵਾਂ) : ਜਗਰਾਉਂ ਸੀਆਈਏ ਸਟਾਫ਼ ਦੀ ਪੁਲਿਸ ਨੇ ਸਰਕਾਰੀ ਖ਼ਰੀਦੇ ਚੌਲ ਦੇ ਗੁਦਾਮ 'ਚੋਂ ਟਰੱਕਾਂ ਦੇ ਟਰੱਕ ਚੋਰੀ ਕਰਕੇ ਲੈ ਕੇ ਜਾਣ ਦੇ ਵੱਡੇ ਗੜਬੜ ਘੁਟਾਲੇ ਦੇ ਮਾਮਲੇ ਦਾ ਪਰਦਾਫਾਸ਼ ਕੀਤਾ ਹੈ। ਫਿਲਹਾਲ ਪੁਲਿਸ ਹੱਥ 150 ਬੋਰੀ ਚੌਲਾਂ ਨਾਲ ਭਰਿਆ ਇੱਕ ਟਰੱਕ ਹੱਥ ਲੱਗਾ ਹੈ। ਜਿਸ 'ਤੇ ਪੁਲਿਸ ਨੇ ਟਰੱਕ ਦੇ ਡਰਾਈਵਰ ਨੂੰ ਗਿ੍ਫ਼ਤਾਰ ਕਰ ਲਿਆ ਤੇ ਗੁਦਾਮ ਦੇ ਫਰਾਰ ਸੁਪਰਵਾਈਜਰ ਦੀ ਭਾਲ ਕੀਤੀ ਜਾ ਰਹੀ ਹੈ। ਇਸ ਪੂਰੇ ਮਾਮਲੇ 'ਚ ਜਗਰਾਉਂ ਦੇ ਇੱਕ ਚਰਚਿਤ ਸ਼ੈਲਰ ਮਾਲਕ ਦਾ ਨਾਂ ਸਾਹਮਣੇ ਆ ਰਿਹਾ ਹੈ ਜੋ ਪਰਚਾ ਦਰਜ ਹੋਣ ਤਕ ਖੁਦ ਨੂੰ ਬਚਾਉਣ 'ਚ ਲੱਗਾ ਰਿਹਾ। ਇਸ ਸਬੰਧੀ ਜਗਰਾਉਂ ਸੀਆਈਏ ਸਟਾਫ਼ ਦੇ ਮੁਖੀ ਡੀਐੱਸਪੀ ਦਿਲਵੀਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਸੀਆਈਏ ਸਟਾਫ਼ ਦੀ ਪੁਲਿਸ ਨਾਕਾਬੰਦੀ ਦੌਰਾਨ ਪਿੰਡ ਮਲਕ ਤਾਇਨਾਤ ਸੀ। ਜਿੱਥੇ ਮੁਖ਼ਬਰ ਨੇ ਸੂਚਨਾ ਦਿੱਤੀ ਕਿ ਪਿੰਡ ਚੀਮਨਾ ਤੋਂ ਬੁਜਗਰ ਵਾਲੇ ਰਾਹ 'ਤੇ ਰੀਗੋ ਕੰਪਨੀ ਦੇ ਗੁਦਾਮ ਹਨ, ਜਿੱਥੇ ਸੁਪਰਵਾਈਜ਼ਰ ਦੀ ਮਿਲੀਭੁਗਤ ਨਾਲ ਟਰੱਕ 'ਚ ਚੌਲ ਚੋਰੀ ਕੀਤੇ ਜਾ ਰਹੇ ਹਨ। ਇਸ 'ਤੇ ਪੁਲਿਸ ਪਾਰਟੀ ਨੇ ਕਾਰਵਾਈ ਕੀਤੀ ਤਾਂ 150 ਬੋਰੀ ਚੌਲਾਂ ਨਾਲ ਭਰਿਆ ਟਰੱਕ ਬਰਾਮਦ ਕਰਦਿਆਂ ਉਸ ਦੇ ਡਰਾਈਵਰ ਸੁਰਿੰਦਰ ਸਿੰਘ ਉਰਫ ਛਿੰਦਾ ਪੁੱਤਰ ਮਨਜੀਤ ਸਿੰਘ ਵਾਸੀ ਬਜੁਰਗ, ਥਾਣਾ ਸਦਰ ਜਗਰਾਂਉ, ਜਿਲ੍ਹਾ ਲੁਧਿਆਣਾ ਵਾਸੀ ਬਜ਼ੁਰਗ ਨੂੰ ਗਿ੍ਫ਼ਤਾਰ ਕਰ ਲਿਆ। ਮਾਮਲੇ 'ਚ ਗੁਦਾਮ ਦੇ ਸੁਪਰਵਾਈਜ਼ਰ ਨਰਿੰਦਰ ਸਿੰਘ ਵਾਸੀ ਪੰਡੋਰੀ ਖ਼ਿਲਾਫ਼ ਵੀ ਮੁਕੱਦਮਾ ਦਰਜ ਕੀਤਾ ਗਿਆ ਹੈ। ਸੁਪਰਵਾਈਜ਼ਰ ਫ਼ਰਾਰ ਹੈ, ਜਿਸ ਦੀ ਗਿ੍ਫ਼ਤਾਰੀ ਤੋਂ ਬਾਅਦ ਚੌਲ ਚੋਰੀ ਦੇ ਪੂਰੇ ਵੱਡੇ ਮਾਮਲੇ ਦਾ ਖੁਲਾਸਾ ਤੇ ਇਸ ਦੇ ਪੂਰੇ ਗੈਂਗ ਦੇ ਨਾਂ ਸਾਹਮਣੇ ਆਉਣਗੇ। ਜ਼ਿਕਰਯੋਗ ਹੈ ਕਿ ਪਨਗ੍ਰੇਨ ਨੇ 31 ਜਨਵਰੀ ਨੂੰ ਚਾਰਜ ਲੈਣਾ ਸੀ ਰੀਗੋ ਕੰਪਨੀ ਹਵਾਲੇ ਕੀਤੇ ਉਕਤ ਚੌਲਾਂ ਦੇ ਗੁਦਾਮ ਦਾ ਠੇਕਾ ਖ਼ਤਮ ਹੋਣ 'ਤੇ ਸਰਕਾਰੀ ਖ਼ਰੀਦ ਏਜੰਸੀ ਪਨਗ੍ਰੇਨ ਵੱਲੋਂ 31 ਜਨਵਰੀ ਨੂੰ ਮੁੜ ਇਸ ਦਾ ਚਾਰਜ ਲੈਣਾ ਸੀ ਪਰ ਉਸ ਤੋਂ ਪਹਿਲਾਂ ਹੀ ਸ਼ਹਿਰ ਦੇ ਚਰਚਿਤ ਮਾਲਕ ਤੇ ਗੁਦਾਮ ਸੁਪਰਵਾਈਜ਼ਰ ਦੀ ਮਿਲੀਭੁਗਤ ਨਾਲ ਲੱਖਾਂ ਰੁਪਏ ਦੇ ਚੌਲ ਚੋਰੀ ਦੀ ਗੇਮ ਖੇਡੀ ਗਈ। ਸੂਤਰਾਂ ਅਨੁਸਾਰ ਤਾਂ ਇਹ ਖੇਡ ਪਿਛਲੇ ਕੁਝ ਦਿਨਾਂ ਤੋਂ ਚੱਲ ਰਹੀ ਸੀ। ਇਸ ਸਬੰਧੀ ਪਨਗ੍ਰੇਨ ਦੇ ਏਐੱਫਐੱਸਓ ਜਸਪਾਲ ਸਿੰਘ ਨੇ ਕਥਿਤ ਤੌਰ ਤੇ ਮੰਨਿਆ ਕਿ ਇੱਕ ਸ਼ੈਲਰ ਮਾਲਕ ਦੀ ਇਸ 'ਚ ਸ਼ਮੂਲੀਅਤ ਹੈ ਅਤੇ ਇਹ ਸਾਰਾ ਚੋਰੀ ਦਾ ਚੌਲ ਸ਼ੈਲਰ ਮਾਲਕ ਦੇ ਸ਼ੈਲਰ 'ਤੇ ਜਾ ਰਿਹਾ ਸੀ।