ਮੋਦੀ ਸਰਕਾਰ ਵੱਲੋਂ ਧਰਮਾਂ ਦੀ ਸੌੜੀ ਸਿਆਸਤ ‘ਸੰਵਿਧਾਨ ਲਈ ਫਾਸੀਵਾਦੀ ਚਣੌਤੀ’ ਅਤੇ ‘ਫਾਸੀਵਾਦ ਦਾ ਆਮ ਲੋਕਾਂ ਤੇ ਪ੍ਰਭਾਵ’ ਵਿਸ਼ਿਆਂ ਤੇ 26 ਜਨਵਰੀ ਨੂੰ ਹੋਵੇਗੀ ਵਿਚਾਰ ਚਰਚਾ
ਲੁਧਿਆਣਾ, 22 ਜਨਵਰੀ (ਗੁਰਕੀਰਤ ਜਗਰਾਉਂ /ਮਨਜਿੰਦਰ ਗਿੱਲ) ਸਥਾਨਕ ਗਦਰੀ ਸ਼ਹੀਦ ਬਾਬਾ ਭਾਨ ਸਿੰਘ ਯਾਦਗਾਰ ਵਿਖੇ ਹੋਈ ਲੋਕ ਪੱਖੀ ਜੱਥੇਬੰਦੀਆਂ ਦੀ ਮੀਟਿੰਗ ਦੌਰਾਨ ਕੇਂਦਰ ਦੀ ਮੋਦੀ ਹਕੂਮਤ ਵੱਲੋਂ ਵੱਖ-ਵੱਖ ਵਰਗਾਂ ਉੱਤੇ ਕੀਤੇ ਜਾ ਰਹੇ ਫਾਸ਼ੀਵਾਦੀ ਹਮਲਿਆਂ ਖਿਲਾਫ , 26 ਜਨਵਰੀ ਨੂੰ ਸੰਵਿਧਾਨਿਕ ਦਿਵਸ ਮੌਕੇ ਲੋਕਾਂ ਨੂੰ ਚੇਤਨ ਕਰਨ ਅਤੇ ਸੰਘਰਸ਼ ਕਰਨ ਦਾ ਪ੍ਰੋਗਰਾਮ ਤਹਿ ਕੀਤਾ ਗਿਆ।ਮੀਟਿੰਗ ਵਿੱਚ ਇਨਕਲਾਬੀ ਮਜ਼ਦੂਰ ਕੇਂਦਰ, ਨੌਜਵਾਨ ਸਭਾ ਐਲ ਬਲਾਕ ਭਾਈ ਰਣਧੀਰ ਸਿੰਘ ਨਗਰ ਲੁਧਿਆਣਾ, ਤਰਕਸ਼ੀਲ ਸੁਸਾਇਟੀ ਪੰਜਾਬ, ਮਹਾਂ ਸਭਾ ਲੁਧਿਆਣਾ, ਜਮਹੂਰੀ ਅਧਿਕਾਰ ਸਭਾ, ਲੋਕ ਏਕਤਾ ਸੰਗਠਨ, ਡੈਮੋਕ੍ਰੇਟਿਕ ਲਾਇਅਰਜ਼ ਐਸਿਸੀਏਸ਼ਨ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ।
ਮੀਟਿੰਗ ਵਿੱਚ ਹੋਏ ਫੈਸਲੇ ਸਬੰਧੀ ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਜਸਵੰਤ ਜ਼ੀਰਖ ਅਤੇ ਰਾਕੇਸ਼ ਆਜ਼ਾਦ ਨੇ ਕਿਹਾ ਕੇਂਦਰ ਵਿੱਚ ਭਾਜਪਾ ਦੀ ਮੋਦੀ ਸਰਕਾਰ ਦੇਸ਼ ਦੇ ਲੋਕਾਂ ਦੇ ਸੰਵਿਧਾਨਿਕ ਹੱਕਾਂ ਦਾ ਲਗਾਤਾਰ ਘਾਣ ਕਰ ਰਹੀ ਹੈ। ਨਵੇਂ ਬਣੇ ਕਿਰਤ ਕਾਨੂੰਨਾਂ ਰਾਹੀਂ ਮਜ਼ਦੂਰਾਂ ਦੇ ਜਮਹੂਰੀ ਹੱਕ ਖੋਹੇ ਜਾ ਚੁੱਕੇ ਹਨ। ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਖ਼ਿਲਾਫ਼ ਬੋਲਣ-ਲਿਖਣ ਵਾਲੇ ਲੇਖਕਾਂ, ਬੁੱਧੀਜੀਵਿਆਂ, ਵਕੀਲਾਂ ਅਤੇ ਸਮਾਜਿਕ ਕਾਰਕੁਨਾਂ ਨੂੰ ਝੂਠੇ ਕੇਸਾਂ ਵਿੱਚ ਫਸਾ ਕੇ ਕਈ ਸਾਲਾਂ ਤੋਂ ਗੈਰ-ਸੰਵਿਧਾਨਿਕ ਤਰੀਕਿਆਂ ਨਾਲ ਜੇਲ੍ਹਾਂ ਵਿੱਚ ਡੱਕਿਆ ਹੋਇਆ ਹੈ। ਦੇਸ਼ ਵਿੱਚ ਵਧ ਰਹੀ ਮਹਿੰਗਾਈ, ਬੇਰੁਜ਼ਗਾਰੀ, ਗਰੀਬੀ ਬਾਰੇ ਚਰਚਾ ਕਰਨ ਦੀ ਬਜਾਏ ਧਰਮ ਦੇ ਨਾਂ ਤੇ ਲੋਕਾਂ ਨੂੰ ਭੜਕਾ ਕੇ ਫਿਰਕੂ ਤਾਕਤਾਂ ਨੂੰ ਉਤਸ਼ਾਹਤ ਕਰਕੇ ਘੱਟ-ਗਿਣਤੀਆਂ, ਦਲਿਤਾਂ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਦੇਸ਼ ਵਿੱਚ ਵਧ ਰਹੇ ਫਾਸ਼ੀਵਾਦੀ ਰੁਝਾਨ ਖਿਲਾਫ ਉਪਰੋਕਤ ਜਥੇਬੰਦੀਆਂ ਨੇ ਇੱਕ ਲੋਕ ਚੇਤਨਾ ਮੁਹਿੰਮ ਚਲਾਉਣ ਦਾ ਫੈਸਲਾ ਕੀਤਾ ਜਿਸ ਦੇ ਆਗਾਜ਼ ਵਜੋਂ 26 ਜਨਵਰੀ ਸੰਵਿਧਾਨ ਦਿਵਸ ਤੇ ਗਦਰੀ ਬਾਬਾ ਭਾਨ ਸਿੰਘ ਯਾਦਗਾਰ ਵਿਖੇ ਮਜ਼ਦੂਰ ਆਗੂ ਸੁਰਿੰਦਰ ਸਿੰਘ ਵੱਲੋਂ ‘ਫਾਸ਼ੀਵਾਦ ਦਾ ਆਮ ਲੋਕਾਂ ਤੇ ਪ੍ਰਭਾਵ’ ਅਤੇ ਲੋਕ ਪੱਖੀ ਵਕੀਲ ਐਡਵੋਕੇਟ ਹਰਪ੍ਰੀਤ ਜ਼ੀਰਖ ਵੱਲੋਂ ‘ਭਾਰਤ ਦੇ ਸੰਵਿਧਾਨ ਲਈ ਫਾਸ਼ੀਵਾਦ ਚੁਣੌਤੀ’ ਵਿਸ਼ੇ ਤੇ ਇੱਕ ਵਿਚਾਰ-ਚਰਚਾ ਕਰਕੇ ਕੀਤਾ ਜਾਵੇਗਾ ਅਤੇ ਲੋਕਾਂ ਨੂੰ ਇਸ ਫਾਸ਼ੀ ਹਮਲੇ ਖਿਲਾਫ ਸੁਚੇਤ ਕਰਦੇ ਹੋਏ ਸੰਘਰਸ਼ਾਂ ਦੇ ਰਾਹ ਪੈਣ ਦਾ ਸੱਦਾ ਦਿੱਤਾ ਜਾਵੇਗਾ।ਇਸ ਮੀਟਿੰਗ ਵਿਚ ਵੱਖ-ਵੱਖ ਜਥੇਬੰਦੀਆਂ ਵੱਲੋਂ ਬਲਵਿੰਦਰ ਲਾਲਬਾਗ, ਸੁਬੇਗ ਸਿੰਘ, ਅਰੁਣ ਕੁਮਾਰ ਆਦਿ ਹਾਜ਼ਰ ਸਨ। ਉਹਨਾਂ ਇਨਸਾਫ਼ ਪਸੰਦ ਲੋਕਾਂ ਨੂੰ ਇਸ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ।