You are here

ਖੇਡ ਮੇਲਾ 'ਖੇਡਾਂ ਵਤਨ ਪੰਜਾਬ ਦੀਆਂ’ ਗੁਰੂ ਨਾਨਕ ਸਟੇਡੀਅਮ ਵਿਖੇ ਰੰਗਾਰੰਗ ਪ੍ਰੋਗਰਾਮ ਨਾਲ ਸਮਾਪਤ

ਮੁੱਖ ਮੰਤਰੀ ਭਗਵੰਤ ਮਾਨ ਨੇ ਖੇਡਾਂ ਦੇ ਖੇਤਰ ਵਿੱਚ ਸੂਬੇ ਦੀ ਪੁਰਾਤਨ ਸ਼ਾਨ ਬਹਾਲ ਕਰਨ ਦਾ ਅਹਿਦ ਲਿਆ

 ਲੁਧਿਆਣਾ,17 ਨਵੰਬਰ (ਗੁਰਕੀਰਤ ਜਗਰਾਉਂ /ਮਨਜਿੰਦਰ ਗਿੱਲ) ਅਗਲੇ ਸਾਲ ਮੁੜ ਮਿਲਣ ਦੇ ਵਾਅਦੇ ਨਾਲ ਲਗਪਗ ਤਿੰਨ ਮਹੀਨਿਆਂ ਤੱਕ ਚੱਲਿਆ ਖੇਡ ਮੇਲਾ 'ਖੇਡਾਂ ਵਤਨ ਪੰਜਾਬ ਦੀਆਂ’ ਗੁਰੂ ਨਾਨਕ ਸਟੇਡੀਅਮ ਵਿਖੇ ਰੰਗਾਰੰਗ ਪ੍ਰੋਗਰਾਮ ਨਾਲ ਸਮਾਪਤ ਹੋ ਗਿਆ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਖੇਡਾਂ ਦੇ ਖੇਤਰ ਵਿੱਚ ਸੂਬੇ ਦੀ ਪੁਰਾਤਨ ਸ਼ਾਨ ਬਹਾਲ ਕਰਨ ਦਾ ਅਹਿਦ ਲਿਆ। ਇਨ੍ਹਾਂ ਖੇਡਾਂ ਦੌਰਾਨ ਰਾਜ ਪੱਧਰ 'ਤੇ ਸੋਨੇ, ਚਾਂਦੀ ਅਤੇ ਕਾਂਸੀ ਦੇ ਤਗਮੇ ਜਿੱਤਣ ਵਾਲੇ 9961 ਖਿਡਾਰੀਆਂ ਦੇ ਬੈਂਕ ਖਾਤਿਆਂ ਵਿੱਚ 6.85 ਕਰੋੜ ਰੁਪਏ ਦੀ ਰਾਸ਼ੀ ਡਿਜ਼ੀਟਲ ਤੌਰ 'ਤੇ ਤਬਦੀਲ ਕਰਨ ਤੋਂ ਬਾਅਦ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਸਾਰੇ ਖਿਡਾਰੀਆਂ ਨੂੰ ਇਨ੍ਹਾਂ ਖੇਡਾਂ ਦੀ ਸ਼ਾਨਦਾਰ ਸਫਲਤਾ ਲਈ ਵਧਾਈ ਦਿੱਤੀ। ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਕੋਨੇ-ਕੋਨੇ ਵਿੱਚ ਖੇਡ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਲਈ ਇਹ ਖੇਡਾਂ ਹਰ ਸਾਲ ਕਰਵਾਈਆਂ ਜਾਣਗੀਆਂ। ਮੁੱਖ ਮੰਤਰੀ ਨੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੂੰ ਵੀ ਇਨ੍ਹਾਂ ਖੇਡਾਂ ਨੂੰ ਸਫ਼ਲਤਾਪੂਰਵਕ ਢੰਗ ਨਾਲ ਨੇਪਰੇ ਚਾੜ੍ਹਨ ਲਈ ਵਧਾਈ ਦਿੱਤੀ।