ਪਾਰਟੀਆਂ ਨੂੰ ਮੁੱਢਲੀ ਪ੍ਰਕਾਸ਼ਿਤ ਫੋਟੋ ਵੋਟਰ ਸੂਚੀ ਦਾ ਇੱਕ-ਇੱਕ ਸੈੱਟ ਅਤੇ ਸੀ.ਡੀ. ਕਰਵਾਈ ਮੁਹੱਈਆ
ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਹਰੇਕ ਪੋਲਿੰਗ ਬੂਥ ਤੇ ਇੱਕ-ਇੱਕ ਬੂਥ ਲੈਵਲ ਏਜੰਟ ਨਿਯੁਕਤ ਕਰਨ-ਜ਼ਿਲ੍ਹਾ ਚੋਣ ਅਫ਼ਸਰ
ਮੋਗਾ, 9 ਨਵੰਬਰ (ਕੁਲਦੀਪ ਸਿੰਘ ਦੌਧਰ )ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਯੋਗਤਾ ਮਿਤੀ 01.01.2023 ਦੇ ਅਧਾਰ ਤੇ ਅੱਜ ਜ਼ਿਲ੍ਹਾ ਮੋਗਾ ਦੇ ਸਮੂਹ 4 ਵਿਧਾਨ ਸਭਾ ਚੋਣ ਹਲਕਿਆਂ ਵਿੱਚ ਸਬੰਧਤ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ ਵੱਲੋਂ ਵੋਟਰ ਸੂਚੀ ਦੀ ਮੁੱਢਲੀ ਪ੍ਰਕਾਸ਼ਨਾ ਕਰ ਦਿੱਤੀ ਗਈ ਹੈ।ਜ਼ਿਲ੍ਹੇ ਦੀਆਂ ਸਮੂਹ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਨੂੰ ਮੁੱਢਲੀ ਪ੍ਰਕਾਸ਼ਿਤ ਫੋਟੋ ਵੋਟਰ ਸੂਚੀ ਦਾ ਇੱਕ-ਇੱਕ ਸੈਟ ਹਾਰਡ ਕਾਪੀ ਅਤੇ ਇੱਕ-ਇੱਕ ਸੀ. ਡੀ. ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਮੋਗਾ ਸ੍ਰ. ਕੁਲਵੰਤ ਸਿੰਘ ਵੱਲੋਂ ਦਿੱਤੀ ਗਈ।ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਮੋਗਾ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਪੈਂਦੇ ਸਮੂਹ ਵਿਧਾਨ ਸਭਾ ਚੋਣ ਹਲਕਿਆਂ ਵਿੱਚ ਕੁੱਲ 804 ਪੋਲਿੰਗ ਸਟੇਸ਼ਨ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿੱਚੋਂ ਨਿਹਾਲ ਸਿੰਘ ਵਾਲਾ ਵਿੱਚ 203, ਬਾਘਾਪੁਰਾਣਾ ਵਿੱਚ 82, ਮੋਗਾ ਵਿੱਚ 213 ਅਤੇ ਧਰਮਕੋਟ ਵਿੱਚ 206 ਪੋਲਿੰਗ ਸਟੇਸ਼ਨ ਮੌਜੂਦ ਹਨ।ਯੋਗਤਾ ਮਿਤੀ 1 ਜਨਵਰੀ, 2023 ਦੇ ਆਧਾਰ 'ਤੇ ਵੋਟਰ ਸੂਚੀ ਦੀ ਸਮਰੀ ਰਿਵੀਜ਼ਨ ਦੇ ਪ੍ਰੋਗਰਾਮ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਪ੍ਰੋਗਰਾਮ ਤਹਿਤ ਅੱਜ ਵੋਟਰ ਸੂਚੀ ਦੀ ਮੁੱਢਲੀ ਪ੍ਰਕਾਸ਼ਨ ਕਰ ਦਿੱਤੀ ਗਈ ਹੈ। ਅੱਜ ਤੋਂ 8 ਦਸੰਬਰ, 2022 ਤੱਕ ਦਾਅਵੇ ਅਤੇ ਇਤਰਾਜ ਪ੍ਰਾਪਤ ਕੀਤੇ ਜਾਣਗੇ। ਬੀ.ਐਲ.ਓਜ਼ ਵੱਲੋਂ ਦਾਅਵੇ ਅਤੇ ਇਤਰਾਜ ਪ੍ਰਾਪਤ ਕਰਨ ਲਈ 19 ਨਵੰਬਰ, 20 ਨਵੰਬਰ, 3 ਦਸੰਬਰ, 4 ਦਸੰਬਰ ਨੂੰ ਸਪੈਸ਼ਲ ਮੁਹਿੰਮ ਵੀ ਚਲਾਈ ਜਾਵੇਗੀ ਜਿੱਥੇ ਕਿ ਰਾਜਨੀਤਿਕ ਪਾਰਟੀਆਂ ਦੇ ਬੂਥ ਲੈਵਲ ਏਜੰਟ ਵੀ ਉਪਸਥਿਤ ਹੋਣਗੇ। 26 ਦਸੰਬਰ ਨੂੰ ਇਨ੍ਹਾਂ ਦਾਅਵੇ ਅਤੇ ਇਤਰਾਜਾਂ ਦਾ ਨਿਪਟਾਰਾ ਕੀਤਾ ਜਾਵੇਗਾ। ਡਾਟਾਬੇਸ ਦੀ ਅਪਡੇਸ਼ਨ, ਫੋਟੋਆਂ ਡਾਟਾਬੇਸ ਵਿੱਚ ਸ਼ਾਮਿਲ ਕਰਨ, ਕੰਟਰੋਲ ਟੇਬਲ ਅਪਡੇਸ਼ਨ, ਅਨੁਪੂਰਕ ਸੂਚੀਆਂ ਦੀ ਤਿਆਰੀ ਅਤੇ ਛਪਾਈ ਦਾ ਕੰਮ ਮਿਤੀ 3 ਜਨਵਰੀ, 2022 ਨੂੰ ਕੀਤਾ ਜਾਵੇਗਾ। ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾ 5 ਜਨਵਰੀ, 2023 ਨੂੰ ਕਰ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਨਵੇਂ ਵੋਟਰ ਬਣਨ ਦੀ ਯੋਗਤਾ ਰੱਖਣ ਵਾਲੇ ਲੜਕੇ ਅਤੇ ਲੜਕੀਆਂ ਸਾਲ ਵਿੱਚ ਚਾਰ ਵਾਰ 01 ਜਨਵਰੀ, 01 ਅਪ੍ਰੈਲ, 01 ਜੁਲਾਈ ਅਤੇ 01 ਅਕਤੂਬਰ ਤੋਂ ਜਿੰਨ੍ਹਾਂ ਦੀ ਉਮਰ 18 ਸਾਲ ਹੈ ਜਾਂ ਇਸ ਤੋਂ ਵੱਧ ਹੈ ਅਤੇ ਵੋਟ ਨਹੀਂ ਬਣੀ ਹੈ, ਆਪੋ ਆਪਣੀ ਵੋਟ ਬਣਾ ਸਕਣਗੇ।ਉਨ੍ਹਾਂ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਨੇ ਦੇਸ਼ ਦੀਆਂ ਸਾਰੀਆਂ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਨੂੰ ਸਹੂਲਤ ਦਿੱਤੀ ਹੈ ਕਿ ਉਹ ਹਰੇਕ ਪੋਲਿੰਗ ਬੂਥ ਤੇ ਆਪਣਾ ਇੱਕ-ਇੱਕ ਬੂਥ ਲੈਵਲ ਏਜੰਟ (ਬੀ.ਐਲ.ਏ.) ਨਿਯੁਕਤ ਕਰ ਸਕਦੇ ਹਨ, ਜੋ ਕਿ ਬੀ.ਐਲ.ਓ ਨੂੰ ਉਸਦੇ ਕੰਮ ਵਿੱਚ ਸਹਾਇਤਾ ਕਰੇਗਾ। ਸਮੂਹ ਰਾਜਨੀਤਿਕ ਪਾਰਟੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੀ-ਆਪਣੀ ਪਾਰਟੀ ਵੱਲੋਂ ਹਰੇਕ ਪੋਲਿੰਗ ਬੂਥ ਵਾਸਤੇ ਬੂਥ ਲੈਵਲ ਏਜੰਟ ਨਿਯੁਕਤ ਕਰਕੇ ਚੋਣ ਹਲਕੇ ਵਾਈਜ ਸੂਚੀ ਇਸ ਦਫ਼ਤਰ ਅਤੇ ਸਬੰਧਤ ਚੋਣਕਾਰ ਰਜਿਸਟਰੇਸ਼ਨ ਅਫਸਰਾਂ ਦੇ ਦਫਤਰਾਂ ਨੂੰ ਭੇਜ ਦੇਣ।