You are here

ਖੇਤੀਬਾੜੀ ਵਿਭਾਗ ਵੱਲੋਂ ਪਿੰਡ ਤਿਓਣਾ ਪੁਜਾਰੀਆਂ ਵਿਖੇ ਲਾਇਆ ਜਾਗਰੂਕਤਾ ਕੈਂਪ

ਤਲਵੰਡੀ ਸਾਬੋ, 23 ਸਤੰਬਰ (ਗੁਰਜੰਟ ਸਿੰਘ ਨਥੇਹਾ)- ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ, ਪੰਜਾਬ ਦੇ ਖੇਤੀਬਾੜੀ ਅਧਿਕਾਰੀਆਂ ਵੱਲੋਂ ਪਿੰਡਾਂ ਵਿੱਚ ਜਾ ਕੇ ਫ਼ਸਲਾਂ ਦਾ ਸਰਵੇਖਣ ਕੀਤਾ ਜਾ ਰਿਹਾ ਹੈ ਅਤੇ ਸਮੇਂ ਮੁਤਾਬਿਕ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਮੁੱਖ ਖੇਤੀਬਾੜੀ ਅਫਸਰ ਡਾ. ਦਿਲਬਾਗ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਤੇ ਡਾ. ਬਲਜੀਤ ਸਿੰਘ ਬਰਾੜ ਖੇਤੀਬਾੜੀ ਅਫਸਰ, ਬਲਾਕ ਤਲਵੰਡੀ ਸਾਬੋ ਜੀ ਦੀ ਯੋਗ ਅਗਵਾਈ ਹੇਠ ਅੱਜ ਸਰਕਲ ਮਲਕਾਣਾ ਦੇ ਇੰਚਾਰਜ ਖੇਤੀਬਾੜੀ ਵਿਕਾਸ ਅਫਸਰ ਡਾ. ਗੁਰਕੰਵਲ ਸਿੰਘ ਵੱਲੋਂ ਪਿੰਡ ਤਿਓਣਾ ਪੁਜਾਰੀਆਂ ਵਿਖੇ ਸਾਉਣੀ ਦੀਆਂ ਫਸਲਾਂ ਵਿੱਚ ਸਮੇਂ ਦੀ ਨਿਜਾਕਤ ਦੇ ਹਿਸਾਬ ਨਾਲ ਸਿਫਾਰਿਸ਼ ਕੀਤੀਆਂ ਅਤੇ ਨਰਮੇ ਦੇ ਕੀੜੇ-ਮਕੌੜੇ ਜਿਵੇਂ ਚਿੱਟੇ ਮੱਛਰ ਅਤੇ ਗੁਲਾਬੀ ਸੁੰਡੀ ਸਬੰਧੀ ਕਿਸਾਨਾਂ ਨੂੰ ਜਾਗਰੂਕ ਕੀਤਾ। ਨਰਮੇ ਦੇ ਆਖਰੀ ਪੜਾਅ ਵਿੱਚ ਚਿੱਟੇ ਮੱਛਰ ਤੋਂ ਇਲਾਵਾ ਕਿਸਾਨਾਂ ਨੂੰ ਗੁਲਾਬੀ ਸੁੰਡੀ ਦੇ ਹਮਲੇ ਬਾਰੇ ਵੀ ਸੁਚੇਤ ਰਹਿਣ ਲਈ ਕਿਹਾ ਅਤੇ ਲਗਾਤਾਰ ਰੋਜਾਨਾ ਦੀ ਤਰ੍ਹਾਂ ਸਰਵੇਖਣ ਕਰਦੇ ਰਹਿਣ। ਮਾਹਿਰਾਂ ਨੇ ਕਿਹਾ ਕਿ 13:0:45 ਦੀ ਸਪਰੇਅ ਮੁਕੰਮਲ ਕੀਤੀ ਜਾਵੇ। ਖੇਤੀਬਾੜੀ ਉਪ ਨਰੀਖਕ ਰਣਬੀਰ ਸਿੰਘ ਨੇ ਝੋਨੇ ਦੀ ਫਸਲ ਦੇ ਨਾਲ-ਨਾਲ ਮਿੱਟੀ ਤੇ ਪਾਣੀ ਦੀ ਸੰਭਾਲ ਨੂੰ ਵੀ ਪਹਿਲ ਦੇਣ ਲਈ ਕਿਹਾ। ਇਸ ਦੇ ਨਾਲ ਹੀ ਡਾ. ਬਲਤੇਜ ਸਿੰਘ ਗੁੰਮਟੀ ਨੇ ਝੋਨੇ ਦੀ ਪਰਾਲ਼ੀ ਦੀ ਸਾਂਭ ਸੰਭਾਲ ਸਬੰਧੀ ਜਾਗਰੂਕ ਕੀਤਾ। ਫ਼ਸਲਾਂ ਦੇ ਮਿਆਰੀ ਬੀਜ ਪੈਦਾ ਕਰਨ ਤੇ ਬੀਜ ਸੋਧ ਸਬੰਧੀ ਵਿਸਥਾਰ ਵਿੱਚ ਦੱਸਿਆ।   ਅਖੀਰ ਵਿੱਚ ਪੁਰਨੂਰ ਸਿੰਘ ਅਤੇ ਬਲਦੀਪ ਸਿੰਘ ਖੇਤੀਬਾੜੀ ਉਪਨਰੀਖਕ  ਵੱਲੋਂ ਧੰਨਵਾਦ ਕਰਦਿਆ ਕਿਸਾਨਾਂ ਨੂੰ ਮਹਿਕਮੇ ਨਾਲ ਤਾਲਮੇਲ ਬਣਾ ਕੇ ਰੱਖਣ ਲਈ ਕਿਹਾ ਗਿਆ। ਗੁਰਜੀਤ ਸਿਘ ਖੇਤੀਬਾੜੀ ਉਪਨਰੀਖਕ ਅਤੇ ਬਲਕੌਰ ਸਿੰਘ ਸੇਵਾਦਾਰ ਹਾਜ਼ਰ ਸਨ।