ਲੋਕ ਗੂੜ੍ਹੀ ਨੀਂਦੇ
ਸੌਂ ਗਏ ਨੇ
ਜਾਂ ਸੁਲਾ ਦਿੱਤੇ ਨੇ!
ਸਵੇਰੇ ਉੱਠ ਕੇ
ਚਾਹ ਦੀ ਚੁਸਕੀ ਨਾਲ
ਅਖਬਾਰ ਪੜ੍ਹਨ ਦੀ,
ਚੈਨਲ ਵੇਖਣ ਦੀ,
ਚੇਸਟਾ ਮੱਧਮ
ਪੈ ਗਈ ਆ!
ਉਹ ਕਰੋੜਾਂ ਦੇ
ਘਪਲਿਆਂ ਨੂੰ
ਸਨਸਨੀ ਖਬਰ
ਨਹੀਂ ਮੰਨਦੇ!
ਨਾ ਹੀ
ਨਸ਼ਿਆਂ ਨਾਲ
ਮਰਦੇ ਗੱਭਰੂ
ਉਨ੍ਹਾਂ ਲਈ
ਖਾਸ ਖਬਰ ਹੁੰਦੀ ਆ !
ਅਖਬਾਰ ਦੇ
ਪਹਿਲੇ ਪੰਨੇ 'ਤੇ
ਛਾਇਆ
ਸ਼ਰੇ-ਬਜਾਰ
ਹੋਏ ਕਤਲ
ਦੀ ਖਬਰ
ਉਨ੍ਹਾਂ ਦੇ ਚਿਹਰਿਆਂ 'ਤੇ
ਉਦਾਸੀ ਦੀ ਝਲਕ
ਨਹੀਂ ਲਿਆਂਉਂਦੀ,
ਸਗੋਂ -
ਇੱਕ ਆਮ ਜਿਹੀ
ਖਬਰ ਤੋਂ ਵੱਧਕੇ
ਕੁੱਝ ਨਹੀਂ ਹੁੰਦੀ !
ਬਸ-
ਜੀਹਦਾ ਮਰਦਾ
ਉਹੀ ਰੋਂਦਾ!
ਜੀਹਦਾ ਡੁੱਬਦਾ
ਉਹੀ ਡੁੱਸਦਾ!
ਬਾਕੀ ਸੌਂ ਜਾਂਦੇ ਨੇ!
ਜਾਂ ਸੁਲਾ ਦਿੱਤੇ ਨੇ!
ਜਿਵੇਂ -
ਲੰਬੀ ਬੀਮਾਰੀ 'ਤੇ
ਦਵਾ ਬੇ-ਅਸਰ
ਹੁੰਦੀ ਆ,
ਤਿਵੇਂ -
ਘਪਲਿਆਂ ਦੀ
ਲ਼ੜੀ ਨੇ !
ਕਤਲਾਂ ਦੀ
ਝੜੀ ਨੇ!
ਸੱਭ ਨੂੰ
ਗੂੜ੍ਹੀ ਨੀਂਦੇ
ਸੁਲਾ ਦਿੱਤਾ!
ਹੁਣ ਤਾਂ
ਚੋਰਾਂ ਨੂੰ ਵੇਖ ਕੇ
ਗਲੀ ਦੇ ਕੁੱਤੇ
ਵੀ ਨ੍ਹੀਂ ਭੌੰਕਦੇ!
ਜੇ ਭੌਂਕਣ ਵੀ
ਬੁੱਰਕੀ
ਸੁੱਟਣ 'ਤੇ
ਪੂਛ ਹਿਲਾਉੰਦੇ ਨੇ!
ਗੂੜ੍ਹੀ ਨੀਂਦੇ
ਜਾ ਸੌਂਦੇ ਨੇ!
-ਸੁਖਦੇਵ ਸਲੇਮਪੁਰੀ
09780620233
28 ਅਗਸਤ, 2022.